Tuesday, December 8, 2009

ਗ਼ਲਤ ਕਠਪੁਤਲੀਆਂ ‘ਤੇ ਨਿਸ਼ਾਨਾ

ਇਹ ਲੇਖ ਰੂਪੀ ਟਿਪਣੀ ਬਾਈ ਦਵਿੰਦਰਪਾਲ ਵਲੋਂ ਹੇਠਾਂ ਲਿਖੇ ਲੇਖ ‘ਤੇ ਕੀਤੀ ਗਈ ਹੈ।ਪੰਜਾਬੀ ਦੇ ਇਲੈਕਟ੍ਰਨਿਕ ਮੀਡੀਏ ‘ਚ ਸਥਾਪਤ ਲੋਕਾਂ ਚੋਂ ਦਵਿੰਦਰਪਾਲ ਵਰਗਾ ਕੋਈ ਹੋਰ ਦੂਜਾ ਬੰਦਾ ਮੈਨੂੰ ਨਹੀਂ ਟੱਕਰਿਆ।ਬਾਈ ਦੇ ਨਾਲ ਰਹਿੰਦਿਆ ਬਹੁਤ ਕੁਝ ਸਿੱਖਿਆ ਵੀ ਤੇ ਸਮਜਿਆ ਵੀ।ਕਿਹਾ ਜਾ ਸਕਦਾ ਹੈ ਕਿ ਉਸ ਦੀ ਕੋਈ ਗੱਲ ਐਂਵੇ ਤੇ ਸੁੱਟ ਪਾਉਣ ਵਾਲੀ ਨਹੀਂ ਹੁੰਦੀ।ਭਾਵੇ ਕਿ ਹੇਠਲਾ ਲੇਖ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਦੀ ਪੜਚੋਲ ਸੀ ਤੇ ਨਿਸ਼ਾਨਾ ਕਠਪੁਤਲੀਆਂ ਤੇ ਨਹੀਂ ਸਗੋਂ ਪਰਦੇ ਉਹਲੇ ਬਜ਼ੀਗਰਾਂ ‘ਤੇ ਸੀ। ਬਈਏ ਚਰਚਾ ‘ਚ ਸਨ ਸੋ ਚਰਚਾ ਕਰਨੀ ਜਰੂਰੀ ਸਮਝੀ। ਕੁਝ ਹੋਰ ਵੀ ਇਤਰਾਜ ਫੋਨ ਰਾਹੀਂ ਆਏ ।ਪੱਤਰਕਾਰ ਅਵਤਾਰ ਸਿੰਘ ਦਾ ਪੱਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਸਾਡਾ ਪੱਖ ਲੇਖ ਦੇ ਹੇਠਾਂ ਟਿਪਣੀਆਂ ‘ਚ ਦਰਜ਼ ਹੈ। ਤੇਜਾ

ਦਵਿੰਦਰ ਪਾਲ
ਤੇਜੇ ਵੈਸੇ ਤੇ ਤੈਨੂੰ ਆਸ ਹੋਣੀ ਏ ਮੇਰੇ ਵਰਗਿਆਂ ਤੋਂ ਤੇਰੇ ਵੱਲੋਂ ਭਈਆ ਸ਼ਬਦ ਦੇ ਨਾਂਹ ਪੱਖੀ ਇਸਤੇਮਾਲ ‘ਤੇ ਵਿਰੋਧ ਆਉਣ ਦੀ…. ਫੇਰ ਵੈਸੇ ਵੀ ਇਹ ਸ਼ਬਦ ਖੁਦ ‘ਚ ਹੀ ਨਾਂਹ ਪੱਖੀ ਹੈ, ਸਹੀ ਸ਼ਬਦ ਪ੍ਰਵਾਸੀ ਮਜ਼ਦੂਰ ਹੈ। ਖ਼ੈਰ ਇਸੇ ਲਈ ਤੁਸੀਂ ਰੱਬ ਤਰਸੀ, ਮਨੁੱਖ ਤਰਸੀ ਸਾਰੇ ਦਾਇਰਿਆਂ ਨੂੰ ਘੇਰ ਕੇ ਵੀ ਨਾਂਹ ਪਾ ਹੀ ਦਿੱਤੀ ਕਿ ਸਾਰੇ ਪੱਖ ਸੋਚ ਕੇ ਵੀ ਇਹਨਾਂ ਦਾ ਪੰਜਾਬ ‘ਚ ਵਸੇਬਾ ਪੰਜਾਬ ਪੱਖੀ ਨਹੀਂ ਹੈ। ਆਪਾਂ ਭੰਨੇ ਹੈਗੇ ਆਂ, ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਆਪਣੇ ਵਸ ਵੀ ਨੀਂ ਹੋਣ ਵਾਲਾ। ਪਹਿਲੀ ਗੱਲ ਤਾਂ ਜੇ ਨਹੀਂ ਸਹਿ ਸਕਦੇ ਤਾਂ ਓਹਨਾਂ ਨੂੰ ਨਾਂ ਸਹੋ ਕਿ ਜਿਹੜੇ ਕਠਪੁਤਲੀਆਂ ਨਚਾ ਰਹੇ ਨੇ….. ਹੁਣ ਅੱਗੇ ਜਾਣ ਤੋਂ ਪਹਿਲਾਂ ਫੇਰ ਤੇਰੀ ਸਿਆਣਪ ‘ਤੇ ਵਾਪਿਸ ਆਉਨਾ ਕਿ ਤੂੰ ਓਹਨਾਂ ‘ਤੇ ਨਿਸ਼ਾਨਾ ਵੀ ਸਾਧਿਐ ਪਰ ਅਸਲ ਨਿਸ਼ਾਨੇ ‘ਤੇ ਰਿਹਾ ਤੇਰਾ ਭੱਈਆ ਤੇ ਮੇਰਾ ਪ੍ਰਵਾਸੀ ਮਜ਼ਦੂਰ ।ਆਮ ਪੰਜਾਬੀਆਂ ਵਾਂਗ ਓਹਨਾਂ ਕਠਪੁਤਲੀ ਚਲਾਉਣ ਵਾਲਿਆਂ ਬਰਾਬਰ ਨਾਂ ਤਾਂ ਖੁਦ ਨੂੰ ਡਿਫੈਂਡ ਕਰ ਸਕਦੈ ਤੇ ਨਾਂ ਹੀ ਇਸ “ਵਰਤੇ” ਜਾਣ ਦੀ ਸਿਆਸਤ ਨੂੰ ਸਮਝ ਸਕਦਾ ਹੈ….. ਕਾਰਨ ਵੀ ਸਾਫ ਹੈ ਕਿਉਂਕਿ ਓਹ ਵੀ ਆਮ ਪੰਜਾਬੀਆਂ ਵਾਂਗ ਸਿਰਫ ਮਨੁੱਖ ਹਨ ਕੋਈ ਘਾਗ ਸਿਆਸਤਦਾਨ ਨਹੀਂ। ਖ਼ੈਰ ਜਦੋਂ ਵਾਪਸ ਗੱਲ ਪ੍ਰਵਾਸੀ ਮਜ਼ਦੂਰ ਨੂੰ ਨਾਂ ਸਹਿਣ ਦੀ ਹੋਵੇ ਤਾਂ ਭੁੱਲਿਓ ਨਾਂ ਕਿ ਓਹਨਾਂ ਬਗ਼ੈਰ ਆਪਣਾ ਸਰਨਾ ਵੀ ਨਹੀਂ। ਚਰਨਜੀਤ ਸਿੰਘ ਤੇਜਾ ਸਿਆਣਾ ਪੱਤਰਕਾਰ ਹੈ ਤੇ ਕਲਮਨਵੀਸੀ ਕਰਨ ਲੱਗਿਆਂ ਇਸ ਤੱਥ ਨੂੰ ਵੀ ਮੰਨ ਗਿਐ, ਪਰ ਨਾਲ ਹੀ ਇਹਨਾਂ ਨੂੰ ਪੰਜਾਬੋਂ ਬਾਹਰ ਵੇਖਣ ਦਾ ਸੁਪਨਾ ਵੀ ਵੇਖੀ ਜਾਂਦੈ। ਮੈ ਤੀਜੇ ਕਾਂਡ ‘ਤੇ ਕੋਈ ਟਿੱਪਣੀ ਨੀ ਕਰਨੀ ਕਿਉਂਕਿ ਓਹ ਸਾਰਾ ਸੱਚ ਆ ਤੇ ਅਗਾਂਹ ਵੀ ਓਹੋ ਹੋਣਾ ਜੋ ਤੇਜਾ ਕਹੀ ਜਾਂਦਾ, ਪਰ ਹੁਣ ਓਸ ਸੁਪਨੇ ਦੀ ਗੱਲ ਕਰੀਏ ਜਿਹੜਾ ਮੇਰੇ ਹੋਰ ਵੀ ਕਈ ਨੇੜਲੇ ਮਿੱਤਰਾਂ ਨੂੰ ਆਈਡੀਅਲ ਸਮਾਜ ਦਾ ਆਧਾਰ ਲਗਦੈ ਕਿ ਪ੍ਰਵਾਸੀ ਮਜ਼ਦੂਰ ਕੱਢੋ ਤੇ ਪੰਜਾਬ ਸਾਫ ਹੋ ਜੂ, ਹਾਲਾਂਕਿ ਇਹ ਸੋਚ ਮਨੁੱਖ ਪੱਖੀ ਸੋਚ ਦੇ ਅਧਾਰ ‘ਤੇ ਇੱਕ ਪਾਸੜ ਤੇ ਅਨਿਆਪੂਰਨ ਐ, ਪਰ ਚਲੋ ਇੱਕ ਵਾਰ ਲਈ ਦੋਸਤਾਂ ਖ਼ਾਤਰ ਵਿਰੋਧ ਦੀ ਥਾਂ ਇਸੇ ਸੁਪਨੇ ਨੂੰ ਪੂਰਾ ਕਰਨ ਦੇ ਜ਼ਰੂਰੀ ਪੈਰਾਮੀਟਰ ਲੱਭ ਲਈਏ।
ਸਭ ਤੋਂ ਪਹਿਲੀ ਜ਼ਰੂਰਤ ਹੱਡ ਹਰਾਮੀ ਹੋ ਚੁੱਕੇ ਤੇ ਵਿਹਲੀਆਂ ਖਾਣ ਗਿੱਝੇ ਪੰਜਾਬੀਆਂ ਨੂੰ ਹੱਥੀ ਮਿਹਨਤ ਕਰਨੀ ਪਊ, ਖੇਤਾਂ ਤੇ ਫੈਕਟਰੀਆਂ ਵੱਲ ਖੁਦ ਮੋੜਾ ਪਾਉਣਾ ਪਊ ਤੇ ਹੱਡ ਭੰਨਵੀ ਮਿਹਨਤ ਕਰਨੀ ਪਊ।
ਪੰਜਾਬੀਆਂ ਨੂੰ ‘ਰਸਤੇ ਕਾ ਮਾਲ ਸਸਤੇ ਮੇਂ’ ਦੀ ਆਦਤ ਵੀ ਛੱਡਣੀ ਪਊ, ਕਿਉਂਕਿ 50 ਜਾਂ ਸੌ ਰੁਪਏ ਵਾਲੀ ਲੇਬਰ ਆਪਣੇ ਕੋਲ ਨੀ ਰਹਿਣੀ
ਮੱਥੇ ਤੇ ਮਹਾਰਾਜਿਆਂ ਦੇ ਮੁਕਟ ਵਾਂਗ ਐੱਨ.ਆਰ ਆਈ ਦਾ ਫੱਟਾ ਲਾਈ ਬੈਠੇ ਜਾਂ ਕਬੂਤਰ ਬਣੀ ਫਿਰਦੇ ਡਾਲਰਾਂ ਦੇ ਭੁੱਖਿਆਂ ਨੂੰ ਹੱਥੀ ਮਿਹਨਤ ਕਰਕੇ ਆਪਣੀ ਜ਼ਮੀਨ ‘ਤੇ ਕਮਾਈ ਕਰਨੀ ਵੀ ਪੈ ਸਕਦੀ ਹੈ ਕਿਉਂਕਿ ਓਹ ਮੁਲਕ ਵੀ ਏਧਰਲੇ ਭਈਆਂ (ਸਿਰਦਾਰ ਸ਼ਾਹਬ) ਨੂੰ ਸਵੀਕਾਰਨ ਤੋਂ ਇਨਕਾਰੀ ਹੋ ਸਕਦੇ ਨੇ, ਆਖ਼ਰ ਆਪਾਂ ਵੀ ਪੰਜਾਬੀ ਵੋਟਾਂ ਦੇ ਨਾਂ ‘ਤੇ ਓਹਨਾਂ ਦੀ ਐਹੀ ਤੈਹੀ ਫੇਰਦੇ ਆਂ ਤੇ ਏਥੇ ਆ ਕੇ ਬੜ੍ਹਕਾਂ ਮਾਰਦੇ ਆਂ ਬਈ ਹੁਣ ਤਾਂ ਲਗਦਾ ਕਨੇਡਾ ਵੀ ਪੰਜਾਬ ਵਰਗਾ’
ਜੇ ਆਹ “ਛੋਟੀਆਂ” ਜਿਹੀਆਂ ਸਮਝੌਤੀਆਂ ਕਰ ਲਓਂਗੇ ਤਾਂ ਜੀ ਸਦਕੇ ਪਰਵਾਸੀ ਮਜ਼ਦੂਰਾਂ ਬਗ਼ੈਰ ਪੰਜਾਬ ਦਾ ਸੁਪਨਾ ਵੇਖੋ।ਪਰ ਜੇ ਚਾਹੋ ਕਿ ਇਹ ਏਥੇ ਵੀ ਰਹਿਣ ਤੇ ਕੁਸਕਣ ਵੀ ਨਾਂ, ਸਾਡੇ ਘਰਾਂ ‘ਚ ਕੰਮ ਵੀ ਕਰਨ ਪਰ ਖਾਣ, ਪੀਣ, ਹੱਗਣ, ਮੂਤਣ, ਰੋਣ, ਹੱਸਣ, ਨੱਚਣ, ਟੱਪਣ ਕਿਸੇ ਐਸੇ ਥਾਂ ਜਿਹੜਾ ਸਾਨੂੰ ਨਜ਼ਰ ਨਾਂ ਆਵੇ ਤਾਂ ਇਹ ਨਾਮੁਮਕਿਨ ਐ।

4 ਆਪਣੀ ਰਾਇ ਇਥੇ ਦਿਓ-:

Anonymous,  December 8, 2009 at 8:45 AM  

CHARANJEET SINGH TEJA-ਇਸ ਲੇਖ ਸਬੰਧੀ ਸਭ ਤੋਂ ਪਹਿਲਾਂ ਸਪੱਸਟ ਕਰ ਦੇਵਾਂ ਕਿ ਇਹ ਲੇਖ ਦਾ ਮੁੱਖ ਵਿਸ਼ਾ ਬਈਏ ਨਹੀਂ ਸਗੋਂ ਬਈਆਂ ਸਣੇ ਅਸੀ ਤੇ ਹੋਰ ਮਜਲੂਮ ਨੇ ਜੋ ਕਠਪੁਤਲੀਆ ਵਾਂਗ ਵਰਤੇ ਜਾਦੇ ਹਾ।ਦਰਅਸਲ ਮੈਨੂੰ ਨਹੀਂ ਲਗਦਾ ਕਿ ਬਈਆ ਦੇ ਮਸਲੇ ਤੇ ਨਰੋਈ ਬਹਿਸ ਅਜੇ ਸੰਭਵ ਹੈ।(ਪਹਿਲਾਂ ਇਹ ਵੀ ਸਪਸ਼ਟ ਕਰ ਦੇਵਾਂ ਕਿ ਬਈਏ ਹੀ ਕਿਉ ਲਿਖਿਆ ਜਾਦਾਂ ਹੈ ਪ੍ਰਵਾਸੀ ਮਜ਼ਦੂਰ ਨਹੀਂ ? ਸਪੱਸਟ ਹੈ ਕਿ ਜੋ ਅਸੀ ਆਮ ਭਾਸ਼ਾ ‘ਚ ਆਪਣੀ ਬੋਲੀ ‘ਚ ਬੋਲਦੇ ਹਾਂ ਉਹੀਂ ਲਿਖਿਆ ਜਾਵੇ ਤਾਂ ਵਧੀਆਂ ਲਗਦਾ ਹੈ ਜਿਵੇ ਅਸੀ ਆਪਣੇ ਵਿਦੇਸ਼ਾਂ ‘ਚ ਰਹਿੰਦੇ ਲੋਕਾਂ ਨੂੰ ਬਾਹਰਵਾਲੇ ਕਹਿੰਦੇ ਹਾਂ ਪ੍ਰਵਾਸੀ ਭਾਰਤੀ ਨਹੀਂ।ਮੈਨੂੰ ਨਹੀਂ ਲਗਦਾ ਕਿ ਬਈਆਂ ਕਹਿਣ ‘ਚ ਕਿਸੇ ਵਿਅਕਤੀ ਵਿਸ਼ੇਸ ਦੀ ਨਿਰਾਦਰੀ ਹੈ ਕਿਉਕਿ ਇਹ ਉਵੇ ਹੀ ਹੈ ਜਿਵੇਂ ਸਾਨੂੰ ਮਜਾਇਲਾਂ ਨੂੰ ‘ਭਾਊ’ ਤੇ ਤੁਸਾਂ ਨੂੰ ‘ਬਾਈ’ ਕਹਿੰਦੇ ਹਨ।) ਹੁਣ ਬਹਿਸ ਦੀ ਗੱਲ ਕਰੀਏ …. ਬਈਆਂ ਦੇ ਵਿਰੋਧ ‘ਚ ਆਪਣੇ ਸਾਹਮਣੇ ਦੋ ਤਰਾਂ ਦੇ ਵਿਚਾਰ ਨੇ ..ਇੱਕ ਦਲ ਖਾਲਸਾ ਵਾਲਾ ਮਤਲਬ ‘ਪੰਜਾਬ ਕੇਵਲ ਪੰਜਾਬੀਆ ਲਈ’ ਤੇ ਇੱਕ ਜਸਵੰਤ ਕੰਵਲ ਵਾਲਾ ਭਾਵ ਸਾਧਨਾਂ ਦੀ ਥੁੜ ਤੇ ਕੇਦਰੀ ਸਜਿਸ਼ਾਂ ਝੱਲ ਰਹੇ ਪੰਜਾਬ ਲਈ ਬਈਆਂ ਦਾ ਪੱਕੇ ਵਸਨੀਕ ਬਣਨਾਂ ਘਾਤਕ ਹੈ। ਅਸੀ ਆਮ ਤੌਰ ਤੇ ਬਈਆ ਦੇ ਪੱਖ ‘ਚ ਗੱਲ ਕਰਦਿਆਂ ਦਲ ਖਾਲਸਾ ਵਾਲੀ ਨੀਤੀ ਸਾਹਮਣੇ ਰੱਖਦੇ ਹਾ।ਜੋ ਕਿ ਮਸਲੇ ਦੀ ਸਹੀ ਇੰਟਰਪਟੇਸ਼ਨ ਨਹੀਂ ਕਰਦੀ । ਵਿਕਾਸ ਤੇ ਉਪਜ ਲਈ ਅਸੀਂ ਬਈਆਂ ਤੇ ਨਿਰਭਰ ਹਾਂ ਤੇ ਰਹਾਗੇ। ਪਰ ਸਾਡੇ ਸਾਧਨਾਂ ਨਾਲ ਸਾਡੀ ਅਵਾਮ ਦਾ ਪੂਰ ਨਹੀਂ ਫਟਦਾ ਫਿਰ ਵਾਧੂ ਬੋਝ ਕਿਵੇਂ ਝੱਲਿਆ ਜਾਵੇਂ ..ਜਿੰਨਾਂ ਮੁਲਕਾਂ ਦੀ ਉਦਾਰਨ ਅਸੀ ਪੰਜਾਬੀਆਂ ਦੇ ਸਬੰਧ ‘ਚ ਦਿੰਦੇ ਹਾ ਉਨ੍ਹਾਂ ਕੋਲ ਸਾਧਨਾਂ ਦੀ ਬਹੁਤਾਤ ਹੈ ਤੇ ਲੇਬਰ ਦੀ ਵੀ ਲੋੜ੍ਹ ਹੈ। ਸਾਧਨਾਂ ਦੀ ਬਹੁਤਾਤ ਕਰਕੇ ਉਹ ਸਾਨੂੰ ਪੱਕੇ ਨਿਵਾਸੀ ਬਣਾਂ ਰਹੀਆ ਹਨ । ਜਿਥੇ ਸਾਧਨ ਥੁੜਦੇ ਹਨ ਉਥੇ ਉਹ ਨਾਂਹ ਵੀ ਕਰ ਦਿੰਦੇ ਹਨ । ਇੰਗਲੈਡ ਨਵਾਂ ਬਣਿਆਂ ਵਰਕਰ ਕਨੂੰਨ ਇਸਦੀ ਪ੍ਰਤੱਖ ਉਦਾਹਰਣ ਹੈ।ਬਾਕੀ ਇਹ ਤੇ ਮੰਨਣਾਂ ਹੀ ਪਊ ਕਿ ਉਹਨਾਂ ਨੂੰ ਉਹ ਸਕਤੀਆ ਬੜੀ ਅਸਾਨੀ ਨਾਲ ਵਰਤ ਲੈਣਗੀਆ ਜੋ ਪੰਜਾਬ ਦੀਆਂ ਦੋਖੀ ਹਨ।

Amrit December 8, 2009 at 11:11 AM  

ਚਰਨਜੀਤ ਜੀ.. ਮੇਰਾ ਕੋਈ ਵਿਚਾਰ ਤਾਂ ਨਹੀਂ ਸੀ ਕਿਸੇ ਕਿਸਮ ਦੀ ਕੋਈ ਟਿੱਪਣੀ ਕਰਨ ਦਾ... ਪਰ ਫਿਰ ਵੀ... "ਸਪੱਸਟ ਹੈ ਕਿ ਜੋ ਅਸੀ ਆਮ ਭਾਸ਼ਾ ‘ਚ ਆਪਣੀ ਬੋਲੀ ‘ਚ ਬੋਲਦੇ ਹਾਂ ਉਹੀਂ ਲਿਖਿਆ ਜਾਵੇ ਤਾਂ ਵਧੀਆਂ ਲਗਦਾ ਹੈ"... ਜਦੋਂ ਪੰਜਾਬੀ ਲੋਕ ਗਦਰ ਲਹਿਰ ਤੋਂ ਪਹਿਲਾਂ ਕੇਨੈਡਾ ਗਏ ਸੀ ਤਾਂ ਉਹਨਾਂ ਨੂੰ 'ਕੁਲੀ' ਕਹਿ ਕੇ ਬੁਲਾਇਆ ਜਾਂਦਾ ਸੀ ਜੋ ਕਿ ਪੰਜਾਬੀ ਮਜ਼ਦੂਰਾਂ ਦੇ ਮਨਾਂ ਵਿੱਚ ਗੁੱਸਾ ਭੜਕਾਉਣ ਦਾ ਇੱਕ ਅਹਿਮ ਕਾਰਨ ਸੀ... ਕਿਉਂਕਿ 'ਕੁਲੀ' ਕੇਨੈਡਾ ਦੇ ਗੋਰੇ ਵਾਸੀਆਂ ਦਾ ਆਮ ਬੋਲਚਾਲ ਦਾ ਸ਼ਬਦ ਸੀ, ਫਿਰ ਕੀ ਇਹ ਠੀਕ ਸੀ ਤੇ ਪੰਜਾਬੀਆਂ ਦਾ ਗੁੱਸਾ ਗਲਤ..? ਹੁਣ ਜੇ ਬਿਹਾਰੀ ਮਜ਼ਦੂਰ 'ਬਈਏ' ਤੇ ਇਤਰਾਜ ਕਰਨ ਤਾਂ ਕੀ ਇਹ ਨਾਜਾਇਜ਼ ਹੋਵੇਗਾ ..? ਫਿਲਹਾਲ ਤਾਂ ਦੇਖਿਆ ਜਾਵੇ ਤਾਂ ਇਹਨਾਂ ਨੂੰ ਪਰਵਾਸੀ ਵੀ ਕਹਿਣਾ ਗਲਤ ਹੈ.. ਕੋਈ ਪੰਜਾਬੀ ਟਰਾਂਸਪੋਰਟਰ ਆਸਾਮ ਜਾਂ ਮਹਾਂਰਾਸ਼ਟਰ ਜਾ ਕੇ ਪਰਵਾਸੀ ਨਹੀਂ ਹੋ ਜਾਂਦਾ... ਤੇ ਉਸ ਨੂੰ ਕੋਈ ਕਹਿੰਦਾ ਵੀ ਨਹੀਂ... ਦੂਜੀ ਗੱਲ... "ਦਰਅਸਲ ਮੈਨੂੰ ਨਹੀਂ ਲਗਦਾ ਕਿ ਬਈਆ ਦੇ ਮਸਲੇ ਤੇ ਨਰੋਈ ਬਹਿਸ ਅਜੇ ਸੰਭਵ ਹੈ।"... ਇਹੀ ਤਾਂ ਸਭ ਤੋਂ ਢੁੱਕਵਾਂ ਸਮਾਂ ਹੈ ਜਦੋਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ...
ਤੇ ਹੋਰ.. ਬਿਹਾਰੀਆਂ ਨੂੰ ਪੰਜਾਬ 'ਚ ਭੁੱਖਮਰੀ ਦੀ ਹਾਲਤ ਲੈ ਕੇ ਆਉਂਦੀ ਹੈ.. ਤੇ ਪੰਜਾਬੀ ਕੇਨੈਡਾ, ਅਮਰੀਕਾ ਭੁੱਖਮਰੀ ਕਰਕੇ ਨਹੀਂ ਜਾਂਦੇ ( ਕੁਛ ਕੇਸਾਂ ਨੂੰ ਛੱਡ ਕੇ) ... ਪੰਜਾਬ ਦਾ ਮੱਧਵਰਗ ਤੇ ਉੱਚ ਮੱਧਵਰਗ ਹੀ ਜਾ ਰਿਹਾ ਹੈ.. ਨਿਮਨ ਮੱਧਵਰਗ ਤੇ ਗਰੀਬ ਤਬਕੇ ਦਾ ਤਾਂ ਬਾਹਰ ਜਾਣਾ ਮੁਮਕਿਨ ਹੀ ਨਹੀਂ..

Amrit December 8, 2009 at 11:31 AM  

ਤੇ ਇਹੀ ਕੌਮ ਦੀ ਫਿਕਰਮੰਦ ਲੋਕ ਜਦੋਂ ਪਿੰਡ ਦੇ ਦਿਹਾੜੀਏ ਕੁਝ ਰੁਪਏ ਵੱਧ ਦਿਹਾੜੀ ਮੰਗਦੇ ਹਨ ਤਾਂ ਪਤਾ ਨਹੀਂ ਕਿੱਥੇ ਹੁੰਦੇ ਹਨ.. ਦਾਲਾਂ ਦੇ ਰੇਟ ਨੱਬੇ ਰੁਪਏ ਤੋਂ ਉੱਪਰ ਹਨ, ਪਰ ਕੋਈ ਫਿਕਰ ਨਹੀਂ.. ਲੋਕੀਂ ਮੂਲੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾ ਰਹੇ ਹਨ, ਕੀ ਫਰਕ ਪੈਂਦਾ ਕਿਸੇ ਕੌਮ ਦੇ ਰਖਵਾਲੇ ਨੂੰ...ਜੇ ਦੇਖਿਆ ਜਾਵੇ ਤਾਂ ਹਾਲਾਤ ਪੰਜਾਬ ਤੋਂ ਬਾਹਰ ਕਿਤੇ ਜਿਆਦਾ ਬਦਤਰ ਹਨ... ਯੂ ਪੀ, ਬਿਹਾਰ ਦੇ ਕੁਛ ਘਰ ਨਹੀਂ ਜਨਾਬ, 77% ਤੋਂ ਵੀ ਜਿਆਦਾ ਘਰ ਹਨ ਜਿਥੇ ਹਰ ਵਿਅਕਤੀ ਵੀਹ ਰੁਪਏ ਪਰਤੀ ਦਿਨ ਤੋਂ ਵੀ ਘੱਟ ਤੇ ਗੁਜ਼ਾਰਾ ਕਰ ਰਹੇ ਹਨ..

gurudaas December 9, 2009 at 7:34 AM  

ਜਨਾਬ ਜੀ 50 ਰੁਪਏ ਵਾਲੀ ਲੇਬਰ ਨੇ ਤਾਂ ਵਖਤ ਪਾਇਆ ਪੰਜਾਬੀ ਮਜ਼ਦੂਰ ਵਿਹਲਾ ਹੈ, ਗਰੀਬ ਹੈ, ਕਿਉਕਿ ਜਿਸ ਕੰਮ ਦੀ ਕੀਮਤ ਜਿੰਨੀ ਉਸ ਨੂੰ ਮਿਲਣੀ ਚਾਹੀਦੀ ਹੈ ਨਹੀਂ ਮਿਲਦੀ ।ਕਾਰਨ ਬਈਏ…
ਜੇ ਭਈਏ ਨਾ ਹੋਣ ਮਜ਼ਦੂਰ ਦੀ ਮੰਗ ਹੋਵੇ ਉਸਨੂੰ ਚੰਗੇ ਪੈਸੇ ਮਿਲਣ , ਕੰਮ ਮਿਲੇ ਰਾਰਲੇ ਦੇਸ਼ ਵਾਗੂ living standard ਬਣੇ ਇਹੀ ਤਾਂ ਬਣਨ ਨਹੀਂ ਦਿੰਦੇ।
ਅਸੀ ਭਈਆਂ ਨੰੀ ਕਹਿ ਕੇ ਨਹੀਂ ਆਉਦੇ ਕਿ 12- 15 ਨਿਆਣੇ ਜੰਮੋਂ ਤੇ ਪੰਜਾਬ ਨੂੰ ਭੇਜ ਦਿਉ, ਪਈ ਕਾਮਰੇਡ ਹੈਗੇ ਨੇ ਮਜ਼ਦੂਰਾਂ ਦੇ ਹੱਕ ਲਈ ..ਬਣਾ ਕੇ ਰਿਹਣਗੇ ਪੰਜਾਬ ਨੂੰ ਭਈਆਸਤਾਨ
ਬਾਕੀ ਜੇਕਰ ਕਨੇਡਾ ਅਸਟ੍ਰਲੀਆ ਨੂੰ ਮਜ਼ਦੂਰਾਂ ਦੀ ਲੋੜ ਹ ਤਾਂ ਉਹ ਮੰਗ ਕਰਦਾ ਹੈ ਐਵੇਂ ਮੂੰਹ ਚੱਕ ਕੇ ਨਹੀਂ ਜਾ ਸਕਦਾ ਉਥੇ ਜਿਦਾ ਭਈਏ ਆ ਜਾਦੇ ਹਨ । ਮਜ਼ਦੂਰ ਵੀ ੳਹ qualified ਲੈਂਦੇ ਨੇ ਤੇ ਉਹ ਵੀ ਮਰਜ਼ੀ ਮੁਤਾਬਕ … ਭੇਜ ਕੇ ਵੇਖੋਂ ਬਿਹਾਰੀ ਉਥੇ ਸਣੇ ਏਜੰਟ ਗੋਲੀ ਨਾਂ ਮਾਰੀ ਅੰਗਰੇਜਾ ਨੇ ਤਾਂ ਕਿਹੋ……
ਬਾਕੀ ਮਜ਼ਦੂਰਾਂ ਦੇ ਵੱਡਿਓ ਠੇਕੇਦਾਰੋ ਮੈਂ ਵੀ ਮਜ਼ਦੂਰ ਹਾ ਮਜ਼ਦੂਰ ਦਾ ਭਲਾ ਇਸ ਤਰਾਂ ਨਹੀਂ ਹੋਣਾਂ ਕਿ ਉਹ ਪੰਜਾਬ ‘ਚ ਵਸਾ ਦਿਓ ਉਨਾਂ ਨੂੰ ਉਨਾਂ ਦੇ ਜੱਦੀ ਪਿੰਡ ਰੁਜ਼ਗਾਰ ਦਿਵਾਉ , ਉਨਾਂ ਦੀ ਪੜਾਈ ਦਾ ਜ਼ਿੰਮਾਂ ਉਠਾਓ ।ਮਜ਼ਦੂਰਾਂ ਦੇ ਨਾਂ ਤੇ ਵਿਦਵਾਨੀ ਕਰਨੀ ਹੈ ਤਾਂ ਉਨਾ ਦਾ ਜੀਵਨ ਪੱਧਰ ਉੱਚਾ ਚੁਕਣ ਦੀ ਕੋਸ਼ਿਸ ਕਰੋ , ਉਹਨਾਂ ਨੂੰ ੁਸਿਖਿਆ ਦਿਓ…ਤਾਂ ਕਿ ਉਹ ਆਪਣਾ ਭਲਾ ਆਪ ਸੋਚ ਸਕਣ … ਭਈਆਂ ਦੀ ਭੁਖਮਰੀ ਦਾ ਕਾਰਨ ਅਸੀ ਤਾਂ ਕਿਸੇ ਤਰਾਂ ਵੀ ਨਹੀਂ ਹਾ । ਸਥਾਨਕ ਸਰਕਾਰਾਂ ਸੋਚਣ ਅਸੀ ਕਿਉ..ਸਾਡੇ ਤੇ ਆਪਣੇ ਬੜੇ ਮਸਲੇ ਹਨ। ਚਰਨਜੀਤ ਸਿੰਘ ਦਾ ਗੁੱਸਾ ਜਾਇਜ ਹੈ।

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP