Tuesday, December 1, 2009

ਢਹਿ ਢੇਰੀ ਹੋਇਆ ਚੌਥਾ ਥੰਮ


ਚਰਨਜੀਤ ਸਿੰਘ ਤੇਜਾ
ਦਹਾਕਾ ਕੁ ਪਹਿਲਾਂ ਜਦੋਂ ਖਬਰੀ ਮੀਡੀਆ ਦੇ ਨਾਂ ‘ਤੇ ਸਿਰਫ ਦੂਰਦਰਸ਼ਨ ਅਤੇ ਅਖਬਾਰਾਂ ਹੀ ਹੁੰਦੀਆਂ ਸੀ । ਉਦੋਂ ਲੋਕ ਅਖਬਰਾਂ ਤੇ ਟੀਵੀ ਦੀ ਕਿਸੇ ਖਬਰ ਨਾਲ ਅਸਿਹਮਤ ਹੁੰਦਿਆਂ ਪ੍ਰਤੀਕਿਰਿਆ ਦੇਦੇ “ਅਖੇ! ਅਖਬਾਰਾਂ ਅੱਧਾ ਸੱਚ ਅੱਧਾ ਝੂਠ ਲਿਖਦੀਆਂ ਨੇ”। ਸੂਚਨਾਂ ਇਨਕਲਾਬ ਨੇ ਯੁੱਗ ਪਲਟ ਦਿੱਤਾ, ਲਗਦਾ ਹੀ ਨਹੀਂ ਕਿ ਆਪਮੁਹਾਰੇ ਹੋਏ ਟੀਵੀ ਚੈਨਲਾਂ ਨੂੰ ਕੋਈ ਪੁਛਣ ਵਾਲਾ ਵੀ ਹੋਵੇਗਾ। ਖਬਰੀ ਚੈਨਲਾਂ ਨੇ ਖਬਰਾਂ ਇਨੀਆਂ ਸੁਆਦਲੀਆਂ ਬਣਾਂ ਦਿੱਤੀ ਹਨ ਕਿ ਸਭ ਪ੍ਰਤੀਕਿਰਿਆਵਾ ਇਸ ਸੁਆਦ ‘ਚ ਗੁਆਚ ਕੇ ਰਹਿ ਗਈਆ ਹਨ। ਮੁੱਖ ਧਰਾਈ ਖਬਰੀ ਚੈਨਲਾਂ ਦੇ ਖੌਫਨਾਕ ਐਂਕਰ ਲੋਕਾਂ ਦੀ ਨੀਦ ਹਰਾਮ ਕਰਨ ਤੋਂ ਬਾਅਦ ਦਸਦੇ ਨੇ ਕਿ ਇਹ ਸਭ ਉਹ ਉਨ੍ਹਾਂ ਨੂੰ ਚੈਨ ਦੀ ਨੀਦ ਸਵਾਉਣ ਲਈ ਕਰ ਰਹੇ ਹਨ। ਪੱਤਰਕਾਰੀ ਦੀ ਪੜ੍ਹਾਈ ਤੋਂ ਪਹਿਲਾਂ ਮੈ ਨਹੀਂ ਸੀ ਜਾਣਦਾ ਕਿ ਖਬਰ ਕਿਵੇਂ ਬਣਦੀ ਹੈ। ਪਰ ਪੜਾਈ ਖਤਮ ਹੋਣ ਤੋਂ ਪਿਛੋਂ ਵੱਡੇ ਅਖਬਾਰ ਤੇ ਖਬਰੀ ਚੈਨਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਘੱਟੋ-ਘੱਟ ਇਹ ਤਾਂ ਸਮਝ ਆ ਗਿਆ ਕਿ ਜਰੂਰੀ ਨਹੀਂ ਕਿ ਖਬਰ ਦਾ ਕੋਈ ਘਟਨਾਂ ਸਥਾਨ ਹੋਵੇ ਤੇ ਖਬਰ ਹੋਈ ਵਾਪਰੀ ਘਟਨਾਂ ਦੀ ਪੇਸ਼ਕਾਰੀ ਹੋਵੇ। ਸਗੋਂ ਖਬਰ ਡੈਸਕ ਤੇ ਬੈਠੇ ਸੰਪਾਦਕ ਦੀ ਜਾਂ ਚੈਨਲ /ਅਖਬਾਰ ਦੇ ਮਾਲਕ ਲਾਲੇ ਦੇ ਦਿਮਾਗ ‘ਚ ਹੋਈ ਕਿਸੇ ਸਰਾਰਤੀ ਉਥਲ ਪੁਥਲ ਦਾ ਨਤੀਜਾ ਵੀ ਹੋ ਸਕਦੀ ਹੈ। ਖਬਰ ਸਰਕਾਰ ਦੇ ਕਿਸੇ ਏਲਚੀ ਦੇ ਮੁਖਾਰਬਿੰਦ ਤੋਂ ਉਚਾਰੇ ਸ਼ਬਦ ਵੀ ਹੋ ਸਕਦੇ ਹਨ ਤੇ ਕਿਸੇ ਗੁਪਤ ਏਜੰਸੀ ਦੇ ਏਜੰਟ ਦੀ ਸ਼ਾਜਿਸੀ ਟਿਪਣੀ ਵੀ। ਸਹੀ ਖਬਰ ਨੂੰ ਕਿਵੇਂ ਅੰਤਰਾਸਟਰੀ ਨੀਤੀ ਘਾੜਿਆਂ, ਸਰਕਾਰਾਂ, ਰਸੂਖਦਾਰ ਵਿਅਕਤੀਆਂ, ਇਸ਼ਤਿਹਾਰ ਦਾਤਾਵਾਂ, ਸਿਆਸੀ ਲੋਕਾਂ, ਸੰਤਾਂ ਮਹਾਤਾਵਾਂ ਤੇ ਪਾਧਿਆਂ ਜੋਤਸ਼ੀਆਂ ਦੀ ਘੁਰਕੀ ਨਾਲ ਮੋੜਾਂ ਦਿੱਤਾ ਜਾਦਾਂ ਹੈ , ਇਹ ਸ਼ਾਇਦ ਆਮ ਪਾਠਕ ਤੇ ਦਰਸ਼ਕ ਦੀ ਸਮਝ ਤੇ ਪੁੰਹਚ ਤੋਂ ਬਾਹਰ ਦੀ ਚੀਜ਼ ਹੈ।ਮੁੱਖ ਧਾਰਾਈ ਮੀਡੀਆ ‘ਚ ਸੁਹਜ਼-ਸਮਝ, ਜ਼ਮੀਰ ਤੇ ਜ਼ਜ਼ਬਾਤੀ ਕਦਰਾਂ ਕੀਮਤਾਂ ਵਾਲੇ ਕਾਮਿਆਂ ਦੇ ਚਿਹਰਿਆਂ ਤੇ ਕਚੀਚੀਆਂ ਦੇ ਪੱਕੇ ਨਿਸ਼ਾਨ ਛਪ ਜਾਦੇ ਹਨ। ਪਰ ਬੇਜ਼ਮੀਰੇ, ਖੁਸਾਂਮਦਾਂ ਕਰਦੇ ਚਹਿਕਦੇ ਟਹਿਕਦੇ ਆਮ ਦੇਖੇ ਜਾ ਸਕਦੇ ਹਨ।(ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ)

ਭਾਰਤ ‘ਚ ਮੀਡੀਆ ਦਾ ਅਗਾਜ਼ ਈਸਟ ਇੰਡੀਆ ਕੰਪਨੀ ਦੇ ਇੱਕ ਅਫਸਰ ‘ਹਿੱਕੀ’ ਨੇ ਕੀਤਾ ਸੀ । ਜਿਸ ਨੂੰ ਭਾਰਤੀ ਪ੍ਰੈਸ ਦਾ ਪਿਤਾਮਾ ਵੀ ਕਿਹਾ ਜਾਦਾ ਹੈ। ਉਸ ਨੇ ਕੰਪਨੀ ਦੇ ਭ੍ਰਿਸਟ ਅਫਸਰਾਂ ਅਤੇ ਉਨ੍ਹਾਂ ਤੇ ਲੋਕ ਵਿਰੋਧੀ ਰਵੱਈਏ ਵਿਰੁਧ ਲਿੱਖ ਕੇ ਲੋਕਾਂ ਪ੍ਰਤੀ ਮੀਡੀਆ ਦੇ ਫਰਜ਼ਾਂ ਨੂੰ ਦਰਸਾਇਆ ਸੀ।ਅੰਗਰੇਜਾਂ ਵਿਰੁੱਧ ਭਾਰਤੀ ਲੋਕਾਂ ਦੇ ਸੰਘਰਸ਼ ‘ਚ ਆਪਣੇ ਲੋਕਾਂ ਨੇ ਮੀਡੀਆ ਦੀ ਖੂਬ ਵਰਤੋਂ ਕੀਤੀ। ਗਦਰ ਪਾਰਟੀ ਦੇ ‘ਗਦਰ’ਨਾਮ ਦੇ ਅਖਬਾਰ ਨੇ ਆਪਣੇ ਸਮੇਂ ‘ਚ ਅਹਿਮ ਭੂਮਿਕਾ ਨਿਭਾਈ। ਪਰ ਅਜ਼ਾਦ ਕਹੇ ਜਾਣ ਵਾਲੇ ਭਾਰਤ ‘ਚ ਪ੍ਰੈਸ ਨੂੰ ਕਿਵੇਂ ਬੇੜੀਆਂ ‘ਚ ਬੱਧਾਂ ਗਿਆ, ਇਸ ਦੀ ਮਿਸਾਲ ਐਮਰਜੰਸੀ ਸਣੇ ਹੋਰ ਸੈਕੜੇ ਘਟਨਾਵਾਂ ਤੋਂ ਲਈ ਜਾ ਸਕਦੀ ਹੈ। ਸੰਸਾਰੀਕਰਨ ਤੇ ਵਪਾਰੀਕਰਨ ਦੇ ਯੁੱਗ ‘ਚ ਮੀਡੀਆਂ ਮੰਡੀ ਦੀ ਵਸਤੂ ਬਣ ਕੇ ਰਹਿ ਗਿਆ ਹੈ । ਟੀ.ਆਰ.ਪੀ ਤੇ ਸਰਕੂਲੇਸ਼ਨ ਦੀ ਦੌੜ ‘ਚ ਸਮਾਜ ਤੇ ਲੋਕ ਕਿਤੇ ਨਹੀਂ ਲੱਭਦੇ।ਕਿਸੇ ਵੀ ਸਵੇਰ ਤੁਸੀ ਖਬਰੀ ਚੈਨਲ ਅੱਗੇ ਬੈਠ ਕੇ ਬਾਅਦ ਦੁਪਹਿਰ ਤੱਕ ਜੋਤਸੀਆਂ ਦੇ ਅਟਕਲ ਪੱਚੂ, ਜੋਗ ਗੁਰੂਆਂ ਦੀਆਂ ਕਲਾਬਾਜੀਆਂ, ਬਹੁਤ ਸਾਰੇ ਬਦਨਾਮ ਸਾਧਾਂ ਦੇ ਪ੍ਰਵਚਨ, ਤੇ ਮੰਦਿਰਾਂ ਗੁਰਦਵਾਰਿਆਂ ਦੇ ਲਾਇਵ ਪ੍ਰਸਾਰਨ ਖਬਰੀ ਚੈਨਲਾਂ ਤੇ ਦੇਖ ਸਕਦੇ ਹੋ। ਸ਼ਾਮ ਨੂੰ ਕਿਸੇ ਟੀਵੀ ਸੋਅ ਦੀ ਪ੍ਰਮੋਸ਼ਨ, ਰਿਆਲਟੀ ਸੋਅ ਦਾ ਡਰਾਮਾ, ਰਾਖੀ ਸਾਵੰਤ ਦੇ ਨਖਰੇ, ਰਾਜੂ ਸ਼੍ਰੀਵਾਸਤਵ ਦੇ ਚੁਟਕਲੇ, ਸਲਮਾਨ ਤੇ ਸਾਹਰੁਖ ਦੀ ਲੜਾਈ ਦੇ ਕਿਸੇ, ਰਮਾਇਣ ਮਹਾਭਾਰਤ ਦੇ ਮਿਥਿਹਸਕ ਕਥਾ ਨੂੰ ਅਸਲੀਅਤ ਬਣਾਉਦੇ ‘ਮਿਲ ਗਏ ਰਾਮ’ ਵਰਗੇ ਪ੍ਰੋਗਰਾਮ ਦੇਖ ਸਕਦੇ ਹੋ।
ਪ੍ਰਇਮ ਟਾਇਮ ‘ਚ 4-5 ਚੈਨਲ ਪਾਕਿਸਤਾਨ ਨੂੰ ਨਿਸ਼ਾਨਾਂ ਬਣਾਈ ਸਪੈਸਲ ਰਿਪੋਟਾਂ ਦਿਖਾ ਰਹੇ ਹੋਣਗੇ। ਪਾਕਸਤਾਨੀ ਵੱਖਵਾਦੀ ਗਰੁੱਪਾਂ ਵੱਲੋਂ ਜਾਰੀ ਕਿਸੇ ਸੀਡੀ ਚੋਂ 5-4 ਬੇ-ਸਿਰ ਪੈਰ ਦੇ ਸਾਟ ਲੈ ਕੇ ਜਾ ਇੰਟਰਨੈਟ ਤੋਂ ਡਾਊਨਲੋਡ ਕਰਕੇ ਐਂਕਰ ਕਿਲ੍ਹ-ਕਿਲ੍ਹ ਕੇ ਅਸਮਾਨ ਨੂੰ ਟਾਕੀ ਲਾ ਰਹੇ ਹੁੰਦੇ ਹਨ। ਬਾਕੀ ਬਚਦੇ ਚੈਨਲਾਂ ਕੋਲ ਚੀਨ, ਮਾਉਵਾਦੀ, ਨਕਸਲੀ, ਲਿੱਟੇ, ਤੇ ਜੇ ਕੁਝ ਨਾਂ ਹੋਵੇ ਤਾਂ ਖਾਲਸਿਤਨੀਆਂ ਤੇ ਸਪੈਸਲ ਰਿਪੋਟਾਂ ਪ੍ਰੀ-ਅਡਿਟ ਹੋਈਆਂ ਪਈਆਂ ਹੁੰਦੀਆਂ ਹਨ। ਸੁਣਨ ‘ਚ ਇਹ ਵੀ ਆਇਆ ਹੈ ਕਿ ਦਾਊਦ ਤੇ ਉਸਦੇ ਗੁਰਗੇ 20-20 ਸਾਲ ਪੁਰਾਣੀਆਂ ਪਾਰਟੀ ਦੀਆਂ ਰਿਕਾਰਡਡ ਟੇਪਾਂ ਚੈਨਲਾਂ ਵਾਲਿਆਂ ਨੂੰ ਕਰੋੜਾਂ ਦੀਆਂ ਵੇਚ ਜਾਦੇ ਹਨ ਤੇ ਇਹ ਹਫਤਾ-ਹਫਤਾ ਉਨ੍ਹਾਂ ਦੀ ਪ੍ਰੋਮੋਸਨ ਕਰਦੇ ਰਹਿੰਦੇ ਹਨ। ਇਹਨਾਂ ਚੈਨਲਾਂ ਦੀਆਂ ਰਿਪੋਟਾਂ ਵੇਖਕੇ ਚੰਗੇ ਭਲੇ ਬੰਦੇ ਦਾ ਤ੍ਰਹੁ ਨਿਕਲ ਜਾਦਾ ਹੈ। ਲਗਾਤਾਰ ਅਜਿਹੀਆਂ ਰਿਪੋਟਾਂ ਵੇਖਣ ਤੋਂ ਬਾਅਦ ਕੋਈ ਵੀ ਬੰਦਾ ਮਾਨਸਿਕ ਰੋਗੀ ਬਣ ਸਕਦਾ ਹੈ। ਭਾਰਤੀ ਮੀਡੀਆਂ ਚੈਨਲ ਪਾਕਿਸਤਾਨ ਵਿਰੁੱਧ ਰਿਪੋਟਿੰਗ ਕਰਦਿਆ ਇਹ ਭੁਲ ਹੀ ਜਾਦਾ ਹੈ ਕਿ ਉਹ ਭਾਰਤ ਸਰਕਾਰ ਦਾ ਬੁਲਾਰਾ ਨਹੀਂ ਸਗੋਂ ਲੋਕਾਂ ਦਾ ਬੁਲਾਰਾ ਹੈ।ਕੁਝ ਅਖਬਾਰਾਂ ਨੂੰ ਵੀ ਰਾਸ਼ਟਰਵਾਦ ਦਾ ਕੁਝ ਅਜਿਹਾ ਹੀ ਰੋਗ ਲੱਗਿਆ ਹੋਇਆ ਹੈ। ਉੱਤਰੀ
ਭਾਰਤ ਦੇ ਇੱਕ ਪ੍ਰਮੁੱਖ ਅੰਗਰੇਜ਼ੀ ਅਖਬਾਰ ਦਾ ਸੰਪਾਦਕ ਪਾਕਿਸਤਾਨ ਸਬੰਧੀ ਸੰਪਾਦਕੀ ਪਹਿਲੇ ਪੰਨੇ ਲਿਖ ਕੇ ਮੀਡੀਏ ਦਾ ਭਾਰਤੀਕਰਨ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ। ਪਾਕਿਸਤਾਨ ਸਬੰਧੀ ਮੀਡੀਏ ਦੀ ਰਿਪੋਟਿੰਗ ਇਸ ਵਾਰਤਾ ਤੋਂ ਸਮਜੀ ਜਾ ਸਕਦੀ ਹੈ:
ਨਿਊਜ ਡੈਸਕ ਤੇ ਖਬਰ ਆਈ, ‘ਇੱਕ ਵਿਅਕਤੀ ਨੇ ਪਾਗਲ ਕੁੱਤੇ ਨੂੰ ਗੋਲੀ ਮਾਰ ਕੇ ਔਰਤ ਦੀ ਜਾਨ ਬਚਾਈ’।ਖਬਰ ਇਸ ਤਰਾਂ ਛਪੀ, ‘ਇੱਕ ਭਾਰਤੀ ਨੇ ਔਰਤ ਨੂੰ ਬਚਾਇਆ’ ।ਸਬੰਧਤ ਵਿਅਕਤੀ ਨੇ ਦੱਸਿਆ ਕਿ ਮੈਂ ਭਾਰਤੀ ਨਹੀਂ। ਖਬਰ ਛਪੀ, ‘ਵਿਦੇਸੀ ਨੇ ਔਰਤ ਨੇ ਬਚਾਇਆ’। ਸਬੰਧਤ ਵਿਅਕਤੀ ਨੇ ਕਿਹਾ ‘ਮੈ ਤਾਂ ਭਾਈ ਪਾਕਿਸਤਾਨੀ ਹਾ’, ਖਬਰ ਛਪੀ, ‘ਸਥਾਨਕ ਕੁੱਤੇ ਤੇ ਅੱਤਵਾਦੀ ਹਮਲਾ’।
ਸੋ ਕਹਿਣ ਨੂੰ ਤਾਂ ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਹਿੰਦੇ ਨੇ ਪਰ ਲੱਗ ਇਹ ਭਾਰਤੀ ਲੋਕਤੰਤਰ ਦੇ ਤਬੂਤ ‘ਚ ਚੌਥੇ ਕਿੱਲ ਵਾਂਗ ਰਿਹਾ ਹੈ।

1 ਆਪਣੀ ਰਾਇ ਇਥੇ ਦਿਓ-:

yadwinder December 4, 2009 at 9:44 AM  

good article...........likhada riha kar yaar lagatar...........vehla huna tan padan val ve dhain de.....hun time hai tere kol..........

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP