Sunday, November 29, 2009

ਮਸਲਾ, ਬੱਤੀ ਲਾਲ ਕਿ ਮਹਿੰਗੀ ਕਾਰ

ਇੰਦਰਦੀਪ ਸਿੰਘ


ਬੱਬੂ ਮਾਨ ਦੀ ਨਵੀਂ ਕੈਸੇਟ ਦਾ ਚਰਚਿਤ ਗੀਤ ‘ਇੱਕ ਬਾਬਾ ਨਾਨਕ ਸੀ’ ਸੁਣਿਆ ਜਾਵੇ ਤਾਂ ਮਸਲਾ ਲਾਲ ਬੱਤੀ ਦਾ ਲੱਗਦਾ ਹੈ, ਪਰ ਇਸ ਉੱਤੇ ਜੋ ਪ੍ਰਤੀਕਿਰਿਆ ਆਪਣੇ ਆਪ ਬਣੇ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਅਤੇ ਤਰਸੇਮ ਸਿੰਘ ਜੀ ਮੋਰਾਵਾਲੀ ਦੀ ਸਾਹਮਣੇ ਆਈ ਹੈ ਉਸ ਮੁਤਾਬਿਕ ਮਸਲਾ ਮਹਿੰਗੀ ਕਾਰ ਰੱਖਣ ਦਾ ਹੈ।ਕਹਿੰਦੇ ਨੇ ਚੋਰ ਦੀ ਦਾੜੀ ਵਿੱਚ ਤਿਣਕਾ, ਇਸ ਗਾਣੇ ਤੋ ਪੈਦਾ ਹੋਏ ਵਿਵਾਦ ਨੇ ਇਹ ਕਹਾਵਤ ਵੀ ਬਾਖੂਬੀ ਸੱਚ ਕਰ ਵਿਖਾਈ ਹੈ। ਵੈਸੇ ਸਿੱਖ ਧਰਮ ਦੇ ਪ੍ਰਚਾਰਕ ਬਣੀ ਫਿਰਦੇ ਸੰਤਾਂ ਬਾਬਿਆਂ ਵਿੱਚ ਅਜਿਹੇ ਤਿਨਕਿਆਂ ਦੀ ਘਾਟ ਨਹੀਂ ਪਰ ਇਸ ਮਸਲੇ ਤੇ ਉਨਾ ਸਮਝਦਾਰੀ ਨਾਲ ਕੰਮ ਲੈ ਕੇ ਆਪਣੀ ਗਾਹਕੀ ਨੂੰ ਖੋਰਾ ਲੱਗਣ ਤੋ ਬਚਾ ਲਿਆ ਹੈ।ਇਸ ਵਿਵਾਦ ਨੇ ਦੋ ਪ੍ਰਚਾਰਕਾਂ ਬਣੀ ਫਿਰਦੇ ਬਾਬਿਆਂ ਦੇ ਨਾਂ ਸਾਹਮਣੇ ਲਿਆਦੇ ਹਨ।ਆਪਣੀਆਂ ਕਰਤੂਤਾਂ ਕਰਕੇ ਕੈਨੇਡਾ ਦੇ ਦੌਰੇ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਤਾਂ ਵਾਧੂ ਇੱਜ਼ਤ ਪਹਿਲਾਂ ਵੀ ਖੱਟੀ ਸੀ ਇਸ ਲਈ ਸ਼ਾਇਦ ਇੰਨੀ ਕੁ ਬਦਖੋਹੀ ਜਿੰਨੀ ਕੁ ਹੁਣ ਹੋਈ, ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਨਾ ਤਾਂ ਮੋਰਾਵਾਲੀ ਬਾਬੇ ਕਹਾਉਣ ਵਾਲੇ ਤਰਸੇਮ ਸਿੰਘ ਕੋਲ ਕਾਲੀ ਔਡੀ ਅਤੇ ਨਾਂ ਹੀ ਕਾਰ ਉੱਤੇ ਲਾਲ ਬੱਤੀ ਫਿਰ ਅਜਾਈਂ ਹੀ ਆਪਣੀ ਗਾਹਕੀ ਖਰਾਬ ਕਰਨ ਵਾਲੀ ਗੱਲ ਗਲਿਉਂ ਨਹੀਂ ਉਤਰਦੀ।ਇਸ ਲੇਖ ਵਿੱਚ ਵਾਰ ਵਾਰ ਗਾਹਕੀ ਸ਼ਬਦ ਵਰਤਣ ਤੋਂ ਭਾਵ ਕਿ ਅੱਜਕੱਲ ਦੇ ਰਣਜੀਤ ਸਿੰਘ ਅਤੇ ਤਰਸੇਮ ਸਿੰਘ ਵਰਗੇ ਧਰਮ ਪ੍ਰਚਾਰਕਾਂ ਦਾ ਮੁੱਖ ਮਕਸਦ ਮਾਇਆ ਇੱਕਠੀ ਕਰਨਾ ਹੀ ਰਹਿ ਗਿਆ ਹੈ ਨਾਂ ਕਿ ਧਰਮ ਦਾ ਪ੍ਰਚਾਰ ਕਰਨਾ।ਵੈਸੇ ਧਰਮ ਪ੍ਰਚਾਰਕ ਬਣੀ ਫਿਰਦੇ ਬਾਬਾ ਰਣਜੀਤ ਸਿੰਘ ਜੀ ਦੇ ਮੁਤਾਬਿਕ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆਵਾਜਾਈ ਦੇ ਸਾਧਨ ਵਜੋਂ ਲੋਕ ਘੋੜੇ ਨਹੀਂ ਸਨ ਵਰਤਦੇ ਪਰ ਬਾਬਾ ਜੀ ਨੂੰ ਇਹ ਗੱਲ ਪੁੱਛੀ ਜਾਵੇ ਜੇ ਲੋਕ ਘੋੜੇ ਨਹੀਂ ਸਨ ਵਰਤਦੇ ਤਾਂ ਕੀ ਉਸ ਸਮੇ ਬਾਬਰ ਨੇ ਆਪਣੀ ਸੈਨਾ ਸਮੇਤ ਭਾਰਤ ਤੇ ਹਮਲਾ ਪੈਦਲ ਚੱਲ ਕੇ ਕੀਤਾ ਸੀ? ਇਹ ਸਾਡੇ ਸਭਨਾ ਲਈ ਸ਼ਰਮ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਦੀ ਅਗਵਾਈ ਇਹੋ ਜਿਹੇ ਅਖੌਤੀ ਸੰਤ ਕਰ ਰਹੇ ਹਨ ਜਿਨਾਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣਾ ਤਾਂ ਦੂਰ ਦੀ ਗੱਲ, ਬਾਬਾ ਨਾਨਕ ਨੇ ਆਪਣੀਆਂ ਚਾਰ ਉਦਾਸੀਆਂ ਚੱਲ ਕੇ ਕਿਉਂ ਕੀਤੀਆਂ ਇਸ ਬਾਰੇ ਵੀ ਸਹੀ ਜਾਣਕਾਰੀ ਨਹੀਂ ਹੈ।ਗੁਰੂ ਨਾਨਕ ਸਾਹਿਬ ਨੇ ਪਰਿਵਾਰ ਅਤੇ ਸੁੱਖ ਦੇ ਸਭ ਸਾਧਨ ਤਿਆਗ ਕੇ ਚਾਰ ਉਦਾਸੀਆਂ ਕੀਤੀਆਂ ਪਰ ਇਨਾਂ ਬਾਬਿਆਂ ਦੇ ਸੁੱਖ ਸਾਧਨਾਂ ਉੱਤੇ ਜੇ ਕਿਸੇ ਨੇ ਉੰਗਲੀ ਚੁੱਕੀ ਤਾਂ ਇਹੋ ਜਿਹੇ ਬਿਆਨ ਆਉਂਦੇ ਹਨ ਕਿ ਇਹ ਤਾਂ ਗੁਰੁ ਦੇ ਸਿੱਖ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਇਹ ਸਭ ਸੁੱਖ ਦੇ ਸਾਧਨ ਚੜਦੀ ਕਲਾ ਦਾ ਪ੍ਰਤੀਕ ਹਨ ਪਰ ਸਿਰਫ ਤਾਂ ਜੇ ਇਹ ਸਭ ਆਪਣੀ ਹੱਕ ਦੀ ਕਮਾਈ ਨਾਲ ਖਰੀਦੇ ਗਏ ਹੋਣ ਨਾਂ ਕਿ ਗਰੀਬਾਂ ਅਤੇ ਭੋਲੇ ਭਾਲੇ ਲੋਕਾਂ ਨੂੰ ਭਰਮਾ ਕੇ ਉਨਾ ਦੀ ਕਮਾਈ ਨਾਲ।ਖੈਰ ਬਾਬਾ ਜੀ ਬਾਰੇ ਹੋਰ ਕੁਝ ਕੀ ਕਿਹਾ ਜਾਵੇ। ਗੱਲ ਮੁੱਕਦੀ ਇੱਥੇ ਹੈ ਕਿ ਬੱਬੂ ਮਾਨ ਨੇ ਸਿੱਖ ਧਰਮ ਵਿੱਚ ਘਰ ਕਰੀ ਬੈਠੇ ਇੱਕ ਅਜਿਹੇ ਕਾਲੇ ਪੰਨੇ ਨੂੰ ਸਭ ਦੇ ਸਨਮੁੱਖ ਕੀਤਾ ਹੈ ਜਿਹੜਾ ਅਜੇ ਤੱਕ ਸਭ ਦੀਆਂ ਅੱਖਾਂ ਤੋਂ ਔਹਲੇ ਸੀ, ਸੋ ਗੁਰੁ ਦੇ ਸੱਚੇ ਸਿੱਖ ਹੋਣ ਦੇ ਨਾਤੇ ਹੁਣ ਸਾਡਾ ਸਭ ਦਾ ਫਰਜ਼ ਇਹ ਬਣਦਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅੱਜ ਤੱਕ ਕੀਤੀਆਂ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾਈਆਂ ਜਾਣ ਅਤੇ ਅੱਗੇ ਤੋਂ ਕਿਸੇ ਮਨੁੱਖ ਨੂੰ ਗੁਰੁ ਦਾ ਦਰਜਾ ਨਾਂ ਦੇਣ ਦੀ ਸਹੁੰ ਚੁੱਕੀ ਜਾਵੇ।
ਇੰਦਰਦੀਪ ਸਿੰਘ
ਵਿਨੀਪੈਗ, ਕਨੇਡਾ

0 ਆਪਣੀ ਰਾਇ ਇਥੇ ਦਿਓ-:

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP