ਖ਼ਬਰ ਲਿਆਓ !
ਚਰਨਜੀਤ ਸਿੰਘ ਤੇਜਾਮੇਰੇ ਬੇਲੀਓ, ਮੇਰੇ ਯਾਰੋ
ਮਿੱਤਰੋ ਮੇਰਾ ਕੰਮ ਤਾਂ ਸਾਰੋ
ਕਤਲ ਕਰੋ ਜਾਂ ਡਾਕਾ ਮਾਰੋ
ਮੇਰੀ ਕਾਰਗੁਜ਼ਾਰੀ ਸੁਧਾਰੋ।
ਮੈਨੂੰ ਮਿਲ ਜੂ ਇਕ ਖ਼ਬਰ
ਹੋਜੂ ਮਸ਼ਹੂਰ ਨਾਲੇ ਆਪਣਾ ਨਗਰ।
...ਜਾਂ ਫਿਰ ਆਪਾਂ ਬਲਾਤਕਾਰ ਕਰੀਏ
ਭੁੱਖੇ ਕੈਮਰੇ ਦਾ ਢਿੱਡ ਭਰੀਏ
ਬ੍ਰੇਕਿੰਗ ਨਿਊਜ਼ ਬਣਜੇ ਜਿਹੜੀ
ਐਸੀ ਕਹਾਣੀ ਆਪਾਂ ਘੜੀਏ।
!ਕਾਸ਼! ਲਾਲਿਆਂ ਦੀ ਕੁੜੀ ਭੱਜ ਜਾਵੇ
ਮਸੀਤੇ ਜਾ ਕੇ ਨਿਕਾਹ ਕਰਵਾਵੇ
ਮੇਰੀ ਰਿਪੋਰਟਿੰਗ ਰੰਗ ਲਿਆਵੇ
ਵਾਰ ਵਾਰ ਮੇਰੀ ਫੋਟੋ ਆਵੇ।
ਜਾਂ ਤਾਇਆ ਸ਼ਾਮੀਂ ਪੀ ਕੇ ਆਵੇ
ਤਾਈ ਦਾ ਚੰਗਾ ਕੁਟਾਪਾ ਲਾਵੇ
ਕੰਧ ਉਤੇ ਮੈਂ ਰੱਖਾਂ ਕੈਮਰਾ
ਵੂਮੈਨ ਸੈੱਲ ਤੱਕ ਗੱਲ ਪੁੱਜ ਜਾਵੇ।
ਸਟਿੰਗ ਓਪਰੇਸ਼ਨ ਦੀ ਜੁੱਗਤ ਬਣਾਓ
ਸ਼ਿਵ ਜੀ ਦੀ ਅੱਖ 'ਚ ਕੈਮਰਾ ਲਾਓ
ਬਈਆਂ ਕੋਲੋਂ ਮੰਗ ਕੇ ਤਮਾਕੂ ਖਾਵੇ
ਸਰਪੰਚ ਦਾ ਲਾਈਵ ਟੇਪ ਚਲਾਓ।
ਧੋਲੀ ਦਾੜ੍ਹੀ ਰੋਲ ਕੇ ਰੱਖ ਦੋ
ਨਾਲੇ ਘਰੇ ਲੜਾਈ ਪਾਓ।
ਕੋਈ ਮਰੇ ਭਲਾਂ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਪੁਲਿਸ ਕੁੱਟੇ ਜਾਂ ਕਰੇ ਕੋਈ ਦੰਗਾ
ਅਸੀਂ ਨਾ ਕਹੀਏ ਕਿਸੇ ਨੂੰ ਮੰਦਾ
ਚਾਰ ਕੁ ਘੰਟੇ ਰੌਲਾ ਪਾ ਕੇ
ਸਭ ਚੰਗਾ ਬਈ ਸਭ ਚੰਗਾ।
ਚੰਗੇ ਸਨ ਜੋ ਪਹਿਲਾਂ ਲੰਘੇ
ਗੁਰਮੁੱਖ ਸਿਓਂ ਜਿਹੇ ਸੂਲ਼ੀ ਟੰਗੇ
ਮੀਡੀਆ ਨਾ ਸ਼ਾਦੀ ਸਿਓਂ ਜਿਹਾ ਰੈ'ਗਿਆ
ਵੈਲੀ ਬਣ ਸਾਡੇ ਬਾਰ ਮੂਹਰੇ ਖੰਘੇ।
ਯਾਰ ਮੇਰੇ ਜੋ ਨਿੱਤ ਲੱਭਣ ਖਬਰਾਂ
ਸਭ ਦੀਆਂ 'ਤੇਜੇ' ਉੱਤੇ ਨਜ਼ਰਾਂ
ਕਿਧਰੇ ਪਤੰਦਰ ਖੂਹ ਵਿੱਚ ਡਿੱਗ ਜਾਵੇ
ਪ੍ਰਸ਼ਾਸਨ, ਮੀਡੀਆ, ਆਰਮੀ ਆਵੇ
ਹਰ ਚੈਨਲ 'ਤੇ ਖੱਪ ਫਿਰ ਪਾਈਏ
56 ਘੰਟੇ ਲਾਈਵ ਚਲਾਈਏ।
ਮੈੱਸਜ ਕਰੋ, ਨਾ ਕਰੋ ਦੁਆਵਾਂ
ਲਾਸ਼ ਕੱਢ ਹਮਦਰਦੀ ਪਾਈਏ।
ਫਿਰ ਭੋਗ ਮੁਕਾਣਾ ਲਾਈਵ ਹੀ ਚੱਲਣ
ਲੀਡਰ-ਅਧਿਕਾਰੀ ਸਕਰੀਨਾਂ ਮੱਲਣ
'ਤੇਜਾ' ਮੋਸਟ-ਪਾਪੂਲਰ ਬਣਾ ਕੇ
ਪ੍ਰੈਸ ਕੱਲਬ 'ਚ ਫੋਟੋ ਲਾ ਕੇ
ਉੱਤੇ ਹਾਰ ਫੁੱਲਾਂ ਦਾ ਪਾ ਕੇ
ਮੇਰੇ ਬਾਪੂ ਨੂੰ ਚੈੱਕ ਦਿਵਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ
ਨਗਰ ਆਪਣੇ ਦਾ ਨਾਂ ਚਮਕਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ।
(ਇਹ ਕਵਿਤਾ ਕੋਈ 4 ਕੁ ਸਾਲ ਪਹਿਲਾ ਪੱਤਰਕਾਰੀ ਦੀ ਪੜਾਈ ਦੌਰਾਨ ਲਿਖੀ ਗਈ ਸੀ। ਸੋ ਪਾਤਰ ਪੁਰਾਣੇ ਹੋ ਚੁਕੇ ਹਨ ਜਿਵੇਂ ਪ੍ਰਿੰਸ ਜੋ ਬੋਰ ‘ਚ ਡਿੱਗਣ ਕਰਕੇ ਚਰਚਿਤ ਹੋਇਆ ਸੀ)_
1 ਆਪਣੀ ਰਾਇ ਇਥੇ ਦਿਓ-:
hahaaha bahut khoob...
Good wrk done..keep up d spirit...
Regards,
Prem
Post a Comment