Friday, December 11, 2009

ਖ਼ਬਰ ਲਿਆਓ !

ਚਰਨਜੀਤ ਸਿੰਘ ਤੇਜਾ
ਮੇਰੇ ਬੇਲੀਓ, ਮੇਰੇ ਯਾਰੋ
ਮਿੱਤਰੋ ਮੇਰਾ ਕੰਮ ਤਾਂ ਸਾਰੋ
ਕਤਲ ਕਰੋ ਜਾਂ ਡਾਕਾ ਮਾਰੋ
ਮੇਰੀ ਕਾਰਗੁਜ਼ਾਰੀ ਸੁਧਾਰੋ।
ਮੈਨੂੰ ਮਿਲ ਜੂ ਇਕ ਖ਼ਬਰ
ਹੋਜੂ ਮਸ਼ਹੂਰ ਨਾਲੇ ਆਪਣਾ ਨਗਰ।
...ਜਾਂ ਫਿਰ ਆਪਾਂ ਬਲਾਤਕਾਰ ਕਰੀਏ
ਭੁੱਖੇ ਕੈਮਰੇ ਦਾ ਢਿੱਡ ਭਰੀਏ
ਬ੍ਰੇਕਿੰਗ ਨਿਊਜ਼ ਬਣਜੇ ਜਿਹੜੀ
ਐਸੀ ਕਹਾਣੀ ਆਪਾਂ ਘੜੀਏ।
!ਕਾਸ਼! ਲਾਲਿਆਂ ਦੀ ਕੁੜੀ ਭੱਜ ਜਾਵੇ
ਮਸੀਤੇ ਜਾ ਕੇ ਨਿਕਾਹ ਕਰਵਾਵੇ
ਮੇਰੀ ਰਿਪੋਰਟਿੰਗ ਰੰਗ ਲਿਆਵੇ
ਵਾਰ ਵਾਰ ਮੇਰੀ ਫੋਟੋ ਆਵੇ।
ਜਾਂ ਤਾਇਆ ਸ਼ਾਮੀਂ ਪੀ ਕੇ ਆਵੇ
ਤਾਈ ਦਾ ਚੰਗਾ ਕੁਟਾਪਾ ਲਾਵੇ
ਕੰਧ ਉਤੇ ਮੈਂ ਰੱਖਾਂ ਕੈਮਰਾ
ਵੂਮੈਨ ਸੈੱਲ ਤੱਕ ਗੱਲ ਪੁੱਜ ਜਾਵੇ।
ਸਟਿੰਗ ਓਪਰੇਸ਼ਨ ਦੀ ਜੁੱਗਤ ਬਣਾਓ
ਸ਼ਿਵ ਜੀ ਦੀ ਅੱਖ 'ਚ ਕੈਮਰਾ ਲਾਓ
ਬਈਆਂ ਕੋਲੋਂ ਮੰਗ ਕੇ ਤਮਾਕੂ ਖਾਵੇ
ਸਰਪੰਚ ਦਾ ਲਾਈਵ ਟੇਪ ਚਲਾਓ।
ਧੋਲੀ ਦਾੜ੍ਹੀ ਰੋਲ ਕੇ ਰੱਖ ਦੋ
ਨਾਲੇ ਘਰੇ ਲੜਾਈ ਪਾਓ।
ਕੋਈ ਮਰੇ ਭਲਾਂ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਪੁਲਿਸ ਕੁੱਟੇ ਜਾਂ ਕਰੇ ਕੋਈ ਦੰਗਾ
ਅਸੀਂ ਨਾ ਕਹੀਏ ਕਿਸੇ ਨੂੰ ਮੰਦਾ
ਚਾਰ ਕੁ ਘੰਟੇ ਰੌਲਾ ਪਾ ਕੇ
ਸਭ ਚੰਗਾ ਬਈ ਸਭ ਚੰਗਾ।
ਚੰਗੇ ਸਨ ਜੋ ਪਹਿਲਾਂ ਲੰਘੇ
ਗੁਰਮੁੱਖ ਸਿਓਂ ਜਿਹੇ ਸੂਲ਼ੀ ਟੰਗੇ
ਮੀਡੀਆ ਨਾ ਸ਼ਾਦੀ ਸਿਓਂ ਜਿਹਾ ਰੈ'ਗਿਆ
ਵੈਲੀ ਬਣ ਸਾਡੇ ਬਾਰ ਮੂਹਰੇ ਖੰਘੇ।
ਯਾਰ ਮੇਰੇ ਜੋ ਨਿੱਤ ਲੱਭਣ ਖਬਰਾਂ
ਸਭ ਦੀਆਂ 'ਤੇਜੇ' ਉੱਤੇ ਨਜ਼ਰਾਂ
ਕਿਧਰੇ ਪਤੰਦਰ ਖੂਹ ਵਿੱਚ ਡਿੱਗ ਜਾਵੇ
ਪ੍ਰਸ਼ਾਸਨ, ਮੀਡੀਆ, ਆਰਮੀ ਆਵੇ
ਹਰ ਚੈਨਲ 'ਤੇ ਖੱਪ ਫਿਰ ਪਾਈਏ
56 ਘੰਟੇ ਲਾਈਵ ਚਲਾਈਏ।
ਮੈੱਸਜ ਕਰੋ, ਨਾ ਕਰੋ ਦੁਆਵਾਂ
ਲਾਸ਼ ਕੱਢ ਹਮਦਰਦੀ ਪਾਈਏ।
ਫਿਰ ਭੋਗ ਮੁਕਾਣਾ ਲਾਈਵ ਹੀ ਚੱਲਣ
ਲੀਡਰ-ਅਧਿਕਾਰੀ ਸਕਰੀਨਾਂ ਮੱਲਣ
'ਤੇਜਾ' ਮੋਸਟ-ਪਾਪੂਲਰ ਬਣਾ ਕੇ
ਪ੍ਰੈਸ ਕੱਲਬ 'ਚ ਫੋਟੋ ਲਾ ਕੇ
ਉੱਤੇ ਹਾਰ ਫੁੱਲਾਂ ਦਾ ਪਾ ਕੇ
ਮੇਰੇ ਬਾਪੂ ਨੂੰ ਚੈੱਕ ਦਿਵਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ
ਨਗਰ ਆਪਣੇ ਦਾ ਨਾਂ ਚਮਕਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ।
(ਇਹ ਕਵਿਤਾ ਕੋਈ 4 ਕੁ ਸਾਲ ਪਹਿਲਾ ਪੱਤਰਕਾਰੀ ਦੀ ਪੜਾਈ ਦੌਰਾਨ ਲਿਖੀ ਗਈ ਸੀ। ਸੋ ਪਾਤਰ ਪੁਰਾਣੇ ਹੋ ਚੁਕੇ ਹਨ ਜਿਵੇਂ ਪ੍ਰਿੰਸ ਜੋ ਬੋਰ ‘ਚ ਡਿੱਗਣ ਕਰਕੇ ਚਰਚਿਤ ਹੋਇਆ ਸੀ)_

Read more...

Tuesday, December 8, 2009

ਗ਼ਲਤ ਕਠਪੁਤਲੀਆਂ ‘ਤੇ ਨਿਸ਼ਾਨਾ

ਇਹ ਲੇਖ ਰੂਪੀ ਟਿਪਣੀ ਬਾਈ ਦਵਿੰਦਰਪਾਲ ਵਲੋਂ ਹੇਠਾਂ ਲਿਖੇ ਲੇਖ ‘ਤੇ ਕੀਤੀ ਗਈ ਹੈ।ਪੰਜਾਬੀ ਦੇ ਇਲੈਕਟ੍ਰਨਿਕ ਮੀਡੀਏ ‘ਚ ਸਥਾਪਤ ਲੋਕਾਂ ਚੋਂ ਦਵਿੰਦਰਪਾਲ ਵਰਗਾ ਕੋਈ ਹੋਰ ਦੂਜਾ ਬੰਦਾ ਮੈਨੂੰ ਨਹੀਂ ਟੱਕਰਿਆ।ਬਾਈ ਦੇ ਨਾਲ ਰਹਿੰਦਿਆ ਬਹੁਤ ਕੁਝ ਸਿੱਖਿਆ ਵੀ ਤੇ ਸਮਜਿਆ ਵੀ।ਕਿਹਾ ਜਾ ਸਕਦਾ ਹੈ ਕਿ ਉਸ ਦੀ ਕੋਈ ਗੱਲ ਐਂਵੇ ਤੇ ਸੁੱਟ ਪਾਉਣ ਵਾਲੀ ਨਹੀਂ ਹੁੰਦੀ।ਭਾਵੇ ਕਿ ਹੇਠਲਾ ਲੇਖ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਦੀ ਪੜਚੋਲ ਸੀ ਤੇ ਨਿਸ਼ਾਨਾ ਕਠਪੁਤਲੀਆਂ ਤੇ ਨਹੀਂ ਸਗੋਂ ਪਰਦੇ ਉਹਲੇ ਬਜ਼ੀਗਰਾਂ ‘ਤੇ ਸੀ। ਬਈਏ ਚਰਚਾ ‘ਚ ਸਨ ਸੋ ਚਰਚਾ ਕਰਨੀ ਜਰੂਰੀ ਸਮਝੀ। ਕੁਝ ਹੋਰ ਵੀ ਇਤਰਾਜ ਫੋਨ ਰਾਹੀਂ ਆਏ ।ਪੱਤਰਕਾਰ ਅਵਤਾਰ ਸਿੰਘ ਦਾ ਪੱਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਸਾਡਾ ਪੱਖ ਲੇਖ ਦੇ ਹੇਠਾਂ ਟਿਪਣੀਆਂ ‘ਚ ਦਰਜ਼ ਹੈ। ਤੇਜਾ

ਦਵਿੰਦਰ ਪਾਲ
ਤੇਜੇ ਵੈਸੇ ਤੇ ਤੈਨੂੰ ਆਸ ਹੋਣੀ ਏ ਮੇਰੇ ਵਰਗਿਆਂ ਤੋਂ ਤੇਰੇ ਵੱਲੋਂ ਭਈਆ ਸ਼ਬਦ ਦੇ ਨਾਂਹ ਪੱਖੀ ਇਸਤੇਮਾਲ ‘ਤੇ ਵਿਰੋਧ ਆਉਣ ਦੀ…. ਫੇਰ ਵੈਸੇ ਵੀ ਇਹ ਸ਼ਬਦ ਖੁਦ ‘ਚ ਹੀ ਨਾਂਹ ਪੱਖੀ ਹੈ, ਸਹੀ ਸ਼ਬਦ ਪ੍ਰਵਾਸੀ ਮਜ਼ਦੂਰ ਹੈ। ਖ਼ੈਰ ਇਸੇ ਲਈ ਤੁਸੀਂ ਰੱਬ ਤਰਸੀ, ਮਨੁੱਖ ਤਰਸੀ ਸਾਰੇ ਦਾਇਰਿਆਂ ਨੂੰ ਘੇਰ ਕੇ ਵੀ ਨਾਂਹ ਪਾ ਹੀ ਦਿੱਤੀ ਕਿ ਸਾਰੇ ਪੱਖ ਸੋਚ ਕੇ ਵੀ ਇਹਨਾਂ ਦਾ ਪੰਜਾਬ ‘ਚ ਵਸੇਬਾ ਪੰਜਾਬ ਪੱਖੀ ਨਹੀਂ ਹੈ। ਆਪਾਂ ਭੰਨੇ ਹੈਗੇ ਆਂ, ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਆਪਣੇ ਵਸ ਵੀ ਨੀਂ ਹੋਣ ਵਾਲਾ। ਪਹਿਲੀ ਗੱਲ ਤਾਂ ਜੇ ਨਹੀਂ ਸਹਿ ਸਕਦੇ ਤਾਂ ਓਹਨਾਂ ਨੂੰ ਨਾਂ ਸਹੋ ਕਿ ਜਿਹੜੇ ਕਠਪੁਤਲੀਆਂ ਨਚਾ ਰਹੇ ਨੇ….. ਹੁਣ ਅੱਗੇ ਜਾਣ ਤੋਂ ਪਹਿਲਾਂ ਫੇਰ ਤੇਰੀ ਸਿਆਣਪ ‘ਤੇ ਵਾਪਿਸ ਆਉਨਾ ਕਿ ਤੂੰ ਓਹਨਾਂ ‘ਤੇ ਨਿਸ਼ਾਨਾ ਵੀ ਸਾਧਿਐ ਪਰ ਅਸਲ ਨਿਸ਼ਾਨੇ ‘ਤੇ ਰਿਹਾ ਤੇਰਾ ਭੱਈਆ ਤੇ ਮੇਰਾ ਪ੍ਰਵਾਸੀ ਮਜ਼ਦੂਰ ।ਆਮ ਪੰਜਾਬੀਆਂ ਵਾਂਗ ਓਹਨਾਂ ਕਠਪੁਤਲੀ ਚਲਾਉਣ ਵਾਲਿਆਂ ਬਰਾਬਰ ਨਾਂ ਤਾਂ ਖੁਦ ਨੂੰ ਡਿਫੈਂਡ ਕਰ ਸਕਦੈ ਤੇ ਨਾਂ ਹੀ ਇਸ “ਵਰਤੇ” ਜਾਣ ਦੀ ਸਿਆਸਤ ਨੂੰ ਸਮਝ ਸਕਦਾ ਹੈ….. ਕਾਰਨ ਵੀ ਸਾਫ ਹੈ ਕਿਉਂਕਿ ਓਹ ਵੀ ਆਮ ਪੰਜਾਬੀਆਂ ਵਾਂਗ ਸਿਰਫ ਮਨੁੱਖ ਹਨ ਕੋਈ ਘਾਗ ਸਿਆਸਤਦਾਨ ਨਹੀਂ। ਖ਼ੈਰ ਜਦੋਂ ਵਾਪਸ ਗੱਲ ਪ੍ਰਵਾਸੀ ਮਜ਼ਦੂਰ ਨੂੰ ਨਾਂ ਸਹਿਣ ਦੀ ਹੋਵੇ ਤਾਂ ਭੁੱਲਿਓ ਨਾਂ ਕਿ ਓਹਨਾਂ ਬਗ਼ੈਰ ਆਪਣਾ ਸਰਨਾ ਵੀ ਨਹੀਂ। ਚਰਨਜੀਤ ਸਿੰਘ ਤੇਜਾ ਸਿਆਣਾ ਪੱਤਰਕਾਰ ਹੈ ਤੇ ਕਲਮਨਵੀਸੀ ਕਰਨ ਲੱਗਿਆਂ ਇਸ ਤੱਥ ਨੂੰ ਵੀ ਮੰਨ ਗਿਐ, ਪਰ ਨਾਲ ਹੀ ਇਹਨਾਂ ਨੂੰ ਪੰਜਾਬੋਂ ਬਾਹਰ ਵੇਖਣ ਦਾ ਸੁਪਨਾ ਵੀ ਵੇਖੀ ਜਾਂਦੈ। ਮੈ ਤੀਜੇ ਕਾਂਡ ‘ਤੇ ਕੋਈ ਟਿੱਪਣੀ ਨੀ ਕਰਨੀ ਕਿਉਂਕਿ ਓਹ ਸਾਰਾ ਸੱਚ ਆ ਤੇ ਅਗਾਂਹ ਵੀ ਓਹੋ ਹੋਣਾ ਜੋ ਤੇਜਾ ਕਹੀ ਜਾਂਦਾ, ਪਰ ਹੁਣ ਓਸ ਸੁਪਨੇ ਦੀ ਗੱਲ ਕਰੀਏ ਜਿਹੜਾ ਮੇਰੇ ਹੋਰ ਵੀ ਕਈ ਨੇੜਲੇ ਮਿੱਤਰਾਂ ਨੂੰ ਆਈਡੀਅਲ ਸਮਾਜ ਦਾ ਆਧਾਰ ਲਗਦੈ ਕਿ ਪ੍ਰਵਾਸੀ ਮਜ਼ਦੂਰ ਕੱਢੋ ਤੇ ਪੰਜਾਬ ਸਾਫ ਹੋ ਜੂ, ਹਾਲਾਂਕਿ ਇਹ ਸੋਚ ਮਨੁੱਖ ਪੱਖੀ ਸੋਚ ਦੇ ਅਧਾਰ ‘ਤੇ ਇੱਕ ਪਾਸੜ ਤੇ ਅਨਿਆਪੂਰਨ ਐ, ਪਰ ਚਲੋ ਇੱਕ ਵਾਰ ਲਈ ਦੋਸਤਾਂ ਖ਼ਾਤਰ ਵਿਰੋਧ ਦੀ ਥਾਂ ਇਸੇ ਸੁਪਨੇ ਨੂੰ ਪੂਰਾ ਕਰਨ ਦੇ ਜ਼ਰੂਰੀ ਪੈਰਾਮੀਟਰ ਲੱਭ ਲਈਏ।
ਸਭ ਤੋਂ ਪਹਿਲੀ ਜ਼ਰੂਰਤ ਹੱਡ ਹਰਾਮੀ ਹੋ ਚੁੱਕੇ ਤੇ ਵਿਹਲੀਆਂ ਖਾਣ ਗਿੱਝੇ ਪੰਜਾਬੀਆਂ ਨੂੰ ਹੱਥੀ ਮਿਹਨਤ ਕਰਨੀ ਪਊ, ਖੇਤਾਂ ਤੇ ਫੈਕਟਰੀਆਂ ਵੱਲ ਖੁਦ ਮੋੜਾ ਪਾਉਣਾ ਪਊ ਤੇ ਹੱਡ ਭੰਨਵੀ ਮਿਹਨਤ ਕਰਨੀ ਪਊ।
ਪੰਜਾਬੀਆਂ ਨੂੰ ‘ਰਸਤੇ ਕਾ ਮਾਲ ਸਸਤੇ ਮੇਂ’ ਦੀ ਆਦਤ ਵੀ ਛੱਡਣੀ ਪਊ, ਕਿਉਂਕਿ 50 ਜਾਂ ਸੌ ਰੁਪਏ ਵਾਲੀ ਲੇਬਰ ਆਪਣੇ ਕੋਲ ਨੀ ਰਹਿਣੀ
ਮੱਥੇ ਤੇ ਮਹਾਰਾਜਿਆਂ ਦੇ ਮੁਕਟ ਵਾਂਗ ਐੱਨ.ਆਰ ਆਈ ਦਾ ਫੱਟਾ ਲਾਈ ਬੈਠੇ ਜਾਂ ਕਬੂਤਰ ਬਣੀ ਫਿਰਦੇ ਡਾਲਰਾਂ ਦੇ ਭੁੱਖਿਆਂ ਨੂੰ ਹੱਥੀ ਮਿਹਨਤ ਕਰਕੇ ਆਪਣੀ ਜ਼ਮੀਨ ‘ਤੇ ਕਮਾਈ ਕਰਨੀ ਵੀ ਪੈ ਸਕਦੀ ਹੈ ਕਿਉਂਕਿ ਓਹ ਮੁਲਕ ਵੀ ਏਧਰਲੇ ਭਈਆਂ (ਸਿਰਦਾਰ ਸ਼ਾਹਬ) ਨੂੰ ਸਵੀਕਾਰਨ ਤੋਂ ਇਨਕਾਰੀ ਹੋ ਸਕਦੇ ਨੇ, ਆਖ਼ਰ ਆਪਾਂ ਵੀ ਪੰਜਾਬੀ ਵੋਟਾਂ ਦੇ ਨਾਂ ‘ਤੇ ਓਹਨਾਂ ਦੀ ਐਹੀ ਤੈਹੀ ਫੇਰਦੇ ਆਂ ਤੇ ਏਥੇ ਆ ਕੇ ਬੜ੍ਹਕਾਂ ਮਾਰਦੇ ਆਂ ਬਈ ਹੁਣ ਤਾਂ ਲਗਦਾ ਕਨੇਡਾ ਵੀ ਪੰਜਾਬ ਵਰਗਾ’
ਜੇ ਆਹ “ਛੋਟੀਆਂ” ਜਿਹੀਆਂ ਸਮਝੌਤੀਆਂ ਕਰ ਲਓਂਗੇ ਤਾਂ ਜੀ ਸਦਕੇ ਪਰਵਾਸੀ ਮਜ਼ਦੂਰਾਂ ਬਗ਼ੈਰ ਪੰਜਾਬ ਦਾ ਸੁਪਨਾ ਵੇਖੋ।ਪਰ ਜੇ ਚਾਹੋ ਕਿ ਇਹ ਏਥੇ ਵੀ ਰਹਿਣ ਤੇ ਕੁਸਕਣ ਵੀ ਨਾਂ, ਸਾਡੇ ਘਰਾਂ ‘ਚ ਕੰਮ ਵੀ ਕਰਨ ਪਰ ਖਾਣ, ਪੀਣ, ਹੱਗਣ, ਮੂਤਣ, ਰੋਣ, ਹੱਸਣ, ਨੱਚਣ, ਟੱਪਣ ਕਿਸੇ ਐਸੇ ਥਾਂ ਜਿਹੜਾ ਸਾਨੂੰ ਨਜ਼ਰ ਨਾਂ ਆਵੇ ਤਾਂ ਇਹ ਨਾਮੁਮਕਿਨ ਐ।

Read more...

Monday, December 7, 2009

ਕਠਪੁਤਲੀ ਤਮਾਸ਼ਾ

ਚਰਨਜੀਤ ਸਿੰਘ ਤੇਜਾ
ਸੂਤਰਧਾਰਾ-ਅਣਗੌਲੇ ਜਿਹੇ ਪਿੰਡਾਂ ’ਚ ਪੈਦਾ ਹੋਏ, ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ‘ਚ ਪਲੇ, ਆਪਣੀ ਰੋਟੀ ਜੋਗੇ ਹੋਣ ਦੀ ਝਾਕ ‘ਚ ਬੀ.ਏ ਐਮ.ਏ ਕਰ , ਫੋਰ ਫਿਗਰ (4 figure) ਨੌਕਰੀ ਦੀ ਤਲਾਸ ‘ਚ ਭਟਕਦੇ ਅਸੀਂ ਲੋਕ ਜੇ ਕਿਸੇ ਸਿਅਸੀ ਸੂਝ ਦਾ ਦਾਅਵਾ ਕਰੀਏ ਤਾਂ ਆਪੇ ਨਾਲ ਮਜਾਕ ਹੀ ਹੋਵੇਗਾ।ਆਪਣੀ ਹੋਣੀਂ ਜਾਨਣ ਲਈ ਬਚਪਨ ਤੋਂ ਇੱਕ ਉਤਸੁਕਤਾ ਸਵਾਲਾਂ ‘ਚ ਜਾਹਿਰ ਹੁੰਦੀ ਕਿ ਮਨੁੱਖ ਦੀਆਂ ਬੁਨਿਆਦੀ ਲੋੜਾਂ ਸਾਡੇ ਲਈ ਮਸਲੇ ਤੇ ਮੁੱਦੇ ਕਿਵੇਂ ਬਣ ਗਏ? ਜਿੰਨਾਂ ਲਈ ਸੰਘਰਸ਼ ਕਰਨਾਂ ਪੈਦਾਂ ਹੈ, ਧਰਨਿਆਂ, ਮੁਜਾਹਰਿਆਂ ਤੋਂ ਚੱਲੀ ਗੱਲ ਗੋਲੀਕਾਂਡਾਂ ਤੇ ਪੁਲਿਸ ‘ਮੁਕਾਬਲਿਆਂ’ ਤੱਕ ਜਾਦੀ ਹੈ? ਕਿਸੇ ਸਿਆਣੇ ਨੇ 47 ਤੋਂ 94 ਤੱਕ ਦਾ ਇਤਿਹਾਸ ਸੁਣਾਉਦਿਆਂ ਦੱਸਿਆਂ ਸੀ ਕਿ ‘ਅਸੀ ਤਾਂ ਬੱਸ ਕਠਪੁਤਲੀਆਂ ਹੀ ਹਾਂ ਡੋਰਾਂ ਤੇ ਉਨ੍ਹਾਂ ਡਾਢਿਆਂ ਹੱਥ ਨੇ ਜੋ ਤਖਤਾਂ ਤੇ ਬੈਠੇ ਰਾਜ ਕਰਦੇ ਨੇ’। ਆਪਣੀ ਹੋਸ਼ ਹਵਾਸ਼ ਦੀ ਥੋੜੀ ਜਿਹੀ ਜ਼ਿੰਦਗੀ ‘ਚ ਕਠਪੁਤਲੀ ਤਮਾਸ਼ੇ ਦੇਖਦੇ ਰਹੇ ਹਾਂ ਤੇ ਆਸ ਹੈ ਕਿ ‘ਜੇ ਹਵਾ ਇਹੀ ਰਹੀ’ ਤਾਂ ਅੱਗੇ ਵੀ ਦੇਖਦੇ ਰਹਾਗੇ।
ਕਾਂਡ ਇੱਕ
(ਇਤਿਹਾਸ ਬੋਲਦਾ ਹੈ) ਰੋਜੀ-ਰੋਟੀ ਲਈ ਹੱਡਾਂ ਦਾ ਹੱਲ ਵਾਹੁੰਦੇ ਲੋਕਾਂ ਨੂੰ ਇਹ ਕਹਿ ਕੇ ਵਰਗਲਾ ਲਿਆ ਗਿਆ ਕਿ ਆਜ਼ਾਦੀ ਨਾਂ ਦੀ ਇੱਕ ਐਸੀ ਚੀਜ ਲਿਆਵਾਗੇ ਜੋ ਤੁਹਾਡੇ ਘਰਾਂ ਤੇ ਪਿੰਡਾਂ ਨੂੰ ਰੌਸ਼ਨ ਕਰ ਦੇਵੇਗੀ।ਪਰ ਪਹਿਲਾਂ ਆਜ਼ਾਦੀ ਦੀ ਮਿਸ਼ਾਲ ਤੁਹਾਡਾ ਖੂਨ ਮੰਗਦੀ ਹੈ ਜਦੋ ਜਗ ਪਈ ਤਾਂ ਚੁਫੇਰਾ ਰੁਸ਼ਨਾਂ ਦੇਵੇਗੀ।ਭੋਲੇ ਲੋਕਾਂ ਲਗਦੀ ਵਾਹ ਲਾ ਦਿਤੀ ਤੇ ਅਜ਼ਾਦੀ ਦੇਸ਼ ਦੇ ਵਿਹੜੇ ਲਿਆ ਖੜੀ ਕੀਤੀ। ਸਭ ਨੂੰ ਆਸ ਸੀ ਕਿ ਹੁਣ ਅਜ਼ਾਦੀ ਉਨ੍ਹਾਂ ਦੇ ਪਿੰਡੀ ਫੇਰਾਂ ਪਾ ਕੇ ਪਿੰਡ ਰੁਸ਼ਨਾਂ ਦੇਵੇਗੀ।ਪਰ ਆਜ਼ਾਦੀ ਤਾਂ ਭੈੜੀ ਬੜੀ ਮੂੰਹ-ਜ਼ੋਰ ਨਿਕਲੀ, ਲੱਗੀ ਮਾਰਨ ਛੱੜਪੇ,ਪਿੰਡਾਂ ਦੇ ਉੱਤੋਂ ਦੀ ਟੱਪਦੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ। ਅਜ਼ਾਦੀ ਨੇ ਸਿਰਫ ਉਨਾਂ ਮਹਿਲਾਂ ‘ਚ ਹੀ ਚਾਨਣ ਕੀਤਾਂ ਜਿਥੇ ਪਹਿਲਾਂ ਹੀ ਲੋਕਾਂ ਦੇ ਲਹੂ ਦੇ ਦੀਵੇ ਬਲਦੇ ਸਨ।ਜਿਸ ਆਜ਼ਾਦੀ ਦੀ ਰੋਸਨੀ ਦਿੱਲੀ ਦਾ ਬੈਰੀਅਰ ਟੱਪ ਯੂ.ਪੀ ‘ਚ ਨਾਂ ਵੜ੍ਹੀ ਉਨ੍ਹੇ ਬਿਹਾਰ,ਬੰਗਾਲ ਕਿਥੋਂ ਪਹੁੰਚਣਾਂ ਸੀ। ਚਾਨਣ ਲੱਭਦੇ ਲੋਕ ਇਧਰ ਉਧਰ ਭੱਜੇ,ਅਜ਼ਾਦੀ ਦੇ ਬਹੁਤੇ ਦੀਵਾਨੇ ਪੰਜਾਬੀ ਲੋਕ ‘ਪੱਛੀ ਲਾਉ ਏਸ ਅਜਾਦੀ ਨੂੰ’ਕਹਿ ਉਧਰ ਨੂੰ ਹੋ ਤੁਰੇ ਜਿਧਰ ਨੂੰ ਉਨ੍ਹਾਂ ਗੁਲਾਮੀ ਤੋਰੀ ਸੀ।ਦੇਸ਼ ਨੂੰ ਚਕਾਚੌਂਧ ਕਰਦਿਆਂ ਕਈ ਹੋਰਨਾਂ ਸੂਬਿਆਂ ਸਣੇ ਯੂ.ਪੀ ਬਿਹਾਰ ਦੇ ਕਈਆਂ ਘਰਾਂ ‘ਚ ਹਨੇਰਾਂ ਛਾਂ ਗਿਆ। ਪਤਾਂ ਨਹੀਂ ਕਿਸੇ ਨੇ ਪਰਦੇ ਉਹਲਿਓ ਉਗਲਾਂ ਹਿਲਾਈਆਂ ਜਾਂ ਰਿਜ਼ਕ ਭਾਲਦੇ ਇਹ ਹਨੇਰੀਆਂ ਕੋਠੜੀਆਂ ਦੇ ਵਾਸੀ ਆਪ ਮੁਹਾਰੇ ਹੀ ਧੁੰਦਲੇ ਪੰਜਾਬ ‘ਚ ਆ ਵੜ੍ਹੇ।

(ਅੱਜ ਦੱਸਦਾ ਹੈ) ਕਿ ਕਠਪੁਤਲੀਆਂ ਦੀ ਖੇਡ ‘ਚ ਇਹ (ਬਈਏ)ਅਹਿਮ ਕਠਪੁਤਲੀ ਏ ਜੋ ਸਭ ਦੀ ਅੱਖ ਵਿੱਚ ਹੈ (ਕਿਉਕਿ ਪਹਿਲੇ ਕਾਂਡ ‘ਚ ਉਹ ਸੜਕਾਂ ਤੇ ਸੀ)।ਸਰਬੱਤ ਦਾ ਭਲਾ,ਮਨੁੱਖਤਾ ਨਾਤੇ,ਰੱਬ ਤਰਸੀ,ਜੀਅ ਤਰਸੀ ਸਭ ਕੁਝ ਧਿਆਨ ‘ਚ ਰੱਖ ਕੇ ਵੀ ਬਈਆਂ ਦਾ ਪੰਜਾਬ ‘ਚ ਪੱਕਾ ਵਸੇਬਾ ਕਿਸੇ ਤਰਾਂ ਵੀ ਪੰਜਾਬ ਦੇ ਹੱਕ ‘ਚ ਨਹੀਂ।ਕਿਉਕਿ ਪਰਦੇ ਉਹਲੇ ਸ਼ਰਾਰਤੀ ਹੱਥ ਕਦੇ ਸੱਖਣੇ ਨਹੀਂ ਰਹਿੰਦੇ। ਅਸੀ ਨਿੱਤ ਮਾਰਾਂ ਸਹਿੰਦੇ,ਖੇਤੀ ਤੋਂ ਅਵਾਜਾਰ ਹੋਏ,ਥੁੜਦੇ ਸਾਧਨਾਂ ਦੇ ਭੰਨੇ ,ਸਟੇਟ ਦੀਆਂ ਵਧੀਕੀਆਂ ਦੇ ਸਤਾਏ,ਬਈਆਂ ਦਾ ਖਲਲ ਬਰਦਾਸ਼ਤ ਨਹੀਂ ਕਰ ਸਕਦੇ।
ਸੂਬੇ ‘ਚ ਮਜ਼ਦੂਰੀ ਕਰਨ ਜਾ ਕਿਸੇ ਵੀ ਕੰਮ ਆਏ ਕਿਸੇ ਬਾਹਰਲੇ ਦੇ ਜਾਨ ਮਾਲ ਦੀ ਰਾਖੀ ਸੂਬਾ ਸਰਕਾਰ ਦਾ ਤੇ ਸੂਬਾ ਵਾਸੀਆਂ ਦਾ ਫਰਜ਼ ਹੈ।ਪਰ ਜਾਨ ਮਾਲ ਦੀ ਰਾਖੀ ਨੂੰ ਮੁੱਦੇ ਬਣਾ ਕਿ ਕਿਵੇਂ ਸਿਆਸੀ ਲੋਕ ਬਈਆਂ ਨੂੰ ਵਰਤ ਗਏ ।ਇਹ ਸਾਰਾ ਕਠਪੁਤਲੀ ਤਮਾਸ਼ਾ ਭਵਿਖ ਦੀ ਇੱਕ ਝਲਕੀ ਹੈ ਕਿ ਬਈਏ ਕਿਵੇਂ ਕਿਵੇਂ ਵਰਤੇ ਜਾਣਗੇ।ਮਸਲਾ ਬਈਆਂ ਦਾ ਨਹੀਂ (ਕਿਉਕਿ ਕੰਮ ਸੱਭਿਆਚਾਰ ਨੂੰ ਤਿਆਗ ਰਹੇ ਪੰਜਾਬੀਆ ਤੇ ਵਿਕਾਸ ਲਈ ਮਜ਼ਦੂਰ ਦੀ ਲੋੜ ਤਾਂ ਸਦਾ ਬਣੀ ਰਹੇਗੀ)ਬਈਆਂ ਦੇ ਪਿਛਲੀ ਸਿਆਸਤ ਦਾ ਹੈ। ਜਿਸ ਸਬੰਧੀ ਕਿਸੇ ਰਣਨੀਤੀ ਲਈ ਪਿੜ੍ਹ ‘ਚ ਪੰਜਾਬੀਆਂ ਦੀ ਧਿਰ,ਆਗੂ ਸਮਝ ਤੇ ਦੂਰ ਦੀ ਸੋਚ ਤੋਂ ਸੱਖਣੀ ਹੈ।
ਕਾਂਡ 2

ਪੰਜਾਬ ‘ਚ ਸਿੱਖੀ ਭੇਖ ਵਾਲੇ ਤੇ ਸਰਬ ਧਰਮ ਸਾਂਝੀ ਦਿੱਖ ਵਾਲੇ ਵੱਡੇ ਡੇਰਿਆਂ ਤੇ ਰਸੂਖਦਾਰ ਸਾਧਾਂ ਪਿਛਲੀ ਸਜਿਸ਼ ਬਾਰੇ ਸ਼ਾਇਦ ਕਿਸੇ ਨੂੰ ਭੁਲੇਖਾਂ ਤਾਂ ਨਹੀਂ ਹੋਵੇਗਾ।ਡੇਰਿਆਂ ਦੇ ਹੋਰਨਾਂ ਲੁਕਵੇ ਮਨਸੂਬਿਆਂ ਤੋਂ ਇਲਾਵਾਂ ਇੱਕ ਵਡਾ ਮਨਸੂਬਾ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਤੇ ਦਲਿਤਾਂ ‘ਚ ਅਪਸੀ ਪਾੜਾ ਬਣਾਉਣਾਂ ਹੈ। ਕਿਉ ਕਿ ਇਸ ਨਾਲ ਸਟੇਟ ਦੇ ਕਈ ਮਕਸਦ ਹੱਲ ਹੰਦੇ ਹਨ। ਹਿੰਦੂ–ਸਿੱਖ ਫਿਰਕਾਪ੍ਰਸਤੀ ‘ਚ ਕੀ ਪੰਜਾਬੀ ਸਿੱਖਾਂ ਜਾਂ ਹਿੰਦੂਆਂ ਨੂੰ ਕੋਈ ਲਾਭ ਹੋਇਆ? ਅਸੂਤੋਸ਼ ਆਰ.ਐਸ.ਐਸ ਦੀ ਪਿਉਂਦ ਤੇ ਬੀਜੇਪੀ-ਬਾਦਲ ਲਾ ਲਾਇਆ ਬੂਟਾ ਹੈ। ਜਿਸ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦਿਖਾਉਣ ਵਾਲਾ ਚੈਨਲ ਆਸੂਤੋਸ਼ ਮਾਹਰਾਜ ਕਹਿ ਰਿਹਾ ਹੈ। ਸਿਤਮਜ਼ਰੀਫੀ ਦੇਖੋ ਜਿਸ ਚੈਨਲ ਦਾ ਤੋਰੀ ਫੁਲਕਾ ਗੁਰੂ ਘਰ ਤੋਂ ਚੱਲਦਾ ਹੈ ਉਹ ਸਿਅਸੀ ਅਕਾਵਾਂ ਦੇ ਅਕੀਦੇ ਤਹਿਤ ਗਰੂ ਘਰ ਦੇ ਵਿਰੋਧੀ ਨੂੰ ਵਡਿਆ ਰਿਹਾ ਹੈ।ਅਸੂਤੋਸ਼ ਦੇ ਪ੍ਰੋਗਰਾਮ ਨੂੰ ਰੋਕਣ ਲਈ ਸਿੱਖ ਜਥੇਬੰਦੀਆ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਕਈ ਦਿਨਾਂ ਤੱਕ ਤਰਲੇ ਕੱਢੇ। ਪਰ ਸੁਖਬੀਰ ਨੇ ਪ੍ਰੋਗਰਾਮ ਰੁਕਵਾਉਣ ਦੀ ਥਾਂ ਤੇ ਬਈਆਂ ਨੂੰ ਵਰਤਿਆਂ। ਪਰਚਾ ਨਾਂ ਦਰਜ਼ ਹੋਣ ਦੀ ਸਿਕਾਇਤ ਨੂੰ ਸੁਖਬੀਰ ਬਾਦਲ ਦੀ ਐੱਸ. ਓ. ਆਈ. ਤੇ ਅਕਾਲੀ ਦਲ ਦੇ ਯੂਥ ਵਿੰਗ ਨੇ ਏਨਾਂ ਚੱਕਿਆਂ ਕਿ ਸ਼ਹਿਰ ‘ਚ ਸਾੜ-ਫੂਕ ਤੋਂ ਬਾਅਦ ਗੱਲ ਕਰਫਿਊ ਤੇ ਸੀ.ਆਰ.ਪੀ ਐੱਫ ਤੱਕ ਆ ਗਈ। ਬਈਆਂ ਨੂੰ ਵਰਤ ਕੇ ਮਾਮਲੇ ਨੂੰ ਏਨਾਂ ਵਧਾਉਣਾ ਪਲੈਨ ਕੀਤਾ ਹੋਇਆ ਪ੍ਰੋਗਰਾਮ ਸੀ।ਜਿਸ ਦਾ ਮਕਸਦ ਪੁਲਿਸ ਦੀ ਨਫਰੀ ਵਧਾ ਕੇ ਆਸੂਤੋਸ਼ ਦੇ ਪ੍ਰੋਗਰਾਮ ਨੂੰ ਕਰਵਾਉਣਾਂ ਹੀ ਸੀ। ਜਿਸ ਲਈ ਵੱਡੇ ਰੈਂਕਾਂ ਦੇ ਕਈ ਪੁਲਸ ਅਫਸਰ ਤਾਇਨਾਤ ਕੀਤੇ ਗਏ। ਲੁਦਿਆਣੇ ਦੀਆਂ ਸੜਕਾਂ ਤੇ ਲਗਾਤਾਰ ਦੋ ਦਿਨ ਕਠਪੁਤਲੀ ਨਾਚ ਹੋਇਆ ਤੇ ਤਮਾਸ਼ੇ ਪਿਛੋਂ ਪੈਸੇ ਵੀ ਸੁੱਟੇ ਗਏ। ਭਾਈਵਾਲਾਂ ਦੇ ਏਜੰਡੇ ਨੂੰ ਲਾਗੂ ਕਰਨ ਦਾ ਆਹਿਦ ਕਰ ਚੁਕੀ ਬਾਦਲ ਪਾਰਟੀ ਦੀ ਪਨਾਹਗਾਹ ਐੱਸ.ਜੀ.ਪੀ.ਸੀ.ਦੇ ਪ੍ਰਧਾਨ ਤੇ ਸਰਕਾਰ ਨੇ ਸਾਰੇ ਤਮਾਸੇ ਪਿਛੋਂ ਲਾਸ਼ ‘ਤੇ ਪੈਸੇ ਵਾਰੇ।
ਦੂਜੇ ਪਾਸੇ ਡੇਰਵਾਦ ਵਿੱਰੁਧ ਸੰਨ 78 ਵਾਲ ਰਵਾਇਤੀ ਢੰਗ ਨਾਲ ਲੜ੍ਹ ਰਹੇ ਦੂਰ ਦੀ ਸੋਚ ਤੋਂ ਹੀਣੇ ਸਿੱਖ ਆਗੂਆਂ ਕੋਲ ਵੀ ਲੋਕਾਂ ਨੂੰ ਬਲਦੀ ਦੇ ਬੂਥੇ ਦੇ ਕੇ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਬਾਦਲਕਿਆਂ ਦੀ ਸਰਕਾਰ ਬਚਾਉਣ ਲਈ ਸਮਝੋਤਾ ਕਰ ਲੈਣ ਤੋਂ ਅਗਲੀ ਕੋਈ ਸੋਚ ਨਜ਼ਰੀ ਨਹੀਂ ਆਉਦੀ।ਕਿਉਕਿ ਡੋਰਾਂ ਤਾਂ ਏਨਾਂ ਦੀਆਂ ਵੀ ਅੱਖਾਂ ਤੋਂ ਉਹਲੇ ਹੀ ਕਿਸੇ ਫੜੀਆਂ ਹੋਈਆ ਹਨ।
ਕਾਂਡ 3

ਇਹਨਾਂ ਨਚਦੀਆਂ ਕਠਪੁਤਲੀਆਂ ਚੋਂ ਸਭ ਤੋਂ ਦਿਲਚਸਪ ਖੇਡ ਜਥੇਦਾਰਾਂ ਦਾ ਨਾਚ ਹੁੰਦੀ ਹੈ । ਸੱਚੇ ਸੌਦੇ ਵਾਰੀ ਪੰਥ ਇਨਾਂ ਦਾ ਨਾਚ ਬੜੀ ਚੰਗੀ ਤਰਾਂ ਦੇਖ ਚੁਕਾ ਹੈ।ਜਥੇਦਾਰ ਐਸੀ ਕਠਪੁਤਲੀ ਹੈ ਜਿਸ ਨੂੰ ਪੰਜਾਬ ਦੇ ਧਰਾਤਲ ਤੇ ਖੇਡੀ ਜਾਣ ਵਾਲੀ ਕਿਸੇ ਵੀ ਖੇਡ ‘ਚ ਦਮੂਹਰੀਏ ਵਾਂਗੂ ਪਾਇਆ ਜਾ ਸਕਦਾ ਹੈ। ਜਦੋਂ ਲੋਕ ਅਸੂਤੋਸ਼ ਵਿਰੁੱਧ ਮਰ ਰਹੇ ਸਨ ਤਾਂ ਜਥੇਦਾਰਾਂ ਨੇ 3-4 ਸੌ ਲੱਟਮਾਰ ਆਪਣੇ ਹੀ ਲੋਕਾਂ ਵਿਰੁਧ ਇਕੱਠਾ ਕੀਤ ਹੋਇਅ ਸੀ । ਚੰਡੀਗੜ੍ਹ ਤੋਂ ਆਏ ਹੁਕਮਨਾਮੇ ਨੂੰ ਸੁਣਾਉਣ ਲਈ ਕੌਮ ਦਾ ਕੀਮਤੀ ਸਮਾਂ ਨਸਟ ਕੀਤਾ।ਸਵਾਲ ਇਹ ਹੈ ਕਿ ਕੀ ਦਸਮ ਗ੍ਰਥ ਦੀ ਅਸਲੀਅਤ ਤਖਤਾਂ ਵਾਲੇ ਜਥੇਦਾਰ ਨਹੀਂ ਜਾਣਦੇ? ਸਭ ਜਾਣਦੇ ਹਨ। ਪਰ ਮਸਲਾ ਤਾਂ ਰਾਗੀ ਦਰਸ਼ਨ ਸਿੰਘ ਦਾ ਮੂੰਹ ਬੰਦ ਕਰਵਾਉਣ ਦਾ ਏ ਤਾਂ ਜੋ ਉਹ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਸ੍ਰੌਮਣੀ ਕਮੇਟੀ ਦੀਆਂ ਚੋਣਾਂ ‘ਚ ਬਾਦਲਾਂ ਦੀ ਸਿਰਦਰਦੀ ਨਾਂ ਬਣਿਆ ਰਹੇ।ਉਹ ਜਥੇਦਾਰਾਂ ਦੇ ਪੈਰੀਂ ਵੀ ਪੈ ਜਾਦਾਂ ਤਾਂ ਵੀ ਛੇਕਣਾਂ ਸੀ। ਹੁਣ ਵੀ ਛੇਕਣਾਂ ਏ ਕਿਉਕਿ ਉਹ ਇਤਿਹਾਸ ਦੇ ਸੱਚ ਨੂੰ ਵੀ ਬਾਖੂਬੀ ਕਹਿੰਦਾ ਹੈ ਤੇ ਅੱਜ ਦੇ ਸੱਚ ਨੂੰ ਵੀ।5 ਦਸੰਬਰ ਦੇ ਅਹਿਮ ਦਿਨ ਕਠਪੁਤਲੀ ਤਮਾਸ਼ਾ ਅਕਾਲ ਤਖਤ ਤੇ ਵੀ ਖੇਡਿਆ ਗਿਆ। ਦਰਸ਼ਨ ਸਿੰਘ ਅਕਾਲ ਤਖਤ ਦੇ ਵਿਹੜੇ ‘ਚ ਬੈਠਾਂ ਉਡੀਕਦਾ ਰਿਹਾ ਤੇ ਜਥੇਦਾਰ ਉਹਨੂੰ ਤਖਤ ਤੋਂ ਬਾਹਰ ਨੂੰ ਜਾਦੀ ਗਲੀ ਦੇ ਇੱਕ ਕਮਰੇ ‘ਚ। ਜਦੋਂ ਦਰਸ਼ਨ ਸਿੰਘ ਹੋਰੀਂ ਚਲੇ ਗਏ ਤਾਂ ਕਮੇਟੀ ਦੇ ਮੁਲਾਜ਼ਮਾਂ ਨੂੰ ਇਕੱਠੇ ਕਰ ਕੇ ਹੁਕਮਨਾਮਾਂ ਸੁਣਾਂ ਦਿੱਤਾ ਗਿਆ ਤੇ ਜੈਕਾਰੇ ਗੂਜੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ।
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ
ਜੈਸਾ ਭੇਖ ਕਰਾਵੈ ਬਾਜੀਗਰ ਓਹ ਤੈਸੋ ਹੀ ਸਾਜੁ ਆਨੈ


                                                   ਗਾਉੜੀ ਮ: 5

Read more...

Tuesday, December 1, 2009

ਢਹਿ ਢੇਰੀ ਹੋਇਆ ਚੌਥਾ ਥੰਮ


ਚਰਨਜੀਤ ਸਿੰਘ ਤੇਜਾ
ਦਹਾਕਾ ਕੁ ਪਹਿਲਾਂ ਜਦੋਂ ਖਬਰੀ ਮੀਡੀਆ ਦੇ ਨਾਂ ‘ਤੇ ਸਿਰਫ ਦੂਰਦਰਸ਼ਨ ਅਤੇ ਅਖਬਾਰਾਂ ਹੀ ਹੁੰਦੀਆਂ ਸੀ । ਉਦੋਂ ਲੋਕ ਅਖਬਰਾਂ ਤੇ ਟੀਵੀ ਦੀ ਕਿਸੇ ਖਬਰ ਨਾਲ ਅਸਿਹਮਤ ਹੁੰਦਿਆਂ ਪ੍ਰਤੀਕਿਰਿਆ ਦੇਦੇ “ਅਖੇ! ਅਖਬਾਰਾਂ ਅੱਧਾ ਸੱਚ ਅੱਧਾ ਝੂਠ ਲਿਖਦੀਆਂ ਨੇ”। ਸੂਚਨਾਂ ਇਨਕਲਾਬ ਨੇ ਯੁੱਗ ਪਲਟ ਦਿੱਤਾ, ਲਗਦਾ ਹੀ ਨਹੀਂ ਕਿ ਆਪਮੁਹਾਰੇ ਹੋਏ ਟੀਵੀ ਚੈਨਲਾਂ ਨੂੰ ਕੋਈ ਪੁਛਣ ਵਾਲਾ ਵੀ ਹੋਵੇਗਾ। ਖਬਰੀ ਚੈਨਲਾਂ ਨੇ ਖਬਰਾਂ ਇਨੀਆਂ ਸੁਆਦਲੀਆਂ ਬਣਾਂ ਦਿੱਤੀ ਹਨ ਕਿ ਸਭ ਪ੍ਰਤੀਕਿਰਿਆਵਾ ਇਸ ਸੁਆਦ ‘ਚ ਗੁਆਚ ਕੇ ਰਹਿ ਗਈਆ ਹਨ। ਮੁੱਖ ਧਰਾਈ ਖਬਰੀ ਚੈਨਲਾਂ ਦੇ ਖੌਫਨਾਕ ਐਂਕਰ ਲੋਕਾਂ ਦੀ ਨੀਦ ਹਰਾਮ ਕਰਨ ਤੋਂ ਬਾਅਦ ਦਸਦੇ ਨੇ ਕਿ ਇਹ ਸਭ ਉਹ ਉਨ੍ਹਾਂ ਨੂੰ ਚੈਨ ਦੀ ਨੀਦ ਸਵਾਉਣ ਲਈ ਕਰ ਰਹੇ ਹਨ। ਪੱਤਰਕਾਰੀ ਦੀ ਪੜ੍ਹਾਈ ਤੋਂ ਪਹਿਲਾਂ ਮੈ ਨਹੀਂ ਸੀ ਜਾਣਦਾ ਕਿ ਖਬਰ ਕਿਵੇਂ ਬਣਦੀ ਹੈ। ਪਰ ਪੜਾਈ ਖਤਮ ਹੋਣ ਤੋਂ ਪਿਛੋਂ ਵੱਡੇ ਅਖਬਾਰ ਤੇ ਖਬਰੀ ਚੈਨਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਘੱਟੋ-ਘੱਟ ਇਹ ਤਾਂ ਸਮਝ ਆ ਗਿਆ ਕਿ ਜਰੂਰੀ ਨਹੀਂ ਕਿ ਖਬਰ ਦਾ ਕੋਈ ਘਟਨਾਂ ਸਥਾਨ ਹੋਵੇ ਤੇ ਖਬਰ ਹੋਈ ਵਾਪਰੀ ਘਟਨਾਂ ਦੀ ਪੇਸ਼ਕਾਰੀ ਹੋਵੇ। ਸਗੋਂ ਖਬਰ ਡੈਸਕ ਤੇ ਬੈਠੇ ਸੰਪਾਦਕ ਦੀ ਜਾਂ ਚੈਨਲ /ਅਖਬਾਰ ਦੇ ਮਾਲਕ ਲਾਲੇ ਦੇ ਦਿਮਾਗ ‘ਚ ਹੋਈ ਕਿਸੇ ਸਰਾਰਤੀ ਉਥਲ ਪੁਥਲ ਦਾ ਨਤੀਜਾ ਵੀ ਹੋ ਸਕਦੀ ਹੈ। ਖਬਰ ਸਰਕਾਰ ਦੇ ਕਿਸੇ ਏਲਚੀ ਦੇ ਮੁਖਾਰਬਿੰਦ ਤੋਂ ਉਚਾਰੇ ਸ਼ਬਦ ਵੀ ਹੋ ਸਕਦੇ ਹਨ ਤੇ ਕਿਸੇ ਗੁਪਤ ਏਜੰਸੀ ਦੇ ਏਜੰਟ ਦੀ ਸ਼ਾਜਿਸੀ ਟਿਪਣੀ ਵੀ। ਸਹੀ ਖਬਰ ਨੂੰ ਕਿਵੇਂ ਅੰਤਰਾਸਟਰੀ ਨੀਤੀ ਘਾੜਿਆਂ, ਸਰਕਾਰਾਂ, ਰਸੂਖਦਾਰ ਵਿਅਕਤੀਆਂ, ਇਸ਼ਤਿਹਾਰ ਦਾਤਾਵਾਂ, ਸਿਆਸੀ ਲੋਕਾਂ, ਸੰਤਾਂ ਮਹਾਤਾਵਾਂ ਤੇ ਪਾਧਿਆਂ ਜੋਤਸ਼ੀਆਂ ਦੀ ਘੁਰਕੀ ਨਾਲ ਮੋੜਾਂ ਦਿੱਤਾ ਜਾਦਾਂ ਹੈ , ਇਹ ਸ਼ਾਇਦ ਆਮ ਪਾਠਕ ਤੇ ਦਰਸ਼ਕ ਦੀ ਸਮਝ ਤੇ ਪੁੰਹਚ ਤੋਂ ਬਾਹਰ ਦੀ ਚੀਜ਼ ਹੈ।ਮੁੱਖ ਧਾਰਾਈ ਮੀਡੀਆ ‘ਚ ਸੁਹਜ਼-ਸਮਝ, ਜ਼ਮੀਰ ਤੇ ਜ਼ਜ਼ਬਾਤੀ ਕਦਰਾਂ ਕੀਮਤਾਂ ਵਾਲੇ ਕਾਮਿਆਂ ਦੇ ਚਿਹਰਿਆਂ ਤੇ ਕਚੀਚੀਆਂ ਦੇ ਪੱਕੇ ਨਿਸ਼ਾਨ ਛਪ ਜਾਦੇ ਹਨ। ਪਰ ਬੇਜ਼ਮੀਰੇ, ਖੁਸਾਂਮਦਾਂ ਕਰਦੇ ਚਹਿਕਦੇ ਟਹਿਕਦੇ ਆਮ ਦੇਖੇ ਜਾ ਸਕਦੇ ਹਨ।(ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ)

Read more...

Sunday, November 29, 2009

ਮਸਲਾ, ਬੱਤੀ ਲਾਲ ਕਿ ਮਹਿੰਗੀ ਕਾਰ

ਇੰਦਰਦੀਪ ਸਿੰਘ


ਬੱਬੂ ਮਾਨ ਦੀ ਨਵੀਂ ਕੈਸੇਟ ਦਾ ਚਰਚਿਤ ਗੀਤ ‘ਇੱਕ ਬਾਬਾ ਨਾਨਕ ਸੀ’ ਸੁਣਿਆ ਜਾਵੇ ਤਾਂ ਮਸਲਾ ਲਾਲ ਬੱਤੀ ਦਾ ਲੱਗਦਾ ਹੈ, ਪਰ ਇਸ ਉੱਤੇ ਜੋ ਪ੍ਰਤੀਕਿਰਿਆ ਆਪਣੇ ਆਪ ਬਣੇ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਅਤੇ ਤਰਸੇਮ ਸਿੰਘ ਜੀ ਮੋਰਾਵਾਲੀ ਦੀ ਸਾਹਮਣੇ ਆਈ ਹੈ ਉਸ ਮੁਤਾਬਿਕ ਮਸਲਾ ਮਹਿੰਗੀ ਕਾਰ ਰੱਖਣ ਦਾ ਹੈ।ਕਹਿੰਦੇ ਨੇ ਚੋਰ ਦੀ ਦਾੜੀ ਵਿੱਚ ਤਿਣਕਾ, ਇਸ ਗਾਣੇ ਤੋ ਪੈਦਾ ਹੋਏ ਵਿਵਾਦ ਨੇ ਇਹ ਕਹਾਵਤ ਵੀ ਬਾਖੂਬੀ ਸੱਚ ਕਰ ਵਿਖਾਈ ਹੈ। ਵੈਸੇ ਸਿੱਖ ਧਰਮ ਦੇ ਪ੍ਰਚਾਰਕ ਬਣੀ ਫਿਰਦੇ ਸੰਤਾਂ ਬਾਬਿਆਂ ਵਿੱਚ ਅਜਿਹੇ ਤਿਨਕਿਆਂ ਦੀ ਘਾਟ ਨਹੀਂ ਪਰ ਇਸ ਮਸਲੇ ਤੇ ਉਨਾ ਸਮਝਦਾਰੀ ਨਾਲ ਕੰਮ ਲੈ ਕੇ ਆਪਣੀ ਗਾਹਕੀ ਨੂੰ ਖੋਰਾ ਲੱਗਣ ਤੋ ਬਚਾ ਲਿਆ ਹੈ।ਇਸ ਵਿਵਾਦ ਨੇ ਦੋ ਪ੍ਰਚਾਰਕਾਂ ਬਣੀ ਫਿਰਦੇ ਬਾਬਿਆਂ ਦੇ ਨਾਂ ਸਾਹਮਣੇ ਲਿਆਦੇ ਹਨ।ਆਪਣੀਆਂ ਕਰਤੂਤਾਂ ਕਰਕੇ ਕੈਨੇਡਾ ਦੇ ਦੌਰੇ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਤਾਂ ਵਾਧੂ ਇੱਜ਼ਤ ਪਹਿਲਾਂ ਵੀ ਖੱਟੀ ਸੀ ਇਸ ਲਈ ਸ਼ਾਇਦ ਇੰਨੀ ਕੁ ਬਦਖੋਹੀ ਜਿੰਨੀ ਕੁ ਹੁਣ ਹੋਈ, ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਨਾ ਤਾਂ ਮੋਰਾਵਾਲੀ ਬਾਬੇ ਕਹਾਉਣ ਵਾਲੇ ਤਰਸੇਮ ਸਿੰਘ ਕੋਲ ਕਾਲੀ ਔਡੀ ਅਤੇ ਨਾਂ ਹੀ ਕਾਰ ਉੱਤੇ ਲਾਲ ਬੱਤੀ ਫਿਰ ਅਜਾਈਂ ਹੀ ਆਪਣੀ ਗਾਹਕੀ ਖਰਾਬ ਕਰਨ ਵਾਲੀ ਗੱਲ ਗਲਿਉਂ ਨਹੀਂ ਉਤਰਦੀ।ਇਸ ਲੇਖ ਵਿੱਚ ਵਾਰ ਵਾਰ ਗਾਹਕੀ ਸ਼ਬਦ ਵਰਤਣ ਤੋਂ ਭਾਵ ਕਿ ਅੱਜਕੱਲ ਦੇ ਰਣਜੀਤ ਸਿੰਘ ਅਤੇ ਤਰਸੇਮ ਸਿੰਘ ਵਰਗੇ ਧਰਮ ਪ੍ਰਚਾਰਕਾਂ ਦਾ ਮੁੱਖ ਮਕਸਦ ਮਾਇਆ ਇੱਕਠੀ ਕਰਨਾ ਹੀ ਰਹਿ ਗਿਆ ਹੈ ਨਾਂ ਕਿ ਧਰਮ ਦਾ ਪ੍ਰਚਾਰ ਕਰਨਾ।ਵੈਸੇ ਧਰਮ ਪ੍ਰਚਾਰਕ ਬਣੀ ਫਿਰਦੇ ਬਾਬਾ ਰਣਜੀਤ ਸਿੰਘ ਜੀ ਦੇ ਮੁਤਾਬਿਕ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆਵਾਜਾਈ ਦੇ ਸਾਧਨ ਵਜੋਂ ਲੋਕ ਘੋੜੇ ਨਹੀਂ ਸਨ ਵਰਤਦੇ ਪਰ ਬਾਬਾ ਜੀ ਨੂੰ ਇਹ ਗੱਲ ਪੁੱਛੀ ਜਾਵੇ ਜੇ ਲੋਕ ਘੋੜੇ ਨਹੀਂ ਸਨ ਵਰਤਦੇ ਤਾਂ ਕੀ ਉਸ ਸਮੇ ਬਾਬਰ ਨੇ ਆਪਣੀ ਸੈਨਾ ਸਮੇਤ ਭਾਰਤ ਤੇ ਹਮਲਾ ਪੈਦਲ ਚੱਲ ਕੇ ਕੀਤਾ ਸੀ? ਇਹ ਸਾਡੇ ਸਭਨਾ ਲਈ ਸ਼ਰਮ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਦੀ ਅਗਵਾਈ ਇਹੋ ਜਿਹੇ ਅਖੌਤੀ ਸੰਤ ਕਰ ਰਹੇ ਹਨ ਜਿਨਾਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣਾ ਤਾਂ ਦੂਰ ਦੀ ਗੱਲ, ਬਾਬਾ ਨਾਨਕ ਨੇ ਆਪਣੀਆਂ ਚਾਰ ਉਦਾਸੀਆਂ ਚੱਲ ਕੇ ਕਿਉਂ ਕੀਤੀਆਂ ਇਸ ਬਾਰੇ ਵੀ ਸਹੀ ਜਾਣਕਾਰੀ ਨਹੀਂ ਹੈ।ਗੁਰੂ ਨਾਨਕ ਸਾਹਿਬ ਨੇ ਪਰਿਵਾਰ ਅਤੇ ਸੁੱਖ ਦੇ ਸਭ ਸਾਧਨ ਤਿਆਗ ਕੇ ਚਾਰ ਉਦਾਸੀਆਂ ਕੀਤੀਆਂ ਪਰ ਇਨਾਂ ਬਾਬਿਆਂ ਦੇ ਸੁੱਖ ਸਾਧਨਾਂ ਉੱਤੇ ਜੇ ਕਿਸੇ ਨੇ ਉੰਗਲੀ ਚੁੱਕੀ ਤਾਂ ਇਹੋ ਜਿਹੇ ਬਿਆਨ ਆਉਂਦੇ ਹਨ ਕਿ ਇਹ ਤਾਂ ਗੁਰੁ ਦੇ ਸਿੱਖ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਇਹ ਸਭ ਸੁੱਖ ਦੇ ਸਾਧਨ ਚੜਦੀ ਕਲਾ ਦਾ ਪ੍ਰਤੀਕ ਹਨ ਪਰ ਸਿਰਫ ਤਾਂ ਜੇ ਇਹ ਸਭ ਆਪਣੀ ਹੱਕ ਦੀ ਕਮਾਈ ਨਾਲ ਖਰੀਦੇ ਗਏ ਹੋਣ ਨਾਂ ਕਿ ਗਰੀਬਾਂ ਅਤੇ ਭੋਲੇ ਭਾਲੇ ਲੋਕਾਂ ਨੂੰ ਭਰਮਾ ਕੇ ਉਨਾ ਦੀ ਕਮਾਈ ਨਾਲ।ਖੈਰ ਬਾਬਾ ਜੀ ਬਾਰੇ ਹੋਰ ਕੁਝ ਕੀ ਕਿਹਾ ਜਾਵੇ। ਗੱਲ ਮੁੱਕਦੀ ਇੱਥੇ ਹੈ ਕਿ ਬੱਬੂ ਮਾਨ ਨੇ ਸਿੱਖ ਧਰਮ ਵਿੱਚ ਘਰ ਕਰੀ ਬੈਠੇ ਇੱਕ ਅਜਿਹੇ ਕਾਲੇ ਪੰਨੇ ਨੂੰ ਸਭ ਦੇ ਸਨਮੁੱਖ ਕੀਤਾ ਹੈ ਜਿਹੜਾ ਅਜੇ ਤੱਕ ਸਭ ਦੀਆਂ ਅੱਖਾਂ ਤੋਂ ਔਹਲੇ ਸੀ, ਸੋ ਗੁਰੁ ਦੇ ਸੱਚੇ ਸਿੱਖ ਹੋਣ ਦੇ ਨਾਤੇ ਹੁਣ ਸਾਡਾ ਸਭ ਦਾ ਫਰਜ਼ ਇਹ ਬਣਦਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅੱਜ ਤੱਕ ਕੀਤੀਆਂ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾਈਆਂ ਜਾਣ ਅਤੇ ਅੱਗੇ ਤੋਂ ਕਿਸੇ ਮਨੁੱਖ ਨੂੰ ਗੁਰੁ ਦਾ ਦਰਜਾ ਨਾਂ ਦੇਣ ਦੀ ਸਹੁੰ ਚੁੱਕੀ ਜਾਵੇ।
ਇੰਦਰਦੀਪ ਸਿੰਘ
ਵਿਨੀਪੈਗ, ਕਨੇਡਾ

Read more...

Thursday, November 26, 2009

ਰਬੜ ਦੀ ਗੁਰਗਾਬੀ


ਚਰਨਜੀਤ ਸਿੰਘ 'ਤੇਜਾ'
ਮੈਂ
ਚੜਦੀ ਉਮਰੇ
ਅਵਾਰਾ ਦਿੱਲ ਦਾ ਮਾਲਿਕ
ਜੋੜ ਤੋੜ ਵਿੱਚ ਟੈਮ ਟਪਾਓੁਦਾ
ਹਰ ਚਿਹਰੇ 'ਤੇ ਨਜ਼ਰ ਟਿਕਾਉਦਾ
ਕਈਆਂ ਅੱਖਾਂ 'ਚ ਤਰਦਾ
ਕਈਆਂ ਦੇ ਪੈਰੀਂ ਹੱਥ ਧਰਦਾ
ਜਾਗਦੀਆਂ ਤੇ ਖੁਲੀਆਂ ਅੱਖਾਂ ਦੇ ਸੁਪਨੇ
ਤੇ ਸੁਪਨਿਆਂ 'ਚ ਕਿਸੇ ਘੜਦਾ
ਇੱਕ ਦਿਨ, ਇੱਕ ਮੋੜ 'ਤੇ
ਸਾਹਮਣੇ ਬੈਠੀ ਹੂਰ ਨਾਲ
ਅੱਖ ਮਿਲਾਉਣ ਦੀ ਕੋਸ਼ਿਸ਼ 'ਚ
ਹਾਣ ਮਿਲਾਉਣ ਲੱਗਾ

ਇੱਕੀਆ ਦਾ ਮੈਂ
ਤੇ ਅਠਾਰਾਂ ਕੁ ਦੀ ਉਹ
ਮੈਂ ਲੱਸਣ ਦੀ ਤੁੜੀ
ਉਹ ਫੁੱਲਾਂ ਦੀ ਖੁਸ਼ਬੋ
ਉਹ ਸੁਲਫੇ ਦੀ ਲਾਟ
ਹਰ ਕੋਈ ਅੱਖਾਂ ਸੇਕੇ
ਮੈ ਖੁੰਜੇ ਲੱਗਿਆ ਖਿੰਘਰ
ਕੋਈ ਭੁੱਲ ਕੇ ਵੀ ਨਾ ਵੇਖੇ
ਕਰਦਿਆਂ ਕਰਾਉਦਿਆਂ
ਮੇਲ ਮਿਲਾਉਦਿਆਂ...
ਮੇਰੀ ਨਜ਼ਰੇ ਚੜ ਗਈ
ਉਹਦੀ ਰਬੜ ਦੀ ਗੁਰਗਾਬੀ
ਤੇ ਹੁਣ ਮੈਨੂੰ ਡਾਢੀ ਅਪਣੱਤ ਜਾਗੀ
ਕਿਉ ਜੋ ਮੇਰੇ ਵੀ ਪੈਰੀ ਸੀ
ਰਬੜ ਦੀ ਗੁਰਗਾਬੀ
ਹੁਣ ਮੈਨੂੰ ਆਪਣੇ ਆਪ 'ਤੇ
ਅਜਬ ਜਿਹਾ ਮਾਣ ਸੀ
ਕਿਉ ਕਿ ਮੇਰਾ ਤੇ ਉਹਦਾ
ਹੁਣ,ਗਰੀਬੀ ਦਾ ਹਾਣ ਸੀ

Read more...

Tuesday, November 24, 2009

ਪਿਛਲੇ ਜਨਮ ਦੇ ਰਾਜ ਦਾ ਰਾਜ

ਚਰਨਜੀਤ ਸਿੰਘ ਤੇਜਾ
ਖਬਰੀ ਚੈਨਲ ਤੇ ਅਖਬਾਰਾਂ ਐੱਨ.ਡੀ.ਟੀ.ਵੀ. ਇਮੈਜ਼ਨ ਤੇ ਨਵੇਂ ਸ਼ੁਰੂ ਹੋਣ ਜਾ ਰਹੇ ਪ੍ਰੋਗਰਾਮ ‘ਰਾਜ ਪਿਛਲੇ ਜਨਮ ਕਾ’ ਦੀਆਂ ਝਲਕੀਆਂ ਦਿਖਾ ਰਹੇ ਹਨ ਤੇ ਦੱਸ ਰਹੇ ਹਨ ਕਿ ਹੁਣ ਮਨੁੱਖ ਦੇ ਪਿਛਲੇ ਜਨਮ ਦੇ ਰਾਜ, ਰਾਜ ਨਹੀਂ ਰਹਿਣਗੇ ਸਗੋਂ ਹਰ ਬੰਦਾ ਟੀ.ਵੀ ਸਕਰੀਨ ਤੇ ਦਿਖਾਏ ਜਾ ਰਹੇ ਮਸ਼ਹੂਰ ਫਿਲਮੀ ਕਲਾਕਾਰਾਂ ਵਾਗੂ ਇਸ ਰਾਜ ਤੋਂ ਜਾਣੂ ਹੋ ਸਕੇਗਾ।ਹਿਪਨੋਟਾਇਜ਼ (ਸੰਮੋਹਣ)ਵਰਗੀ ਵਿਧੀ ਦੁਆਰਾ ਇਕ ਅਧਿਆਤਮਕ ਦਿੱਖ ਵਾਲੀ ਜਨਾਨੀ ਇਹ ਸਾਰਾ ਕਰਤੱਬ ਕਰਦੀ ਦਿਖਾਈ ਜਾ ਰਹੀ ਹੈ। ਪ੍ਰੋਗਰਾਮ ਦੀਆਂ ਝਲਕੀਆਂ ‘ਚ ਸ਼ੇਖਰ ਸੁਮਨ ਆਪਣੇ ਆਪ ਨੂ ਕਿਸੇ ਬਾਹਰਲੇ ਦੇਸ਼ ਦਾ ਜੰਮਪਲ ਦੱਸ ਰਿਹਾ ਹੈ, ਸੇਲੀਨਾਂ ਜੇਤਲੀ ਪਿਛਲੇ ਜਨਮ ‘ਚ ਆਪਣੇ ਆਪ ਨੂੰ ਅੱਤ ਦੀ ਗਰੀਬ ਦੱਸ ਰਹੀ ਹੈ ਤੇ ਮੋਨਿਕਾ ਬੇਦੀ ਕਹਿੰਦੀ ਹੈ ਕਿ ਉਸ ਦਾ ਪੁਰਤਗਾਲ ਨਾਲ ਇਸ ਜਨਮ ‘ਚ ਹੀ ਨਹੀਂ ਸਗੋਂ ਪੂਰਬਲੇ ਜਨਮ ‘ਚ ਵੀ ਸਬੰਧ ਰਿਹਾ ਹੈ।
ਪ੍ਰੋਗਰਾਮ ਦੇ ਪਿਛਲੀ ਸੋਚ ਨੂੰ ਜਾਨਣ ਤੋਂ ਪਹਿਲਾ ਅਸੀ ਪੂਰਬਲੇ ਜਨਮ ਬਾਰੇ ਧਰਮ, ਅੰਧਵਿਸਵਾਸ ਤੇ ਤਰਕ ਦੇ ਅਧਾਰ ਤੇ ਸੋਚ-ਵਿਚਾਰ ਕਰ ਲੈਦੇ ਹਾ। (ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ)

Read more...

Sunday, November 22, 2009

ਫ਼ਰਕ

ਸੋਚਿਆ ਤੂੰ ਵੀ ਕੁਝ ਨਹੀਂ

ਸੋਚਿਆ ਮੈਂ ਵੀ ਕੁਝ ਨਹੀਂ
ਫ਼ਰਕ ਸਿਰਫ ਐਨਾਂ,
ਕਿ ਤੂੰ ਮੇਰੇ ਬਾਰੇ ਨਹੀਂ
ਤੇ ਮੈਂ ਤੇਰੇ ਤੋਂ ਬਿਨਾਂ
ਕਿਸੇ ਹੋਰ ਬਾਰੇ ਨਹੀਂ...!

Read more...

ਭਾਰੇ ਸ਼ਬਦ ਦੇ ਹੌਲੇ ਅਰਥ

ਭੂਮਿਕਾ-ਜਦੋਂ ਗੰਨੇ ਦਾ ਵਾਜ਼ਬ ਮੁੱਲ ਮੰਗਣ ਵਾਲੇ ਕਿਸਾਨਾਂ ਨੇ ਦਿੱਲੀ ਦੇ ਜੰਤਰ ਮੰਤਰ ਪਹੁੰਚ ਕੇ ਸਰਕਾਰ ਦੇ ਸ਼ਹਿਰ ਦੀ ਰਫਤਾਰ ਠੱਲ ਦਿੱਤੀ ਤਾਂ ਲੋਕ ਤੰਤਰ ਏਵੇ ਪ੍ਰਭਾਸ਼ਿਤ ਹੋਇਆ –

ਜਿਥੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਤੰਤਰ ਜਾਮ ਕਰਨਾਂ ਪਵੇ ਉਸ ਨੂੰ ਲੋਕਤੰਤਰ ਕਹਿੰਦੇ ਹਨ

ਗਰੀਬੀ ਦੇ ਝੰਬੇ,ਬਿਮਾਰੀਆਂ ਤੇ ਨਿੱਤ ਦੀਆਂ ਬੇਇਨਸਾਫੀਆਂ ਨਾਲ ਦੋ ਚਾਰ ਹੁੰਦੇ,ਪੈਰ ਪੈਰ ਤੇ ਠੱਗੀਦੇ,ਤੱਕੜਿਆਂ ਦੀਆਂ ਵਧੀਕੀਆਂ ਜਰਦੇ,ਅਧੀਨਗੀ ਤੇ ਜਿੱਲਤ ਦੀ ਘੁਟਣ‘ਚ ਸਾਹ ਵਰੋਲਦੇ ਤੇ ਦੋ ਵੇਲੇ ਦੀ ਰੋਟੀ ਦੇ ਜੁਗਾੜ‘ਚ ਸਾਰੀ ਜ਼ਿੰਦਗੀ ਲੰਘਾਂ ਦੇਣ ਵਾਲੇ ਭਾਰਤ ਦੇ ਅੱਧੇ ਤੋਂ ਵੱਧ ਲੋਕ‘ਲੋਕਤੰਤਰ’ਵਰਗੇ ਭਾਰੇ ਜਿਹੇ ਸ਼ਬਦ ਤੋਂ ਬਿਲਕੁਲ ਅਣਜਾਣ ਹਨ।ਉੱਤੇ ਲਿਖੀਆਂ ਅਲਾਮਤਾਂ ਦੀ ਤਸਵੀਰ ਜਦੋਂ ਸਾਡੇ ਦਿਮਾਗ ‘ਚ ਸਕਾਰ ਹੁੰਦੀ ਹੈ ਤਾਂ ਸਾਡੇ ਵਰਗੇ‘ਸਰਦੇ-ਪੁਜਦੇ’ਲੋਕਾਂ ਦੇ ਦਿਮਾਗ ‘ਚ

Read more...

Friday, August 14, 2009

ਗੁਫਤਗੂ

ਚਰਨਜੀਤ ਸਿੰਘ ਤੇਜਾ
[ਜਨਮ ਅਸ਼ਟਮੀ ‘ਤੇ ਖਾਸ]ਕ੍ਰਿਸਨ ਅਸਟਮੀ ਵਾਲਾ ਸਾਰਾ ਦਿਨ ਮਿਤਰਾਂ ਬੇਲੀਆਂ ਨੂੰ ਵਧਾੲਆਂਿ ਦਿੰਦਿਆਂ ਲੰਘਿਆਂ ਕਿਉਕਿ 365 ਗਰਲਫਰੈਡਜ਼ ਦੀ ਸਮਰੱਥਾਂ ਵਾਲੇ ‘ਭਗਵਾਨ’ ਦੀਆਂ 'ਲੀਲਾਵਾਂ' ਜਵਨੀ ‘ਚ ਸਭ ਨੂੰ ਅਕਰਸ਼ਤ ਕਰਦੀਆ। ਸੋ 'ਭਗਵਾਨ' ਨਾਲ ਹੋਈ 'ਗੁਫਤਗੂ' ਨੂੰ ‘ਕਾਵਿਕ ਤੀਰ ਤੁਕਿਆਂ’ ਰਾਹੀਂ ਪੇਸ਼ ਕਰ ਰਿਹਾ ਹਾਂ…...ਚਰਨਜੀਤ ਸਿੰਘ ਤੇਜਾ

ਭਗਵਾਨ ਜੀ !
ਦੱਸੋ ਤਾਂ ਕਿਵੇਂ ਮੈਨੇਜ ਕਰਦੇ ਸੋ
365 ਤੇ ਇੱਕ ਪਰਸਨਲ,
ਸਾਨੂੰ ਵੀ ਦੱਸੋ ਕੋਈ ਨੁਸਖਾ
ਤੇ ਕਰੋ ਸਾਡੀ ਵੀ ਪਰਾਬਲਮ ਹੱਲ,
ਉਝ ਰਾਧਾ ਤੁਹਾਡੀ ਕਲਾਸਮੇਟ ਤਾਂ ਨਹੀਂ..
ਆਂਢ-ਗੁਆਢੋਂ ਹੋਣੀ ਆਂ ?
ਆਪ ਜੀ ਤਾਂ ਕਹਿੰਦੇ ਕਣਕਵੰਨੇ ਈ ਸੋ
ਸੁਣੀਦੀ ਤਾਂ ਰਾਧਾ ਈ ਸੋਹਣੀ ਆਂ,
ਭਗਵਾਨ ਜੀ, ਇਮੇਜ ਮੈਨੇਜਮੈਂਟ ਬਾਰੇ ਦੱਸੋ?
ਜਦੋਂ ਜਵਾਨੀ ਸੀ ਜ਼ੋਰਾਂ ‘ਤੇ
ਰਾਉਂਡੀਆਂ ਬ੍ਰਿਦਾਬਨ ਦੀਆਂ
ਤੇ ਖੜਦੇ ਸੋ ਜਦੋਂ ਮੋੜਾਂ ‘ਤੇ
ਉਝ ਮੋਬਾਇਲ ਤੇ ਬਾਇਕ ਬਿਨਾਂ ਵੀ ਔਖਾ
ਪਰ ਸਕੋਰ ਤਾਂ ਚੰਗਾ ਈ ਏ
ਟਾਇਮ ਚੁਕਣਾਂ, ਡੇਟਿੰਗ, 365 ਦਿਨ ਦਾ ਰੁਝੇਵਾਂ
ਹੈਗਾ ਤਾਂ ਪੰਗਾ ਈ ਏ,
ਵੈਸੇ ਆਂਹਦੇ ! ਰਾਧਾ ਵੀ ਕਾਫੀ ਚਿੰਤਤ ਸੀ
ਆਪ ਜੀ ਨੂੰ ਲੈ ਕੇ ,
ਘੇਰਿਆ ਨਹੀ ਕਦੇ ਉਹਦੇ ਵੀਰਾਂ
ਨਾਂ ਸਮਝਾਇਆ ਕਦੇ ਬਾਪੂ ਨੇ ਬਹਿ ਕੇ ?

ਪਰ ਹੁਣ ਮੇਰੇ ਬਾਰੇ ਸੋਚੋ !
ਮੈਨੂੰ ਤਾਂ ਬਾਂਉਸਰੀ ਵੀ ਵਜਾਣੀ ਨਈਂ ਆਉਦੀ
ਤੇ ਨਾਲੇ ਸਾਡੇ ਪਿੰਡਾਂ ਦੇ ਛੱਪੜਾਂ ‘ਚ ਤਾਂ
ਕੋਈ ਗੋਪੀ ਵੀ ਨਹੀਂ ਨਾਉਦੀ
'ਬਗਵਾਨ ਬਤਾਓ ਤੋ ਕੈਸੇ ?
ਕਿਸੀ ਕੇ ਕੱਪੜੇ ਉਠਾਂ ਕਰ ਬਾਗ ਜਾਂਊ' ?
ਅਵਲ ਤਾਂ ਪਿੰਡ ਵਾਲੇ ਬੰਨ ਕੇ ਕੁਟਣਗੇ,
ਨਈਂ ਤਾਂ ਥਾਣੇ ਰਾਤ ਰਹਿ ਕੇ ਆਊ ।
ਸੱਚ ਦੱਸਾਂ! ਸਾਡੀ ਰਾਧਾ ਤਾਂ ਕਿਤੇ
ਚਰੀਆਂ ,ਕਮਾਦਾਂ ‘ਚ ਗਵਾਚੀ ਲੱਗਦੀ ਏ
ਜਵਾਨੀ ਬੀਤ ਚੱਲੀ ਵੱਟਾਂ ‘ਤੇ
ਪਰ ਉਹ ਚੰਦਰੀ ਨਾਂ ਲੱਭਦੀ ਏ ।
ਦੱਸੋਂ ਤਾਂ ਕਦੋਂ ਕੋਈ ਨੱਚੂ
ਸਾਡੀਆਂ ਬਾਹਾਂ ‘ਚ ਗਾਣੇ ਗਾਉਦੀ
ਤੁਹਾਡੇ ਤਜ਼ਰਬੇ ਨੂੰ ਸਲਾਮ
ਪਰ ਸਾਨੂੰ ‘ਲੀਲਾ’ ਰਾਸ ਕਿਉ ਨਹੀਂ ਆਉਦੀ
ਉਫ ਓ ! ਭਗਵਾਨ ਜੀ ਦੱਸ ਨਹੀਂ ਹੋਇਆ
ਇੱਕ ਪਰਾਬਲਮ ਹੋਰ ਆਂ…
ਬਾਕੀ ਸਭ ਤਾਂ ਤੁਹਾਡੀ ਕ੍ਰਿਪਾ ਨਾਲ ਸੈੱਟ ਹੋਜੂ
ਪਰ ਸਾਡਾ ਬਾਪੂ ਬੜਾ ਕੌੜ ਆਂ
ਚੱਲੋਂ ਛੱਡੋਂ ਇਹ ਸਾਡੇ ਵੱਸੋਂ ਬਾਹਰੀਆਂ ਗੱਲਾਂ
ਉਝ ਮੇਰੀ ਇੱਕ ਸਲਾਹ ‘ਤੇ ਕਦੇ ਧਿਆਨ ਮਾਰਿਓ
ਅਯਾਸ ਤੇ ਕਿਰਤੀ ਦਾ ਫਰਕ ਸਮਝਣੇ ਲਈ
ਵਿਹਲ ਲੱਗੇ ਤਾਂ ਕਿਸੇ ਮਾਤੜ ਘਰੇ ਅਵਤਾਰ ਧਾਰਿਓ

Read more...

Tuesday, August 4, 2009

ਔਰਤ ਦੀ ਗੁਲਾਮ ਮਾਨਸਿਕਤਾ ਦਾ ਤਿਉਹਾਰ- ਰੱਖੜੀ

ਚਰਨਜੀਤ ਸਿੰਘ ਤੇਜਾ
ਰੱਖੜੀ 'ਤੇ ਵਿਸੇਸ਼ ਲੇਖ ਪੜ੍ਹਨ ਲਈ ਕਲਿੱਕ ਕਰੋ.......http://ghulamkalam.blogspot.com

Read more...

ਮੰਦੀ ਕਾਰਨ ਜੋਤਿਸ਼ ਦਾ ਸਿਤਾਰਾ ਚਮਕਿਆ

( ਇੰਦਰਦੀਪ ਸਿੰਘ ਦੂਰਦਰਸ਼ਨ ਸਣੇ ਪੰਜਾਬੀ ਦੇ ਕਈ ਟੀ.ਵੀ ਚੈਨਲਾ ਤੇ ਐਂਕਰ ਤੇ ਨਿਊਜ਼ ਰੀਡਰ ਵੱਜੋਂ ਕੰਮ ਕਰਦਾ ਆ ਰਿਹਾ ਹੈ। ਪਰ ਵਧੀਆਂ ਗੱਲ ਇਹ ਹੈ ਕਿ ਇੰਦਰ ਕੇਵਲ ਖਬਰਾਂ ਰੀਡ ਹੀ ਨਹੀਂ ਕਰਦਾ ਸਗੋਂ ਖਬਰਾਂ ਤੇ ਆਲੇ ਦੁਅਲੇ ਦੇ ਸੰਸਾਰ ਦੀ ਪੁਣਛਾਣ ‘ਚ ਪੂਰੀ ਤਰਾਂ ਸਮਰੱਥ ਹੈ। ਜੋਤਿਸ਼ ਦੇ ਬਾਰੇ ਅਹਿਮ ਚਰਚਾਂ ਕਰਦਾ ਇਹ ਲੇਖ ‘ਚ ਜਿਥੇ ਇਸ ਗੋਰਖ ਧੰਦੇ ਦਾ ਪ੍ਰਚਾਰ ਕਰ ਰਹੀਆਂ ਸਰਕਾਰਾਂ, ਸਿਅਸੀ ਲੋਕਾਂ ਤੇ ਖਿਡਾਰੀਆਂ ਦੀ ਖਬਰ ਲੈਦਾਂ ਹੈ ਉਥੇ ਹੀ ਆਪਣੇ ‘ਮੀਡੀਆਂ’ ਵਾਲਿਆਂ ਨੂੰ ਵੀ ਨਹੀਂ ਬਖਸਦਾ। ਆਸ ਹੈ ਕਿ ਬਲੋਗ ਤੇ ਫੇਰੀ ਪਾਉਣ ਵਾਲਾ ਹਰ ਸੱਜਣ ਇੰਦਰ ਦੇ ਇਸ ਪਲੇਠੇ ਲੇਖ ਤੇ ਗੌਰ ਫਰਮਾਏਗਾ-ਤੇਜਾ)

ਸਾਲ 2009 ਦੇ ਸ਼ੁਰੂਆਤੀ ਦੌਰ ਵਿੱਚ ਹੀ ਆਰਥਿਕ ਮੰਦੀ ਨੇਂ ਭਾਰਤ ਸਮੇਤ ਪੂਰੀ ਦੁਨੀਆ ਨੂੰ ਘੇਰ ਲਿਆ।ਆਰਥਿਕ ਮੰਦੀ ਦੇ ਇਸ ਦੌਰ ਨੇ ਇੱਕ ਵਾਰ ਫਿਰ ਉਹ ਕਹਾਵਤ ਸੱਚ ਕਰ ਵਿਖਾਈ ਹੈ ਕਿ ਕਣਕ ਨਾਲ ਘੁਣ ਵੀ ਪੀਸਿਆ ਜਾਂਦਾ ਹੈ।ਅਮਰੀਕਾ ਵਰਗੇ ਵਿਕਸਿਤ ਦੇਸ਼ ਤੇ ਛਾਏ ਆਰਥਿਕ ਮੰਦੀ ਦੇ ਬੱਦਲਾਂ ਨੇ ਭਾਰਤ ਵਰਗੇ ਕਈ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ।ਤਕਰੀਬਨ 6 ਕੁ ਮਹੀਨੇ ਬੀਤ ਜਾਣ ਬਾਅਦ ਵੀ ਹੁਣ ਕਈ ਦੇਸ਼ਾਂ ਵੱਲ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਭਿਆਨਕ ਦੌਰ ਵਿੱਚੋ ਨਿਕਲਣ ਲਈ 2-3 ਸਾਲਾਂ ਦਾ ਸਮਾ ਲੱਗਣਾ ਤਾਂ ਮਾਮੂਲੀ ਜਿਹੀ ਗੱਲ ਹੈ।ਮੰਦਵਾੜੇ ਦੇ ਇਸ ਦੌਰ ਨੇ ਹਰ ਇੱਕ ਵਪਾਰ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਫਰਕ ਜ਼ਰੂਰ ਪਾਇਆ ਹੈ।..........ਪਰ ਅਜਿਹੀ ਸਥਿਤੀ ਵਿੱਚ ਭਾਰਤੀ ਮੂਲ ਦਾ ਹੀ ਇੱਕ ਅਜਿਹਾ ਧੰਦਾ ਵੀ ਹੈ ਜਿਸ ਉੱਤੇ ਇਸ ਮੰਦਵਾੜੇ ਦਾ ਕੋਈ ਅਸਰ ਨਹੀਂ ਹੋਇਆ।ਬਲਕਿ ਇਸ ਮੰਦਵਾੜੇ ਦੇ ਕਾਰਨ ਹੀ ਇਸ ਧੰਦੇ ਨੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ, ਤੇ ਉਹ ਧੰਦਾ ਹੈ ਜੋਤਿਸ਼ ਦਾ।ਇੱਕ ਸਰਵੇਖਣ ਮੁਤਾਬਿਕ ਸਾਲ 2006 ਵਿੱਚ ਭਾਰਤ ਵਿੱਚ ਜੋਤਸ਼ੀਆਂ ਦਾ ਕਾਰੋਬਾਰ 10 ਹਜ਼ਾਰ ਕਰੋੜ ਰੁਪਏ ਸੀ, ਜੋ ਦਸੰਬਰ 2008 ਵਿੱਚ ਵੱਧ ਕੇ 40 ਹਜ਼ਾਰ ਕਰੋੜ ਰੁਪਏ ਤੱਕ ਪੁੱਜ ਗਿਆ।ਅਮਰੀਕਾ ਵਿੱਚ ਵੀ ਜੋਤਸ਼ੀਆਂ ਦੇ ਵਪਾਰ ਸੰਬੰਧੀ ਆਂਕੜੇ ਹੈਰਾਨੀਜਨਕ ਹਨ।ਸਾਲ 2006 ਵਿੱਚ 10 ਕਰੋੜ ਡਾਲਰ ਦਾ ਕਾਰੋਬਾਰ ਹੁਣ 20 ਕਰੋੜ ਡਾਲਰ ਤੱਕ ਪਹੁੰਚ ਚੁੱਕਾ ਹੈ।
ਇਸ ਪਿੱਛੇ ਕਾਰਨ ਇੱਕ ਹੀ ਹੈ ਤੇ ਉਹ ਹੈ ਮੰਦੀ ਤੋ ਜਲਦੀ ਨਿਜਾਤ ਪਾਉਣ ਲਈ ਆਮ ਆਦਮੀ ਤੋ ਲੈ ਕੇ ਵੱਡੇ ਵੱਡੇ ਉਦਯੋਗਪਤੀ ਵੀ ਇਹਨਾਂ ਦੇ ਚੱਕਰ ਕੱਟ ਰਹੇ ਹਨ।ਮੰਦੀ ਤੋ ਛੁਟਕਾਰਾ ਪਾਉਣ ਲਈ ਉਪਾਅ ਕਰਵਾਉਣ ਵਾਲੇ ਲੋਕ ਫਿਰ ਇਹਨਾਂ ਜੋਤਸ਼ੀਆਂ ਨੂੰ ਮੂੰਹ ਮੰਗੀ ਕੀਮਤ ਵੀ ਦੇ ਰਹੇ ਹਨ।ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਅਜਿਹੇ ਸਮੇ ਵਿੱਚ ਵੀ ਕਿਸੇ ਨੂੰ ਮੂੰਹ ਮੰਗੀ ਰਕਮ ਮਿਲ ਜਾਵੇ ਤਾਂ ਫਿਰ ਕੋਈ ਮੰਦੀ ਦਾ ਸ਼ਿਕਾਰ ਕਿਵੇਂ ਹੋ ਸਕਦਾ ਹੈ।ਇਸੇ ਤਰਾਂ ਹੁਸ਼ਿਆਰੀ ਵਰਤਦੇ ਹੋਏ ਜੋਤਸ਼ੀਆਂ ਨੇ ਆਪਣੇ ਆਪ ਨੂੰ ਅਜਿਹੇ ਦੌਰ ਤੋ ਬਚਾਈ ਰੱਖਿਆ ਹੈ।ਉਪਰੋਕਤ ਦਿੱਤੇ ਆਂਕੜਿਆਂ ਨੂੰ ਵੇਖ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋਤਸ਼ੀਆਂ ਨੂੰ ਇੰਨਾ ਪੈਸਾ ਦੇ ਕੇ ਕੋਈ ਇਸ ਦੌਰ ਵਿੱਚੋ ਨਿਕਲ ਰਿਹਾ ਹੈ ਜਾਂ ਫਿਰ ਮੰਦੀ ਦੀ ਇਸ ਦਲਦਲ ਵਿੱਚ ਹੋਰ ਡੂੰਘਾ ਫਸਦਾ ਜਾ ਰਿਹਾ ਹੈ।
ਇਸ ਪਿੱਛੇ ਗਲਤੀ ਜੋਤਸ਼ੀਆਂ ਦੀ ਨਹੀਂ ਸਗੋ ਆਮ ਆਦਮੀ ਦੀ ਹੈ ਜੋ ਵਿਗਿਆਨਿਕ ਦੌਰ ਦੇ ਚੱਲਦਿਆਂ ਵੀ ਵਿਗਿਆਨ ਤੋ ਕੋਹਾਂ ਦੂਰ ਹੋ ਵਹਿਮਾ ਭਰਮਾ ਵਿੱਚ ਫਸਿਆ ਬੈਠਾ ਹੈ।ਜੇ ਭਾਰਤ ਦੇ ਜੋਤਸ਼ੀ ਇੰਨੇ ਹੀ ਸ਼ਕਤੀਸ਼ਾਲੀ ਹਨ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮਿੰਟਾਂ ਵਿੱਚ ਹੀ ਕਰ ਸਕਦੇ ਹਨ ਤਾਂ ਫਿਰ ਉਹਨਾਂ ਜੋਤਸ਼ੀਆਂ ਤੋ ਇਹ ਪੁੱਛਣਾ ਬਣਦਾ ਹੈ ਕਿ ਉਨਾਂ ਭਾਰਤ ਉੱਤੇ ਇਸ ਮੰਦੀ ਨੂੰ ਆਉਣ ਹੀ ਕਿਉਂ ਦਿੱਤਾ? ਇਸਦਾ ਹੱਲ ਪਹਿਲਾਂ ਹੀ ਕਿਉਂ ਨਹੀ ਕੀਤਾ ਗਿਆ?
ਸੱਭਿਆਚਾਰਕ ਵਿਭਾਗ ਜਲੰਧਰ ਜ਼ੋਨ ਦੇ ਮੁਖੀ ਰਾਜੂ ਸੋਨੀ ਮੁਤਾਬਿਕ ਜੋਤਸ਼ੀਆਂ ਦੇ ਕਾਰੋਬਾਰ ਨੂੰ ਚੜਦੀ ਕਲਾ ਵਿੱਚ ਰੱਖਣ ਲਈ ਇੱਕ ਹੋਰ ਗੱਲ ਨੇ ਬੜਾ ਸਾਥ ਦਿੱਤਾ ਹੈ , ਤੇ ਉਹ ਗੱਲ ਹੈ ਭਾਰਤ ਵਿਚਲੀ ਅਨਪੜਤਾ। ਜੇ ਅੱਜ ਵੀ ਸਰਵੇਖਣ ਕਰ ਲਿਆ ਜਾਵੇ ਤਾਂ 90 ਫੀਸਦੀ ਤੋਂ ਵੀ ਵੱਧ ਭਾਰਤੀ ਅਨਪੜ ਹੀ ਸਾਹਮਣੇ ਆਉਣਗੇ। ਇੱਥੇ ਜ਼ਿਕਰਯੋਗ ਹੈ ਕਿ ਇਹ ਉਹ ਅਨਪੜ ਨਹੀਂ ਹਨ ਜਿਨਾਂ ਨੇ ਸਕੂਲੀ ਵਿੱਦਿਆ ਗ੍ਰਹਿਣ ਨਹੀਂ ਕੀਤੀ ਬਲਕਿ ਇਹ ਤਾਂ ਉਹ ਅਨਪੜ ਹਨ ਜਿਨਾਂ ਸਕੂਲਾਂ ਕਾਲਜਾਂ ਤੋ ਇਲਾਵਾ ਯੂਨੀਵਰਸਿਟੀਆਂ ਤੱਕ ਤੋ ਵੀ ਵਿੱਦਿਆ ਪ੍ਰਾਪਤ ਤਾਂ ਕੀਤੀ ਹੈ। ਪਰ ਕਦੀ ਤਰਕ ਨਾਲ
ਗੱਲ ਕਰਨ ਅਤੇ ਚੀਜ਼ਾਂ ਦੀ ਘੋਖ ਕਰਨ ਦੀ ਵਿੱਦਿਆ ਪ੍ਰਾਪਤ ਨਹੀ ਕੀਤੀ। ਇਹਨਾਂ ਪੜੇ ਲਿਖੇ ਅਨਪੜਾਂ ਦੀ ਜ਼ਿੰਦਗੀ ਤਾਂ ਉਨਾਂ ਅਨਪੜਾਂ ਨਾਲੋ ਵੀ ਬਦਤਰ ਹੈ। ਜਿਨਾਂ ਕਦੀ ਕਿਤਾਬਾਂ ਨੂੰ ਹੱਥ ਨਹੀਂ ਲਾਇਆ। ਕਿਉਂਕਿ ਉਹ ਲੋਕ ਤਾਂ ਨਾ ਪੜਨ ਕਰਕੇ ਅਨਪੜ ਹਨ ਪਰ ਇਹ ਲੋਕ ਪੜੇ ਲਿਖੇ ਹੋ ਕੇ ਵੀ ਆਪਣੇ ਕੰਮਾਂ ਕਰਕੇ ਅਨਪੜ ਹਨ।

ਭਾਰਤੀ ਸੰਵਿਧਾਨ ਦੇ ਅਨੁਛੇਦ 51 ਏ ਦੇ ਤਹਿਤ ਇਹ ਹਰ ਇੱਕ ਭਾਰਤੀ ਨਾਗਰਿਕ ਦਾ ਮੌਲਿਕ ਫਰਜ਼ ਹੈ ਕਿ ਉਹ ਵਹਿਮਾਂ ਭਰਮਾਂ ਨੂੰ ਛੱਡ ਵਿਗਿਆਨਕ ਪਹੁੰਚ ਨੂੰ ਵੱਧ ਵੱਧ ਉਤਸ਼ਾਹਿਤ ਕਰੇ।ਪਰ ਲੋਕਾਂ ਦੁਆਰਾ ਸਰਕਾਰ ਬਣਾਉਣ ਲਈ ਚੁਣੇ ਗਏ ਨੁਮਾਂਇੰਦੇ ਹੀ ਜੇ ਆਪਣੇ ਮੌਲਿਕ ਫਰਜ਼ ਭੁੱਲ ਕੇ, ਤੇ ਵਹਿਮਾਂ ਦੀ ਦਲਦਲ ਵਿੱਚ ਫਸੇ ਘਰਾਂ ਵਿੱਚ ਖੂਹ ਪੁਟਾਉਂਦੇ ਫਿਰਨਗੇ ਤਾਂ ਫਿਰ ਦੇਸ਼ ਦੀ ਬਾਕੀ ਜਨਤਾ ਦਾ ਹਾਲ ਕੀ ਹੋਵੇਗਾ ਇਸ ਗੱਲ ਤੋਂ ਇਸਦਾ ਵੀ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਜੇ ਦੇਸ਼ ਦੀ ਸਰਕਾਰ ਹੀ ਸੰਵਿਧਾਨ ਦੀ ਪਾਲਣਾ ਨਹੀਂ ਕਰੇਗੀ ਤਾਂ ਭਲਾ ਆਮ ਆਦਮੀ ਇਸ ਲਈ ਪਹਿਲ-ਕਦਮੀ ਕਿਉਂ ਕਰੇਗਾ।
ਅੱਜ ਦੇਸ਼ ਦੀ ਵਧੇਰੇ ਜਨਤਾ ਇਨਾਂ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਹੈ।ਦੇਖਿਆ ਜਾਵੇ ਤਾਂ ਇਸ ਪਿੱਛੇ ਸਭ ਤੋ ਵੱਡਾ ਰੋਲ ਮੀਡੀਆ ਨੇ ਹੀ ਅਦਾ ਕੀਤਾ ਹੈ।ਜੋਤਸ਼ੀਆਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਸਭ ਤੋ ਵੱਡਾ ਯੋਗਦਾਨ ਪਾਇਆ ਹੈ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੇ।ਸਵੇਰ ਵੇਲੇ ਤਾਂ ਲਗਭਗ ਸਾਰੇ ਹੀ ਟੀ ਵੀ ਚੈਨਲਾਂ ਤੇ ਜੋਤਸ਼ੀਆਂ ਦਾ ਬੋਲਬਾਲਾ ਹੁੰਦਾ ਹੈ ਅਤੇ ਸਾਡੇ ਵਰਗੇ ਲੋਕ ਉਨਾਂ ਪ੍ਰੋਗਰਾਮਾਂ ਨੂੰ ਵੇਖ ਚੈਨਲਾਂ ਦੀ ਟੀ.ਆਰ.ਪੀ ਵਧਾਉਂਦੇ ਹਨ।ਇਸ ਤੋ ਇਹ ਸਿੱਧ ਹੋ ਜਾਂਦਾ ਹੈ ਕਿ ਉਕਤ ਚੈਨਲ ਦਾ ਇਹ ਪ੍ਰੋਗਰਾਮ ਕਿੰਨਾ ਕੁ ਲੋਕਪ੍ਰਿਅ ਹੈ।ਜਦੋ ਜੋਤਸ਼ੀਆਂ ਦੇ ਕਿਸੇ ਪ੍ਰੋਗਰਾਮ ਵੇਲੇ ਕਿਸੇ ਚੈਨਲ ਦੀ ਟੀ.ਆਰ.ਪੀ ਵਧੀ ਤਾਂ ਦੂਜੇ ਚੈਨਲਾਂ ਨੇ ਵੀ ਅਜਿਹੇ ਹੀ ਪ੍ਰੋਗਰਾਮ ਸ਼ੁਰੂ ਕਰਨ ਦੀ ਸੋਚੀ।ਫਲਸਰੂਪ ਚੈਨਲ ਤਾਂ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਹੋ ਗਏ ਪਰ ਇਨਾਂ ਨੇ ਪੂਰੇ ਸਮਾਜ ਦਾ ਬੇੜਾ ਗਰਕ ਕਰ ਦਿੱਤਾ।ਕੀ ਆਪਣੇ ਦਰਸ਼ਕਾਂ ਦੀ ਗਿਣਤੀ ਵਧਾਉਣ ਦੀ ਖਾਤਿਰ ਪੂਰੇ ਸਮਾਜ ਦੀਆਂ ਬੇੜੀਆਂ ਵਿੱਚ ਵੱਟੇ ਪਾਉਣਾ ਜਾਇਜ਼ ਹੈ?
ਸਵੇਰ ਵੇਲੇ ਹੀ ਦਿਨ ਦੇ ਰਾਸ਼ੀਫਲ ਨੂੰ ਸੁਣ ਕੇ ਆਦਮੀ ਦੇ ਦਿਮਾਗ ਵਿੱਚ ਕਈ ਤਰਾਂ ਦੇ ਵਿਚਾਰ ਆਉਣ ਲੱਗ ਜਾਂਦੇ ਹਨ।ਜਿਨਾਂ ਦਾ ਸਾਡੇ ਦਿਮਾਗ ਤੇ ਕਾਫੀ ਡੂੰਘਾ ਮਨੋਵਿਗਿਆਨਿਕ ਅਸਰ ਹੁੰਦਾ ਹੈ।ਫਿਰ ਸਾਨੂੰ ਇੰਝ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਰਾਸ਼ੀਫਲ ਸਹੀ ਸੀ।ਕਿਉਂਕਿ ਜੇ ਤਾਂ ਰਾਸ਼ੀ ਸਹੀ ਹੁੰਦੀ ਹੈ ਤਾਂ ਫਿਰ ਅਸੀਂ ਦਿਨ ਭਰ ਦੇ ਕੰਮਾਂ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤੇ ਜੇ ਰਾਸ਼ੀਫਲ ਠੀਕ ਨਹੀਂ ਆਉਂਦਾ ਤਾਂ ਫਿਰ ਇਸਦਾ ਅਜਿਹਾ ਅਸਰ ਸਾਡੇ ਦਿਮਾਗ ਤੇ ਪੈਂਦਾ ਹੈ ਕਿ ਸਾਰੀਆਂ ਚੀਜ਼ਾਂ ਪ੍ਰਤੀ ਸਾਡਾ ਨਜ਼ਰੀਆ ਹੀ ਗਲਤ ਬਣ ਜਾਂਦਾ ਹੈ।
ਟੀ ਵੀ ਚੈਨਲਾਂ ਨੂੰ ਇਹਨਾਂ ਪ੍ਰੋਗਰਾਮਾਂ ਸਦਕਾ ਕਾਫੀ ਕਮਾਈ ਹੁੰਦੀ ਹੈ ਇਸ ਲਈ ਸ਼ਾਇਦ ਚੈਨਲਾਂ ਵਾਲੇ ਤਾਂ ਇੰਝ ਹੀ ਕਰਦੇ ਰਹਿਣਗੇ।ਪਰ ਜੇ ਦਰਸ਼ਕ ਹੀ ਸਮਝਦਾਰ ਹੋ ਜਾਣ ਤਾਂ ਫਿਰ ਅਜਿਹੇ ਪ੍ਰੋਗਰਾਮ ਜ਼ਿਆਦਾ ਦੇਰ ਚੱਲ ਨਹੀਂ ਸਕਣਗੇ।ਭੋਲੇ ਭਾਲੇ ਦਰਸ਼ਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਅਜਿਹੇ ਪ੍ਰੋਗਰਾਮ ਕਈ ਮਹੀਨੇ ਪਹਿਲਾਂ ਹੀ ਰਿਕਾਰਡ ਕੀਤੇ ਹੁੰਦੇ ਹਨ।
ਇਸ ਬੀਮਾਰ ਮਾਨਸਿਕਤਾ ਵਿੱਚ ਫਸੇ ਕਈ ਨਾਮੀ ਗਰਾਮੀ ਕ੍ਰਿਕੇਟ ਖਿਡਾਰੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ।ਇਸ ਸਮੇ ਭਾਰਤ ਵਿੱਚ ਕ੍ਰਿਕੇਟ ਦੇ ਦੀਵਾਨਿਆਂ ਦੀ ਵੀ ਕੋਈ ਕਮੀ ਨਹੀਂ ਹੈ।ਸੋ ਕੁਲ ਮਿਲਾ ਕੇ ਸਟਾਰ ਕ੍ਰਿਕੇਟਰ , ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ ਤੇ ਫਿਰ ਇਹ ਸਾਰੇ ਉਂਝ ਹੀ ਕਰਨ ਦੀ ਸੋਚਦੇ ਨੇ ਜਿਵੇਂ ਉਨਾਂ ਦਾ ਰੋਲ ਮਾਡਲ ਕਰਦਾ ਹੈ।ਭਾਵ ਸਟਾਰ ਕ੍ਰਿਕਟਰ ਕਈ ਵਾਰ ਜੋਤਸ਼ੀਆਂ ਦੇ ਕਹਿਣ ਤੇ ਆਪਣੀ ਟੀ ਸ਼ਰਟ ਦਾ ਨੰਬਰ ਬਦਲਦੇ ਨੇ,ਕਦੀ ਨੰਬਰ 99 ਰੱਖਿਆ ਜਾਂਦਾ ਹੈ ਤੇ ਕਦੀ 10।ਇਸ ਤਰਾਂ ਇਨਾਂ ਖਿਡਾਰੀਆਂ ਨੂੰ ਚਾਹੁਣ ਕਰਨ ਵਾਲੇ ਦਰਸ਼ਕ ਵੀ ਅਜਿਹੀਆਂ ਗੱਲਾਂ ਵਿੱਚ ਯਕੀਨ ਕਰਨ ਲੱਗ ਜਾਂਦੇ ਹਨ।ਪਰ ਸੋਚਣ ਵਾਲੀ ਗੱਲ ਹੈ ਕਿ ਜੇ ਨੰਬਰ ਬਦਲਣ ਨਾਲ ਹੀ ਸਭ ਕੁਝ ਹੋ ਜਾਂਦਾ ਹੋਵੇ ਤਾਂ ਫਿਰ ਘੰਟਿਆਂ ਬੱਧੀ ਪ੍ਰੈਕਟਿਸ ਕਰਕੇ ਪਸੀਨਾ ਵਹਾਉਣ ਦੀ ਕੀ ਲੋੜ।ਇੰਝ ਤਾਂ ਭਾਰਤੀ ਕ੍ਰਿਕੇਟ ਟੀਮ ਨੂੰ ਕਦੇ ਹਾਰਨਾ ਹੀ ਨਹੀਂ ਚਾਹੀਦਾ।ਪਰ ਅਜਿਹਾ ਨਹੀ ਹੁੰਦਾ ਤੇ ਕਈ ਵਾਰ ਨੰਬਰ ਬਦਲਣ ਵਾਲੇ ਖਿਡਾਰੀ ਵੀ ਜ਼ੀਰੋ ਤੇ ਆਊਟ ਹੋ ਜਾਂਦੇ ਹਨ ਤੇ ਕਦੀ ਨੱਬਿਆਂ ਦੀ ਲਾਈਨ ਵਿੱਚ।
ਪਰ 21 ਸਦੀ ਵਿਗਿਆਨਕ ਤੇ ਤਕਨੀਕੀ ਸਦੀ ‘ਚ ਵੀ ਅਫਸੋਸ ਨਾਲ ਕਿਹਾ ਜਾ ਰਿਹਾ ਏ ਕਿ ਸਾਡਾ ਸਮਾਜ ਇੰਨੀ ਹਿੰਮਤ ਨਹੀ ਰੱਖਦਾ ਕਿ ਜੋਤਿਸ਼ ਦੇ ਖਿਲਾਫ ਜਾ ਕੇ ਸੋਚ ਸਕੇ।ਕਿਉਂਕਿ ਜੋਤਸ਼ੀਆਂ ਨੇਂ ਸਾਨੂੰ ਡਰਾ ਹੀ ਇਸ ਕਦਰ ਰੱਖਿਆ ਹੈ।ਅੱਜ ਦੇ ਸਮਾਜ ਨੂੰ ਲੋੜ ਹੈ, ਇਨਾਂ ਜੋਤਸ਼ੀਆਂ ਦੇ ਸੰਸਾਰ ਨੂੰ ਛੱਡ ਉਸ ਵੱਖਰੇ ਸੰਸਾਰ ਦੀ ਹੋਂਦ ਨੂੰ ਪਛਾਨਣ ਦੀ ਜਿਸ ਵਿੱਚ ਨਾ ਤਾਂ ਭੂਤਾਂ ਪ੍ਰੇਤਾਂ ਦਾ ਡਰ ਹੈ ਅਤੇ ਨਾ ਹੀ ਮਰਨ ਤੋ ਬਾਅਦ ਨਰਕ ਅਤੇ ਸਵਰਗ ਦਾ। ਸੱਚਮੁੱਚ ਉਸ ਸੰਸਾਰ ਵਿੱਚ ਜੀਊਣ ਦਾ ਇੱਕ ਅਲੱਗ ਹੀ ਨਜ਼ਾਰਾ ਆਉਂਦਾ ਹੈ। ਜੇ ਯਕੀਨ ਨਹੀਂ ਤਾਂ ਇੱਕ ਵਾਰ ਅਜ਼ਮਾ ਕੇ ਜ਼ਰੂਰ ਵੇਖੋ.............!

Inderdeep Singh ‘Mirza’
VPO-Bhangala
Tehsil-Mukerian
District-Hoshairpur
98555-77954
01883-233169

Read more...

Tuesday, July 28, 2009

'ਇਹ ਨਹੀਂ ਭਾਊ ਮੁੜਦੇ'

ਚਰਨਜੀਤ ਸਿੰਘ ਤੇਜਾ

ਨਿਵਾਰੀ ਪਲੰਘ
ਵਾਣ ਵਾਲੇ ਵੱਡੇ ਮੰਜੇ
ਮੰਮੀ ਦੀ ਦਾਜ ਵਾਲੀ ਪੇਟੀ
ਭੜੋਲਾ, ਢੱਕਣਾਂ ਵਾਲੇ ਪੀਪੇ
ਬਿਸਤਰੇ ਤੇ ਹੋਰ ਨਿੱਕ ਸੁੱਕ
ਬੰਨ ਕੇ ਜਦੋਂ
ਪਿੰਡੋਂ ਤੁਰੇ ਸੀ ਅਸੀਂ,
ਤਾਂ ਥੜੀ 'ਤੇ ਬੈਠੇ ਬੰਦਿਆਂ 'ਚੋਂ
ਮੁੱਖੇ ਦੇ ਬੋਲ
ਕਿੰਨੇ ਚੁਬੇ ਸੀ ਮੈਨੂੰ
'ਇਹ ਨਹੀਂ ਭਾਊ ਹੁਣ ਮੁੜਦੇ'
ਸਰਕਾਰੀ ਕੈਂਟਰ 'ਤੇ ਸਮਾਨ ਲੱਦਦਿਆਂ
ਡੈਡੀ ਕਿੰਨਾਂ ਕੁਝ ਛੱਡੀ ਜਾਂਦਾ ਸੀ
ਇਹ ਕਹਿ ਕੇ
'ਚੱਲ, ਇਥੇ ਵੀ ਕੰਮ ਆਉਣਾਂ
ਕਿਹੜਾ ਪੱਕੇ ਚੱਲੇ ਆਂ'
ਨਾਲ ਹੱਥ ਪਵਾਉਦੇ 'ਸ਼ੁਭ-ਚਿੰਤਕਾਂ' ਨੂੰ
ਦੱਸਿਆ ਜਾ ਰਿਹਾ ਸੀ-
'ਪਿੰਡੀਂ ਥਾਂਈ ਬੜਾਂ ਔਖਾਂ ਜੀ
ਅਗਾਂਹ ਨਿਆਣੇ ਪੜਾਉਣੇ,
ਅੱਗੇ ਤਾਂ ਪੜਾਈ ਦਾ ਈ ਮੁੱਲ ਆ
ਦੋ ਚਾਰ ਸਾਲ ਈ ਆ ਵਖਤ ਦੇ
ਮੁੜ ਏਥੇ ਹੀ ਵਹੁਣੀ ਬੀਜਣੀ ਏ'
ਵਖਤ ਦੇ ਸਾਲ, ਦਹਾਕੇ ਬਣ ਗਏ
ਡੇਢ ਦਹਾਕੇ ਪਿਛੋਂ
ਪਿੰਡ ਛੱਡ ਵਸਾਇਆ ਸ਼ਹਿਰ
ਪੇਂਡੂ ਜਿਹਾ ਲੱਗਣ ਲੱਗਾ
ਪਤਾਂ ਨਹੀਂ ਕਿਹੜੇ ਵਖਤਾਂ ਦੇ ਮਾਰੇ
ਹੋ ਨਿਕਲੇ ਵੱਡਿਆਂ ਸ਼ਹਿਰਾਂ ਨੂੰ,
ਵੱਡੇ ਸ਼ਹਿਰ
ਵੱਡੇ ਤਾਂ ਨਹੀਂ
ਬੇ-ਲਗਾਮ ਖਾਹਿਸ਼ਾਂ ਤੋਂ
ਉਹ ਵੀ ਸੁੰਗੜ ਗਏ
ਰੁਪਈਆਂ ਤੇ ਡਾਲਰਾਂ ਦੇ ਜਮਾਂ ਘਟਾਓ 'ਚ,
ਹੁਣ ਡਾਲਰਾਂ ਦੇ ਸੁਨਹਿਰੀ ਸੁਪਨਿਆਂ 'ਚ
ਕਦੀਂ-ਕਦੀਂ ਮੁੱਖਾ ਵੀ ਮਿਲਦਾ ਹੁੰਦਾ
ਕਦੀਂ ਪਿੰਡ ਥੜੀਆਂ 'ਤੇ
ਕਦੀ ਅੰਬਰਸਰ ਰੇਲਵੇ ਟੇਸਨ
ਤੇ ਕਦੀਂ ਦਿੱਲੀ ਹਵਾਈ ਅੱਡੇ
ਹਾਲ ਪਾਰਿਆ ਕਰਦਾ
ਦੁਹਾਈਆਂ ਦੇਂਦਾ
ਜਾਣ ਵਾਲਿਆਂ ਨੂੰ ਸੁਣਾਂ-ਸੁਣਾਂ ਕਹਿੰਦਾ
"ਇਹ ਨੀ ਭਾਊ ਹੁਣ ਮੁੜਦੇ"

Read more...

Tuesday, July 7, 2009

ਅੱਤਵਾਦੀ

ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਬੰਗਾਲ 'ਚ ਸੀ.ਪੀ.ਐੱਮ ਸਰਕਾਰ ਦੀ ਗੁੰਡਾ ਗਰਦੀ ਵਿਰੁਧ ਲਾਲਗੜ੍ਹ 'ਚ ਝੰਡਾ ਬੁਲੰਦ ਕਰਨ ਵਾਲੇ ਮਾਓਵਾਦੀਆਂ 'ਤੇ ਨਕਸਲੀਆਂ ਨੂੰ ਅੱਤਵਾਦੀ ਐਲਾਨ ਦਿੱਤਾ। ਮੇਰਾ ਜਨਮ 84 ਦਾ ਹੈ ਤੇ ਇਹ ਅੱਤਵਾਦੀ ਸਬਦ ਨਾਲ ਮੇਰੀ ਜਾਣ-ਪਛਾਣ ਹੋਸ਼ ਸੰਭਾਲਣ ਤੋਂ ਹੀ ਹੈ ।ਸੋ ਹੱਡਬੀਤੀ ਤੇ ਲਾਲਗੜ੍ਹ ਦੀਆਂ ਘਟਨਾਵਾਂ ਨੇ ਇਹ ਕੱਚ-ਕੜੀੜ ਤੁੱਕ ਜੋੜ ਲਿਖਵਾਇਆparho -ਚਰਨਜੀਤ ਸਿੰਘ ‘ਤੇਜਾ’

ਜਦੋਂ ਮੈ ਹੋਸ਼ ਸੰਭਾਲੀ ਹੀ ਸੀ
ਸੋਚ ਦਾ ਭਾਡਾਂ ਖਾਲੀ ਹੀ ਸੀ
ਸ਼ੰਕਾਂ, ਕੋਈ ਸੁਆਲ ਨਹੀਂ ਸੀ
ਅਕਲਾਂ ਦੀ ਕੋਈ ਕਾਹਲ ਨਹੀਂ ਸੀ

ਜਦ ਨਵੀਂ ਨਵੀਂ ਕੋਈ ਗੱਲ ਸਿੱਖਦੇ ਸੀ
ਉਹਨੂੰ ਕਈ ਕਈ ਦਿਨ ਚਿੱਥਦੇ ਸੀ
ਸਿੰਘ-ਪੁਲੀਸ, ਸ਼ਹੀਦ ਤੇ ਮਰਨਾਂ
ਅਰਥਾਂ ਵਿਚਲੇ ਫਰਕ ਮਿਥਦੇ ਸੀ

ਇੱਕ ਦਿਨ ਖੂ’ਤੇ ਬੰਬੀ ਥੱਲੇ ਨਾਂਵਾਂ
ਡੈਡੀ ਕਹਿੰਦਾਂ “ਪਿੰਡ ਪੱਠੇ ਸੁੱਟ ਆਵਾਂ”
ਸਿਰ ਨਾਂ ਭਿਉਈ ,ਕਹਿ ਉਹ ਤੁਰ ਗਿਆ
ਮੈਂ ਤੂਤਾਂ ਥੱਲਿਓ ‘ਗੋਲਾਂ’ ਚੁਗ ਖਾਵਾਂ

ਅੱਜ ਵੀ ਯਾਦ ਨੇ ਉਹ ਟੋਪਾਂ ਵਾਲੇ
ਬਿਨ ਦਾੜੀ, ਕੱਲੀਆ ਮੁੱਛਾਂ, ਰੰਗ ਉਨਾਂ ਦੇ ਛਾਹ ਕਾਲੇ
ਜਾਣਦਾ ਸੀ ਭਈ, ਇਹ ਸੀ ਆਰ ਪੀ. ਏ
ਭਾਵੇਂ ਅੱਗੋਂ ਪਿਛੋਂ ਕਹੀਦਾ ਸੀ ‘ਸਾਲੇ’

ਆ ਬੰਬੀ ਵਾਲੇ ਕੋਠੇ ਅੱਗੇ
ਆਪਸ ਵਿੱਚ ਉਹ ਗੱਲੀਂ ਲੱਗੇ
“ਓ ਲੜਕੇ ‘ਖਟੀਆਂ ਹੈ ਕਿਆਂ!”
ਮੈਨੂੰ ਤਾਂ ਕੁਝ ਸਮਝ ਨਾਂ ਲੱਗੇ

ਫਿਰ ਇੱਕ ਨੇ ਦੂਜੇ ਨੂੰ ਕੁਝ ਕਿਹਾ
ਮੈਂ ਡਰਿਆ ਸਹਿਮਿਆਂ ਖੜਾ ਰਿਹਾ
‘ਖੱਟੀ ਪਟਕੀ’ ਵੱਲ ਇਸ਼ਾਰਾ ਕਰਕੇ
ਕਹਿੰਦਾ, “ਅਰੇ ਤੂੰ ਅੱਤਵਾਦੀ ਹੈ ਕਿਆਂ?”

ਫਿਰ ਉਹ ਮੇਰੇ ਕੱਛੇ ‘ਤੇ ਹੱਸੇ
ਭਿਆਨਕ ਚਿਹਰੇ ਮੇਰੇ ਮਨ ‘ਚ ਵੱਸੇ
“ਭਿੰਡਰਾਵਾਲੇ ਕੀ ਨਿਕਰ ਪਹਿਨਾ”
ਸ਼ਬਦ ਸਾਰੇ ਮੈਂ ਸਾਂਭ ਕੇ ਰੱਖੇ

ਫਿਰ ਇਹ ਸ਼ਬਦ ਸੁਆਲ ਬਣ ਗਏ
ਬੇਹੂਦਾ ਫਿਕਰੇ ਗਾਲ ਬਣ ਗਏ
‘ਅੱਤਵਾਦੀ ਤੇ ਖੱਟਾ ਪਟਕਾ’
ਅਰਥਾਂ ਦੀ ਉਹ ਭਾਲ ਬਣ ਗਏ

ਭਾਲ ਭਾਲ ਕੇ ਇਹ ਗੱਲ ਜਾਣੀ
ਵੰਡ ਤੋਂ ਪਿਛੋਂ ਦੀ ਦਰਦ ਕਹਾਣੀ
ਆਪਣੇ ਹੀ ਘਰ ਅੱਤਵਾਦੀ ਕਹਾਏ
ਜਦ ਮਾਂ ਬੋਲੀ, ਧਰਮ ਤੇ ਖੋਹੇ ਪਾਣੀ

ਮਾਰਿਆ ਕੁਟਿਆ ‘ਤੇ ਰੋਣ ਵੀ ਨਹੀਂ ਦਿੱਤਾ
ਆਪਣੇ ਪੈਰੀ ਖਲੋਣ ਵੀ ਨਾਂ ਦਿੱਤਾ
ਪਾਣੀ , ਨਾ ਭਾਸ਼ਾ ਨਾ ਮੁਖਤਿਅਰੀ
ਮਸਲਾ ਕੋਈ ਹੱਲ ਹੋਣ ਨਾ ਦਿੱਤਾ

ਜਦ ਸਾਨੂੰ ਰਮਜਾਂ ਸਮਝ ਆਈਆ
ਹਵਾਵਾ ਦੇ ਪੈਰੀ ਬੇੜੀਆ ਪਾਈਆਂ
ਹੱਕ ਮੰਗੀਏ ਤਾਂ ਅੱਜ ਵੀ ਅੱਤਵਾਦੀ
ਸਰਕਾਰਾਂ ਅਦਾਲਤਾਂ ਕਰਨ ਚੜਾਈਆਂ


ਅੱਜ ਫਿਰ ਨਵਾਂ ਐਲਾਨ ਹੋ ਗਿਆ
ਭੰਗ ਕਿੰਝ ਅਮਨੋ-ਅਮਾਨ ਹੋ ਗਿਆ
ਜੋ ਰੋਟੀ ਮੰਗੇ ਉਹ ‘ਅੱਤਵਾਦੀ’
ਕਹੋ, ਅਮਨ ਪਸੰਦ ਜੋ ਭੂੱਖਾਂ ਸੋਂ ਗਿਆ

ਅੰਤ, ਲਾਲਗੜ੍ਹ ਦੇ ‘ਲਾਲੋ’ ਉਠ ਆਏ
ਭਾਗੋਆ ਦੇ ਜਾ ਚੁਬਾਰੇ ਢਾਹੇ
ਅਬਾਨੀ, ਟਾਟੇ ਖੋਹਣ ਕੋਧਰਾ
ਉਹ ਸੱਤਵਾਦੀ ਤੇ ਅਸੀ ਅੱਤਵਾਦੀ ਕਹਾਏ

ਕੇਹਾ ਇਹ ਇਨਸਾਫ ਤੇਰਾ
ਦੱਸ ਤਾਂ ! ਸਾਨੂੰ ਭਾਰਤ ਮਾਏ!
ਪਾਣੀ ਬਿਨ ਬੰਜਰ, ਰੋਟੀ ਬਿਨ ਹੀਣੇ
ਆਪਣੇ ਘਰ ਵਿੱਚ ਅਸੀ ਪਰਾਏ

Read more...

Wednesday, June 10, 2009

ਚਰਨਜੀਤ ਸਿੰਘ ਤੇਜਾ

ਹਲਫਨਾਮਾ

ਅਸੀਂ ਅਜੇ ਹੰਭੇ ਨਹੀਂ,
ਘੋੜੇ ਦੀ ਕੰਡ 'ਤੇ ਬਹਿ ਬਹਿ ਕੇ
ਸਾਡੀ ਜੰਗ ਅਜੇ ਜਾਰੀ ਹੈ
ਛਿੜਦੀ ਹੈ ਰਹਿ ਰਹਿ ਕੇ
ਜੰਗਲਾਂ ਤੇ ਉਜਾੜਾਂ ਦਾ ਪੰਧ
ਅਜੇ ਲੰਮੇਰਾ ਲਗਦਾ ਏ
ਲੜੇ ਹਾਂ ਲੜਦੇ ਰਹਾਂਗੇ
ਜਦ ਤਕ ਖੂਨ ਰਗਾਂ 'ਚ ਵਗਦਾ ਏ
ਅਸੀਂ ਕਲਮ ਤੋਂ ਤਲਵਾਰ ਤਕ
ਹਰ ਮੁਕਾਮ 'ਤੇ ਲੜਨਾ ਏ
ਤਲਵਾਰ ਦੀ ਧਾਰ ਤਿੱਖੀ ਕਰਨ ਲਈ
ਪਿਆ ਫਿਰ ਕਲਮ ਨੂੰ ਘੜਨਾ ਏ
ਅਸੀਂ ਤਾਂ ਖੰਡੇ ਤੋਂ ਜਨਮੇ ਹਾਂ
ਤੇ ਘੋੜ ਕਾਠੀਆਂ ਤੇ ਪਲੇ ਹਾਂ
ਮੌਤ ਨਾਲ ਫੇਰੇ ਲੈ ਕੇ
ਅਜੀਤ ਜੁਝਾਰ ਸੰਗ ਰਲੇ ਹਾਂ
ਸਾਨੂੰ ਇਤਿਹਾਸ 'ਤੇ ਮਾਣ ਹੈ
ਤੇ ਅੱਜ ਦੀ ਫਿਕਰ ਡਾਹਡੀ ਏ
ਸਾਡਾ ਅੱਤ ਆਧੁਨਿਕ ਫਲਸਫਾ
ਕਿਉਂ ਰਹਿ ਗਿਆ ਫਾਡੀ ਏ ?
ਸ਼ਮਸ਼ੀਰ ਫਿਰ ਖੂਨ ਮੰਗੇਗੀ
ਤੇ ਭੀੜ 'ਚੋਂ ਪੰਜ ਉਠਣਗੇ
ਬੰਦਾ ਸਰਹਿੰਦ ਢਾਹੇਗਾ ਤੇ
ਬੋਤੇ-ਗਰਜੇ ਘਰ ਘਰ ਫੁੱਟਣਗੇ
ਫਿਰ ਮਿਲ ਗੁਰ ਭਾਈ ਬੈਠਣਗੇ
ਤੱਖਤੋਂ ਹੁਕਮ ਗੁਰੂ ਦਾ ਆਵੇਗਾ
ਜਾਗ ਕੌਮ ਨੂੰ ਕਲਮ ਨੇ ਲਾਈ ਜਦੋ
ਤਾਂ 'ਤੇਜਾ' ਖੰਡੇ ਨੂੰ ਹੱਥ ਪਾਵੇਗਾ

Read more...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP