Friday, December 11, 2009

ਖ਼ਬਰ ਲਿਆਓ !

ਚਰਨਜੀਤ ਸਿੰਘ ਤੇਜਾ
ਮੇਰੇ ਬੇਲੀਓ, ਮੇਰੇ ਯਾਰੋ
ਮਿੱਤਰੋ ਮੇਰਾ ਕੰਮ ਤਾਂ ਸਾਰੋ
ਕਤਲ ਕਰੋ ਜਾਂ ਡਾਕਾ ਮਾਰੋ
ਮੇਰੀ ਕਾਰਗੁਜ਼ਾਰੀ ਸੁਧਾਰੋ।
ਮੈਨੂੰ ਮਿਲ ਜੂ ਇਕ ਖ਼ਬਰ
ਹੋਜੂ ਮਸ਼ਹੂਰ ਨਾਲੇ ਆਪਣਾ ਨਗਰ।
...ਜਾਂ ਫਿਰ ਆਪਾਂ ਬਲਾਤਕਾਰ ਕਰੀਏ
ਭੁੱਖੇ ਕੈਮਰੇ ਦਾ ਢਿੱਡ ਭਰੀਏ
ਬ੍ਰੇਕਿੰਗ ਨਿਊਜ਼ ਬਣਜੇ ਜਿਹੜੀ
ਐਸੀ ਕਹਾਣੀ ਆਪਾਂ ਘੜੀਏ।
!ਕਾਸ਼! ਲਾਲਿਆਂ ਦੀ ਕੁੜੀ ਭੱਜ ਜਾਵੇ
ਮਸੀਤੇ ਜਾ ਕੇ ਨਿਕਾਹ ਕਰਵਾਵੇ
ਮੇਰੀ ਰਿਪੋਰਟਿੰਗ ਰੰਗ ਲਿਆਵੇ
ਵਾਰ ਵਾਰ ਮੇਰੀ ਫੋਟੋ ਆਵੇ।
ਜਾਂ ਤਾਇਆ ਸ਼ਾਮੀਂ ਪੀ ਕੇ ਆਵੇ
ਤਾਈ ਦਾ ਚੰਗਾ ਕੁਟਾਪਾ ਲਾਵੇ
ਕੰਧ ਉਤੇ ਮੈਂ ਰੱਖਾਂ ਕੈਮਰਾ
ਵੂਮੈਨ ਸੈੱਲ ਤੱਕ ਗੱਲ ਪੁੱਜ ਜਾਵੇ।
ਸਟਿੰਗ ਓਪਰੇਸ਼ਨ ਦੀ ਜੁੱਗਤ ਬਣਾਓ
ਸ਼ਿਵ ਜੀ ਦੀ ਅੱਖ 'ਚ ਕੈਮਰਾ ਲਾਓ
ਬਈਆਂ ਕੋਲੋਂ ਮੰਗ ਕੇ ਤਮਾਕੂ ਖਾਵੇ
ਸਰਪੰਚ ਦਾ ਲਾਈਵ ਟੇਪ ਚਲਾਓ।
ਧੋਲੀ ਦਾੜ੍ਹੀ ਰੋਲ ਕੇ ਰੱਖ ਦੋ
ਨਾਲੇ ਘਰੇ ਲੜਾਈ ਪਾਓ।
ਕੋਈ ਮਰੇ ਭਲਾਂ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਪੁਲਿਸ ਕੁੱਟੇ ਜਾਂ ਕਰੇ ਕੋਈ ਦੰਗਾ
ਅਸੀਂ ਨਾ ਕਹੀਏ ਕਿਸੇ ਨੂੰ ਮੰਦਾ
ਚਾਰ ਕੁ ਘੰਟੇ ਰੌਲਾ ਪਾ ਕੇ
ਸਭ ਚੰਗਾ ਬਈ ਸਭ ਚੰਗਾ।
ਚੰਗੇ ਸਨ ਜੋ ਪਹਿਲਾਂ ਲੰਘੇ
ਗੁਰਮੁੱਖ ਸਿਓਂ ਜਿਹੇ ਸੂਲ਼ੀ ਟੰਗੇ
ਮੀਡੀਆ ਨਾ ਸ਼ਾਦੀ ਸਿਓਂ ਜਿਹਾ ਰੈ'ਗਿਆ
ਵੈਲੀ ਬਣ ਸਾਡੇ ਬਾਰ ਮੂਹਰੇ ਖੰਘੇ।
ਯਾਰ ਮੇਰੇ ਜੋ ਨਿੱਤ ਲੱਭਣ ਖਬਰਾਂ
ਸਭ ਦੀਆਂ 'ਤੇਜੇ' ਉੱਤੇ ਨਜ਼ਰਾਂ
ਕਿਧਰੇ ਪਤੰਦਰ ਖੂਹ ਵਿੱਚ ਡਿੱਗ ਜਾਵੇ
ਪ੍ਰਸ਼ਾਸਨ, ਮੀਡੀਆ, ਆਰਮੀ ਆਵੇ
ਹਰ ਚੈਨਲ 'ਤੇ ਖੱਪ ਫਿਰ ਪਾਈਏ
56 ਘੰਟੇ ਲਾਈਵ ਚਲਾਈਏ।
ਮੈੱਸਜ ਕਰੋ, ਨਾ ਕਰੋ ਦੁਆਵਾਂ
ਲਾਸ਼ ਕੱਢ ਹਮਦਰਦੀ ਪਾਈਏ।
ਫਿਰ ਭੋਗ ਮੁਕਾਣਾ ਲਾਈਵ ਹੀ ਚੱਲਣ
ਲੀਡਰ-ਅਧਿਕਾਰੀ ਸਕਰੀਨਾਂ ਮੱਲਣ
'ਤੇਜਾ' ਮੋਸਟ-ਪਾਪੂਲਰ ਬਣਾ ਕੇ
ਪ੍ਰੈਸ ਕੱਲਬ 'ਚ ਫੋਟੋ ਲਾ ਕੇ
ਉੱਤੇ ਹਾਰ ਫੁੱਲਾਂ ਦਾ ਪਾ ਕੇ
ਮੇਰੇ ਬਾਪੂ ਨੂੰ ਚੈੱਕ ਦਿਵਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ
ਨਗਰ ਆਪਣੇ ਦਾ ਨਾਂ ਚਮਕਾਓ
ਏਦਾਂ ਦੀ ਮਿੱਤਰੋ ਖ਼ਬਰ ਲਿਆਓ।
(ਇਹ ਕਵਿਤਾ ਕੋਈ 4 ਕੁ ਸਾਲ ਪਹਿਲਾ ਪੱਤਰਕਾਰੀ ਦੀ ਪੜਾਈ ਦੌਰਾਨ ਲਿਖੀ ਗਈ ਸੀ। ਸੋ ਪਾਤਰ ਪੁਰਾਣੇ ਹੋ ਚੁਕੇ ਹਨ ਜਿਵੇਂ ਪ੍ਰਿੰਸ ਜੋ ਬੋਰ ‘ਚ ਡਿੱਗਣ ਕਰਕੇ ਚਰਚਿਤ ਹੋਇਆ ਸੀ)_

Read more...

Tuesday, December 8, 2009

ਗ਼ਲਤ ਕਠਪੁਤਲੀਆਂ ‘ਤੇ ਨਿਸ਼ਾਨਾ

ਇਹ ਲੇਖ ਰੂਪੀ ਟਿਪਣੀ ਬਾਈ ਦਵਿੰਦਰਪਾਲ ਵਲੋਂ ਹੇਠਾਂ ਲਿਖੇ ਲੇਖ ‘ਤੇ ਕੀਤੀ ਗਈ ਹੈ।ਪੰਜਾਬੀ ਦੇ ਇਲੈਕਟ੍ਰਨਿਕ ਮੀਡੀਏ ‘ਚ ਸਥਾਪਤ ਲੋਕਾਂ ਚੋਂ ਦਵਿੰਦਰਪਾਲ ਵਰਗਾ ਕੋਈ ਹੋਰ ਦੂਜਾ ਬੰਦਾ ਮੈਨੂੰ ਨਹੀਂ ਟੱਕਰਿਆ।ਬਾਈ ਦੇ ਨਾਲ ਰਹਿੰਦਿਆ ਬਹੁਤ ਕੁਝ ਸਿੱਖਿਆ ਵੀ ਤੇ ਸਮਜਿਆ ਵੀ।ਕਿਹਾ ਜਾ ਸਕਦਾ ਹੈ ਕਿ ਉਸ ਦੀ ਕੋਈ ਗੱਲ ਐਂਵੇ ਤੇ ਸੁੱਟ ਪਾਉਣ ਵਾਲੀ ਨਹੀਂ ਹੁੰਦੀ।ਭਾਵੇ ਕਿ ਹੇਠਲਾ ਲੇਖ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਦੀ ਪੜਚੋਲ ਸੀ ਤੇ ਨਿਸ਼ਾਨਾ ਕਠਪੁਤਲੀਆਂ ਤੇ ਨਹੀਂ ਸਗੋਂ ਪਰਦੇ ਉਹਲੇ ਬਜ਼ੀਗਰਾਂ ‘ਤੇ ਸੀ। ਬਈਏ ਚਰਚਾ ‘ਚ ਸਨ ਸੋ ਚਰਚਾ ਕਰਨੀ ਜਰੂਰੀ ਸਮਝੀ। ਕੁਝ ਹੋਰ ਵੀ ਇਤਰਾਜ ਫੋਨ ਰਾਹੀਂ ਆਏ ।ਪੱਤਰਕਾਰ ਅਵਤਾਰ ਸਿੰਘ ਦਾ ਪੱਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਸਾਡਾ ਪੱਖ ਲੇਖ ਦੇ ਹੇਠਾਂ ਟਿਪਣੀਆਂ ‘ਚ ਦਰਜ਼ ਹੈ। ਤੇਜਾ

ਦਵਿੰਦਰ ਪਾਲ
ਤੇਜੇ ਵੈਸੇ ਤੇ ਤੈਨੂੰ ਆਸ ਹੋਣੀ ਏ ਮੇਰੇ ਵਰਗਿਆਂ ਤੋਂ ਤੇਰੇ ਵੱਲੋਂ ਭਈਆ ਸ਼ਬਦ ਦੇ ਨਾਂਹ ਪੱਖੀ ਇਸਤੇਮਾਲ ‘ਤੇ ਵਿਰੋਧ ਆਉਣ ਦੀ…. ਫੇਰ ਵੈਸੇ ਵੀ ਇਹ ਸ਼ਬਦ ਖੁਦ ‘ਚ ਹੀ ਨਾਂਹ ਪੱਖੀ ਹੈ, ਸਹੀ ਸ਼ਬਦ ਪ੍ਰਵਾਸੀ ਮਜ਼ਦੂਰ ਹੈ। ਖ਼ੈਰ ਇਸੇ ਲਈ ਤੁਸੀਂ ਰੱਬ ਤਰਸੀ, ਮਨੁੱਖ ਤਰਸੀ ਸਾਰੇ ਦਾਇਰਿਆਂ ਨੂੰ ਘੇਰ ਕੇ ਵੀ ਨਾਂਹ ਪਾ ਹੀ ਦਿੱਤੀ ਕਿ ਸਾਰੇ ਪੱਖ ਸੋਚ ਕੇ ਵੀ ਇਹਨਾਂ ਦਾ ਪੰਜਾਬ ‘ਚ ਵਸੇਬਾ ਪੰਜਾਬ ਪੱਖੀ ਨਹੀਂ ਹੈ। ਆਪਾਂ ਭੰਨੇ ਹੈਗੇ ਆਂ, ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਆਪਣੇ ਵਸ ਵੀ ਨੀਂ ਹੋਣ ਵਾਲਾ। ਪਹਿਲੀ ਗੱਲ ਤਾਂ ਜੇ ਨਹੀਂ ਸਹਿ ਸਕਦੇ ਤਾਂ ਓਹਨਾਂ ਨੂੰ ਨਾਂ ਸਹੋ ਕਿ ਜਿਹੜੇ ਕਠਪੁਤਲੀਆਂ ਨਚਾ ਰਹੇ ਨੇ….. ਹੁਣ ਅੱਗੇ ਜਾਣ ਤੋਂ ਪਹਿਲਾਂ ਫੇਰ ਤੇਰੀ ਸਿਆਣਪ ‘ਤੇ ਵਾਪਿਸ ਆਉਨਾ ਕਿ ਤੂੰ ਓਹਨਾਂ ‘ਤੇ ਨਿਸ਼ਾਨਾ ਵੀ ਸਾਧਿਐ ਪਰ ਅਸਲ ਨਿਸ਼ਾਨੇ ‘ਤੇ ਰਿਹਾ ਤੇਰਾ ਭੱਈਆ ਤੇ ਮੇਰਾ ਪ੍ਰਵਾਸੀ ਮਜ਼ਦੂਰ ।ਆਮ ਪੰਜਾਬੀਆਂ ਵਾਂਗ ਓਹਨਾਂ ਕਠਪੁਤਲੀ ਚਲਾਉਣ ਵਾਲਿਆਂ ਬਰਾਬਰ ਨਾਂ ਤਾਂ ਖੁਦ ਨੂੰ ਡਿਫੈਂਡ ਕਰ ਸਕਦੈ ਤੇ ਨਾਂ ਹੀ ਇਸ “ਵਰਤੇ” ਜਾਣ ਦੀ ਸਿਆਸਤ ਨੂੰ ਸਮਝ ਸਕਦਾ ਹੈ….. ਕਾਰਨ ਵੀ ਸਾਫ ਹੈ ਕਿਉਂਕਿ ਓਹ ਵੀ ਆਮ ਪੰਜਾਬੀਆਂ ਵਾਂਗ ਸਿਰਫ ਮਨੁੱਖ ਹਨ ਕੋਈ ਘਾਗ ਸਿਆਸਤਦਾਨ ਨਹੀਂ। ਖ਼ੈਰ ਜਦੋਂ ਵਾਪਸ ਗੱਲ ਪ੍ਰਵਾਸੀ ਮਜ਼ਦੂਰ ਨੂੰ ਨਾਂ ਸਹਿਣ ਦੀ ਹੋਵੇ ਤਾਂ ਭੁੱਲਿਓ ਨਾਂ ਕਿ ਓਹਨਾਂ ਬਗ਼ੈਰ ਆਪਣਾ ਸਰਨਾ ਵੀ ਨਹੀਂ। ਚਰਨਜੀਤ ਸਿੰਘ ਤੇਜਾ ਸਿਆਣਾ ਪੱਤਰਕਾਰ ਹੈ ਤੇ ਕਲਮਨਵੀਸੀ ਕਰਨ ਲੱਗਿਆਂ ਇਸ ਤੱਥ ਨੂੰ ਵੀ ਮੰਨ ਗਿਐ, ਪਰ ਨਾਲ ਹੀ ਇਹਨਾਂ ਨੂੰ ਪੰਜਾਬੋਂ ਬਾਹਰ ਵੇਖਣ ਦਾ ਸੁਪਨਾ ਵੀ ਵੇਖੀ ਜਾਂਦੈ। ਮੈ ਤੀਜੇ ਕਾਂਡ ‘ਤੇ ਕੋਈ ਟਿੱਪਣੀ ਨੀ ਕਰਨੀ ਕਿਉਂਕਿ ਓਹ ਸਾਰਾ ਸੱਚ ਆ ਤੇ ਅਗਾਂਹ ਵੀ ਓਹੋ ਹੋਣਾ ਜੋ ਤੇਜਾ ਕਹੀ ਜਾਂਦਾ, ਪਰ ਹੁਣ ਓਸ ਸੁਪਨੇ ਦੀ ਗੱਲ ਕਰੀਏ ਜਿਹੜਾ ਮੇਰੇ ਹੋਰ ਵੀ ਕਈ ਨੇੜਲੇ ਮਿੱਤਰਾਂ ਨੂੰ ਆਈਡੀਅਲ ਸਮਾਜ ਦਾ ਆਧਾਰ ਲਗਦੈ ਕਿ ਪ੍ਰਵਾਸੀ ਮਜ਼ਦੂਰ ਕੱਢੋ ਤੇ ਪੰਜਾਬ ਸਾਫ ਹੋ ਜੂ, ਹਾਲਾਂਕਿ ਇਹ ਸੋਚ ਮਨੁੱਖ ਪੱਖੀ ਸੋਚ ਦੇ ਅਧਾਰ ‘ਤੇ ਇੱਕ ਪਾਸੜ ਤੇ ਅਨਿਆਪੂਰਨ ਐ, ਪਰ ਚਲੋ ਇੱਕ ਵਾਰ ਲਈ ਦੋਸਤਾਂ ਖ਼ਾਤਰ ਵਿਰੋਧ ਦੀ ਥਾਂ ਇਸੇ ਸੁਪਨੇ ਨੂੰ ਪੂਰਾ ਕਰਨ ਦੇ ਜ਼ਰੂਰੀ ਪੈਰਾਮੀਟਰ ਲੱਭ ਲਈਏ।
ਸਭ ਤੋਂ ਪਹਿਲੀ ਜ਼ਰੂਰਤ ਹੱਡ ਹਰਾਮੀ ਹੋ ਚੁੱਕੇ ਤੇ ਵਿਹਲੀਆਂ ਖਾਣ ਗਿੱਝੇ ਪੰਜਾਬੀਆਂ ਨੂੰ ਹੱਥੀ ਮਿਹਨਤ ਕਰਨੀ ਪਊ, ਖੇਤਾਂ ਤੇ ਫੈਕਟਰੀਆਂ ਵੱਲ ਖੁਦ ਮੋੜਾ ਪਾਉਣਾ ਪਊ ਤੇ ਹੱਡ ਭੰਨਵੀ ਮਿਹਨਤ ਕਰਨੀ ਪਊ।
ਪੰਜਾਬੀਆਂ ਨੂੰ ‘ਰਸਤੇ ਕਾ ਮਾਲ ਸਸਤੇ ਮੇਂ’ ਦੀ ਆਦਤ ਵੀ ਛੱਡਣੀ ਪਊ, ਕਿਉਂਕਿ 50 ਜਾਂ ਸੌ ਰੁਪਏ ਵਾਲੀ ਲੇਬਰ ਆਪਣੇ ਕੋਲ ਨੀ ਰਹਿਣੀ
ਮੱਥੇ ਤੇ ਮਹਾਰਾਜਿਆਂ ਦੇ ਮੁਕਟ ਵਾਂਗ ਐੱਨ.ਆਰ ਆਈ ਦਾ ਫੱਟਾ ਲਾਈ ਬੈਠੇ ਜਾਂ ਕਬੂਤਰ ਬਣੀ ਫਿਰਦੇ ਡਾਲਰਾਂ ਦੇ ਭੁੱਖਿਆਂ ਨੂੰ ਹੱਥੀ ਮਿਹਨਤ ਕਰਕੇ ਆਪਣੀ ਜ਼ਮੀਨ ‘ਤੇ ਕਮਾਈ ਕਰਨੀ ਵੀ ਪੈ ਸਕਦੀ ਹੈ ਕਿਉਂਕਿ ਓਹ ਮੁਲਕ ਵੀ ਏਧਰਲੇ ਭਈਆਂ (ਸਿਰਦਾਰ ਸ਼ਾਹਬ) ਨੂੰ ਸਵੀਕਾਰਨ ਤੋਂ ਇਨਕਾਰੀ ਹੋ ਸਕਦੇ ਨੇ, ਆਖ਼ਰ ਆਪਾਂ ਵੀ ਪੰਜਾਬੀ ਵੋਟਾਂ ਦੇ ਨਾਂ ‘ਤੇ ਓਹਨਾਂ ਦੀ ਐਹੀ ਤੈਹੀ ਫੇਰਦੇ ਆਂ ਤੇ ਏਥੇ ਆ ਕੇ ਬੜ੍ਹਕਾਂ ਮਾਰਦੇ ਆਂ ਬਈ ਹੁਣ ਤਾਂ ਲਗਦਾ ਕਨੇਡਾ ਵੀ ਪੰਜਾਬ ਵਰਗਾ’
ਜੇ ਆਹ “ਛੋਟੀਆਂ” ਜਿਹੀਆਂ ਸਮਝੌਤੀਆਂ ਕਰ ਲਓਂਗੇ ਤਾਂ ਜੀ ਸਦਕੇ ਪਰਵਾਸੀ ਮਜ਼ਦੂਰਾਂ ਬਗ਼ੈਰ ਪੰਜਾਬ ਦਾ ਸੁਪਨਾ ਵੇਖੋ।ਪਰ ਜੇ ਚਾਹੋ ਕਿ ਇਹ ਏਥੇ ਵੀ ਰਹਿਣ ਤੇ ਕੁਸਕਣ ਵੀ ਨਾਂ, ਸਾਡੇ ਘਰਾਂ ‘ਚ ਕੰਮ ਵੀ ਕਰਨ ਪਰ ਖਾਣ, ਪੀਣ, ਹੱਗਣ, ਮੂਤਣ, ਰੋਣ, ਹੱਸਣ, ਨੱਚਣ, ਟੱਪਣ ਕਿਸੇ ਐਸੇ ਥਾਂ ਜਿਹੜਾ ਸਾਨੂੰ ਨਜ਼ਰ ਨਾਂ ਆਵੇ ਤਾਂ ਇਹ ਨਾਮੁਮਕਿਨ ਐ।

Read more...

Monday, December 7, 2009

ਕਠਪੁਤਲੀ ਤਮਾਸ਼ਾ

ਚਰਨਜੀਤ ਸਿੰਘ ਤੇਜਾ
ਸੂਤਰਧਾਰਾ-ਅਣਗੌਲੇ ਜਿਹੇ ਪਿੰਡਾਂ ’ਚ ਪੈਦਾ ਹੋਏ, ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ‘ਚ ਪਲੇ, ਆਪਣੀ ਰੋਟੀ ਜੋਗੇ ਹੋਣ ਦੀ ਝਾਕ ‘ਚ ਬੀ.ਏ ਐਮ.ਏ ਕਰ , ਫੋਰ ਫਿਗਰ (4 figure) ਨੌਕਰੀ ਦੀ ਤਲਾਸ ‘ਚ ਭਟਕਦੇ ਅਸੀਂ ਲੋਕ ਜੇ ਕਿਸੇ ਸਿਅਸੀ ਸੂਝ ਦਾ ਦਾਅਵਾ ਕਰੀਏ ਤਾਂ ਆਪੇ ਨਾਲ ਮਜਾਕ ਹੀ ਹੋਵੇਗਾ।ਆਪਣੀ ਹੋਣੀਂ ਜਾਨਣ ਲਈ ਬਚਪਨ ਤੋਂ ਇੱਕ ਉਤਸੁਕਤਾ ਸਵਾਲਾਂ ‘ਚ ਜਾਹਿਰ ਹੁੰਦੀ ਕਿ ਮਨੁੱਖ ਦੀਆਂ ਬੁਨਿਆਦੀ ਲੋੜਾਂ ਸਾਡੇ ਲਈ ਮਸਲੇ ਤੇ ਮੁੱਦੇ ਕਿਵੇਂ ਬਣ ਗਏ? ਜਿੰਨਾਂ ਲਈ ਸੰਘਰਸ਼ ਕਰਨਾਂ ਪੈਦਾਂ ਹੈ, ਧਰਨਿਆਂ, ਮੁਜਾਹਰਿਆਂ ਤੋਂ ਚੱਲੀ ਗੱਲ ਗੋਲੀਕਾਂਡਾਂ ਤੇ ਪੁਲਿਸ ‘ਮੁਕਾਬਲਿਆਂ’ ਤੱਕ ਜਾਦੀ ਹੈ? ਕਿਸੇ ਸਿਆਣੇ ਨੇ 47 ਤੋਂ 94 ਤੱਕ ਦਾ ਇਤਿਹਾਸ ਸੁਣਾਉਦਿਆਂ ਦੱਸਿਆਂ ਸੀ ਕਿ ‘ਅਸੀ ਤਾਂ ਬੱਸ ਕਠਪੁਤਲੀਆਂ ਹੀ ਹਾਂ ਡੋਰਾਂ ਤੇ ਉਨ੍ਹਾਂ ਡਾਢਿਆਂ ਹੱਥ ਨੇ ਜੋ ਤਖਤਾਂ ਤੇ ਬੈਠੇ ਰਾਜ ਕਰਦੇ ਨੇ’। ਆਪਣੀ ਹੋਸ਼ ਹਵਾਸ਼ ਦੀ ਥੋੜੀ ਜਿਹੀ ਜ਼ਿੰਦਗੀ ‘ਚ ਕਠਪੁਤਲੀ ਤਮਾਸ਼ੇ ਦੇਖਦੇ ਰਹੇ ਹਾਂ ਤੇ ਆਸ ਹੈ ਕਿ ‘ਜੇ ਹਵਾ ਇਹੀ ਰਹੀ’ ਤਾਂ ਅੱਗੇ ਵੀ ਦੇਖਦੇ ਰਹਾਗੇ।
ਕਾਂਡ ਇੱਕ
(ਇਤਿਹਾਸ ਬੋਲਦਾ ਹੈ) ਰੋਜੀ-ਰੋਟੀ ਲਈ ਹੱਡਾਂ ਦਾ ਹੱਲ ਵਾਹੁੰਦੇ ਲੋਕਾਂ ਨੂੰ ਇਹ ਕਹਿ ਕੇ ਵਰਗਲਾ ਲਿਆ ਗਿਆ ਕਿ ਆਜ਼ਾਦੀ ਨਾਂ ਦੀ ਇੱਕ ਐਸੀ ਚੀਜ ਲਿਆਵਾਗੇ ਜੋ ਤੁਹਾਡੇ ਘਰਾਂ ਤੇ ਪਿੰਡਾਂ ਨੂੰ ਰੌਸ਼ਨ ਕਰ ਦੇਵੇਗੀ।ਪਰ ਪਹਿਲਾਂ ਆਜ਼ਾਦੀ ਦੀ ਮਿਸ਼ਾਲ ਤੁਹਾਡਾ ਖੂਨ ਮੰਗਦੀ ਹੈ ਜਦੋ ਜਗ ਪਈ ਤਾਂ ਚੁਫੇਰਾ ਰੁਸ਼ਨਾਂ ਦੇਵੇਗੀ।ਭੋਲੇ ਲੋਕਾਂ ਲਗਦੀ ਵਾਹ ਲਾ ਦਿਤੀ ਤੇ ਅਜ਼ਾਦੀ ਦੇਸ਼ ਦੇ ਵਿਹੜੇ ਲਿਆ ਖੜੀ ਕੀਤੀ। ਸਭ ਨੂੰ ਆਸ ਸੀ ਕਿ ਹੁਣ ਅਜ਼ਾਦੀ ਉਨ੍ਹਾਂ ਦੇ ਪਿੰਡੀ ਫੇਰਾਂ ਪਾ ਕੇ ਪਿੰਡ ਰੁਸ਼ਨਾਂ ਦੇਵੇਗੀ।ਪਰ ਆਜ਼ਾਦੀ ਤਾਂ ਭੈੜੀ ਬੜੀ ਮੂੰਹ-ਜ਼ੋਰ ਨਿਕਲੀ, ਲੱਗੀ ਮਾਰਨ ਛੱੜਪੇ,ਪਿੰਡਾਂ ਦੇ ਉੱਤੋਂ ਦੀ ਟੱਪਦੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ। ਅਜ਼ਾਦੀ ਨੇ ਸਿਰਫ ਉਨਾਂ ਮਹਿਲਾਂ ‘ਚ ਹੀ ਚਾਨਣ ਕੀਤਾਂ ਜਿਥੇ ਪਹਿਲਾਂ ਹੀ ਲੋਕਾਂ ਦੇ ਲਹੂ ਦੇ ਦੀਵੇ ਬਲਦੇ ਸਨ।ਜਿਸ ਆਜ਼ਾਦੀ ਦੀ ਰੋਸਨੀ ਦਿੱਲੀ ਦਾ ਬੈਰੀਅਰ ਟੱਪ ਯੂ.ਪੀ ‘ਚ ਨਾਂ ਵੜ੍ਹੀ ਉਨ੍ਹੇ ਬਿਹਾਰ,ਬੰਗਾਲ ਕਿਥੋਂ ਪਹੁੰਚਣਾਂ ਸੀ। ਚਾਨਣ ਲੱਭਦੇ ਲੋਕ ਇਧਰ ਉਧਰ ਭੱਜੇ,ਅਜ਼ਾਦੀ ਦੇ ਬਹੁਤੇ ਦੀਵਾਨੇ ਪੰਜਾਬੀ ਲੋਕ ‘ਪੱਛੀ ਲਾਉ ਏਸ ਅਜਾਦੀ ਨੂੰ’ਕਹਿ ਉਧਰ ਨੂੰ ਹੋ ਤੁਰੇ ਜਿਧਰ ਨੂੰ ਉਨ੍ਹਾਂ ਗੁਲਾਮੀ ਤੋਰੀ ਸੀ।ਦੇਸ਼ ਨੂੰ ਚਕਾਚੌਂਧ ਕਰਦਿਆਂ ਕਈ ਹੋਰਨਾਂ ਸੂਬਿਆਂ ਸਣੇ ਯੂ.ਪੀ ਬਿਹਾਰ ਦੇ ਕਈਆਂ ਘਰਾਂ ‘ਚ ਹਨੇਰਾਂ ਛਾਂ ਗਿਆ। ਪਤਾਂ ਨਹੀਂ ਕਿਸੇ ਨੇ ਪਰਦੇ ਉਹਲਿਓ ਉਗਲਾਂ ਹਿਲਾਈਆਂ ਜਾਂ ਰਿਜ਼ਕ ਭਾਲਦੇ ਇਹ ਹਨੇਰੀਆਂ ਕੋਠੜੀਆਂ ਦੇ ਵਾਸੀ ਆਪ ਮੁਹਾਰੇ ਹੀ ਧੁੰਦਲੇ ਪੰਜਾਬ ‘ਚ ਆ ਵੜ੍ਹੇ।

(ਅੱਜ ਦੱਸਦਾ ਹੈ) ਕਿ ਕਠਪੁਤਲੀਆਂ ਦੀ ਖੇਡ ‘ਚ ਇਹ (ਬਈਏ)ਅਹਿਮ ਕਠਪੁਤਲੀ ਏ ਜੋ ਸਭ ਦੀ ਅੱਖ ਵਿੱਚ ਹੈ (ਕਿਉਕਿ ਪਹਿਲੇ ਕਾਂਡ ‘ਚ ਉਹ ਸੜਕਾਂ ਤੇ ਸੀ)।ਸਰਬੱਤ ਦਾ ਭਲਾ,ਮਨੁੱਖਤਾ ਨਾਤੇ,ਰੱਬ ਤਰਸੀ,ਜੀਅ ਤਰਸੀ ਸਭ ਕੁਝ ਧਿਆਨ ‘ਚ ਰੱਖ ਕੇ ਵੀ ਬਈਆਂ ਦਾ ਪੰਜਾਬ ‘ਚ ਪੱਕਾ ਵਸੇਬਾ ਕਿਸੇ ਤਰਾਂ ਵੀ ਪੰਜਾਬ ਦੇ ਹੱਕ ‘ਚ ਨਹੀਂ।ਕਿਉਕਿ ਪਰਦੇ ਉਹਲੇ ਸ਼ਰਾਰਤੀ ਹੱਥ ਕਦੇ ਸੱਖਣੇ ਨਹੀਂ ਰਹਿੰਦੇ। ਅਸੀ ਨਿੱਤ ਮਾਰਾਂ ਸਹਿੰਦੇ,ਖੇਤੀ ਤੋਂ ਅਵਾਜਾਰ ਹੋਏ,ਥੁੜਦੇ ਸਾਧਨਾਂ ਦੇ ਭੰਨੇ ,ਸਟੇਟ ਦੀਆਂ ਵਧੀਕੀਆਂ ਦੇ ਸਤਾਏ,ਬਈਆਂ ਦਾ ਖਲਲ ਬਰਦਾਸ਼ਤ ਨਹੀਂ ਕਰ ਸਕਦੇ।
ਸੂਬੇ ‘ਚ ਮਜ਼ਦੂਰੀ ਕਰਨ ਜਾ ਕਿਸੇ ਵੀ ਕੰਮ ਆਏ ਕਿਸੇ ਬਾਹਰਲੇ ਦੇ ਜਾਨ ਮਾਲ ਦੀ ਰਾਖੀ ਸੂਬਾ ਸਰਕਾਰ ਦਾ ਤੇ ਸੂਬਾ ਵਾਸੀਆਂ ਦਾ ਫਰਜ਼ ਹੈ।ਪਰ ਜਾਨ ਮਾਲ ਦੀ ਰਾਖੀ ਨੂੰ ਮੁੱਦੇ ਬਣਾ ਕਿ ਕਿਵੇਂ ਸਿਆਸੀ ਲੋਕ ਬਈਆਂ ਨੂੰ ਵਰਤ ਗਏ ।ਇਹ ਸਾਰਾ ਕਠਪੁਤਲੀ ਤਮਾਸ਼ਾ ਭਵਿਖ ਦੀ ਇੱਕ ਝਲਕੀ ਹੈ ਕਿ ਬਈਏ ਕਿਵੇਂ ਕਿਵੇਂ ਵਰਤੇ ਜਾਣਗੇ।ਮਸਲਾ ਬਈਆਂ ਦਾ ਨਹੀਂ (ਕਿਉਕਿ ਕੰਮ ਸੱਭਿਆਚਾਰ ਨੂੰ ਤਿਆਗ ਰਹੇ ਪੰਜਾਬੀਆ ਤੇ ਵਿਕਾਸ ਲਈ ਮਜ਼ਦੂਰ ਦੀ ਲੋੜ ਤਾਂ ਸਦਾ ਬਣੀ ਰਹੇਗੀ)ਬਈਆਂ ਦੇ ਪਿਛਲੀ ਸਿਆਸਤ ਦਾ ਹੈ। ਜਿਸ ਸਬੰਧੀ ਕਿਸੇ ਰਣਨੀਤੀ ਲਈ ਪਿੜ੍ਹ ‘ਚ ਪੰਜਾਬੀਆਂ ਦੀ ਧਿਰ,ਆਗੂ ਸਮਝ ਤੇ ਦੂਰ ਦੀ ਸੋਚ ਤੋਂ ਸੱਖਣੀ ਹੈ।
ਕਾਂਡ 2

ਪੰਜਾਬ ‘ਚ ਸਿੱਖੀ ਭੇਖ ਵਾਲੇ ਤੇ ਸਰਬ ਧਰਮ ਸਾਂਝੀ ਦਿੱਖ ਵਾਲੇ ਵੱਡੇ ਡੇਰਿਆਂ ਤੇ ਰਸੂਖਦਾਰ ਸਾਧਾਂ ਪਿਛਲੀ ਸਜਿਸ਼ ਬਾਰੇ ਸ਼ਾਇਦ ਕਿਸੇ ਨੂੰ ਭੁਲੇਖਾਂ ਤਾਂ ਨਹੀਂ ਹੋਵੇਗਾ।ਡੇਰਿਆਂ ਦੇ ਹੋਰਨਾਂ ਲੁਕਵੇ ਮਨਸੂਬਿਆਂ ਤੋਂ ਇਲਾਵਾਂ ਇੱਕ ਵਡਾ ਮਨਸੂਬਾ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਤੇ ਦਲਿਤਾਂ ‘ਚ ਅਪਸੀ ਪਾੜਾ ਬਣਾਉਣਾਂ ਹੈ। ਕਿਉ ਕਿ ਇਸ ਨਾਲ ਸਟੇਟ ਦੇ ਕਈ ਮਕਸਦ ਹੱਲ ਹੰਦੇ ਹਨ। ਹਿੰਦੂ–ਸਿੱਖ ਫਿਰਕਾਪ੍ਰਸਤੀ ‘ਚ ਕੀ ਪੰਜਾਬੀ ਸਿੱਖਾਂ ਜਾਂ ਹਿੰਦੂਆਂ ਨੂੰ ਕੋਈ ਲਾਭ ਹੋਇਆ? ਅਸੂਤੋਸ਼ ਆਰ.ਐਸ.ਐਸ ਦੀ ਪਿਉਂਦ ਤੇ ਬੀਜੇਪੀ-ਬਾਦਲ ਲਾ ਲਾਇਆ ਬੂਟਾ ਹੈ। ਜਿਸ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦਿਖਾਉਣ ਵਾਲਾ ਚੈਨਲ ਆਸੂਤੋਸ਼ ਮਾਹਰਾਜ ਕਹਿ ਰਿਹਾ ਹੈ। ਸਿਤਮਜ਼ਰੀਫੀ ਦੇਖੋ ਜਿਸ ਚੈਨਲ ਦਾ ਤੋਰੀ ਫੁਲਕਾ ਗੁਰੂ ਘਰ ਤੋਂ ਚੱਲਦਾ ਹੈ ਉਹ ਸਿਅਸੀ ਅਕਾਵਾਂ ਦੇ ਅਕੀਦੇ ਤਹਿਤ ਗਰੂ ਘਰ ਦੇ ਵਿਰੋਧੀ ਨੂੰ ਵਡਿਆ ਰਿਹਾ ਹੈ।ਅਸੂਤੋਸ਼ ਦੇ ਪ੍ਰੋਗਰਾਮ ਨੂੰ ਰੋਕਣ ਲਈ ਸਿੱਖ ਜਥੇਬੰਦੀਆ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਕਈ ਦਿਨਾਂ ਤੱਕ ਤਰਲੇ ਕੱਢੇ। ਪਰ ਸੁਖਬੀਰ ਨੇ ਪ੍ਰੋਗਰਾਮ ਰੁਕਵਾਉਣ ਦੀ ਥਾਂ ਤੇ ਬਈਆਂ ਨੂੰ ਵਰਤਿਆਂ। ਪਰਚਾ ਨਾਂ ਦਰਜ਼ ਹੋਣ ਦੀ ਸਿਕਾਇਤ ਨੂੰ ਸੁਖਬੀਰ ਬਾਦਲ ਦੀ ਐੱਸ. ਓ. ਆਈ. ਤੇ ਅਕਾਲੀ ਦਲ ਦੇ ਯੂਥ ਵਿੰਗ ਨੇ ਏਨਾਂ ਚੱਕਿਆਂ ਕਿ ਸ਼ਹਿਰ ‘ਚ ਸਾੜ-ਫੂਕ ਤੋਂ ਬਾਅਦ ਗੱਲ ਕਰਫਿਊ ਤੇ ਸੀ.ਆਰ.ਪੀ ਐੱਫ ਤੱਕ ਆ ਗਈ। ਬਈਆਂ ਨੂੰ ਵਰਤ ਕੇ ਮਾਮਲੇ ਨੂੰ ਏਨਾਂ ਵਧਾਉਣਾ ਪਲੈਨ ਕੀਤਾ ਹੋਇਆ ਪ੍ਰੋਗਰਾਮ ਸੀ।ਜਿਸ ਦਾ ਮਕਸਦ ਪੁਲਿਸ ਦੀ ਨਫਰੀ ਵਧਾ ਕੇ ਆਸੂਤੋਸ਼ ਦੇ ਪ੍ਰੋਗਰਾਮ ਨੂੰ ਕਰਵਾਉਣਾਂ ਹੀ ਸੀ। ਜਿਸ ਲਈ ਵੱਡੇ ਰੈਂਕਾਂ ਦੇ ਕਈ ਪੁਲਸ ਅਫਸਰ ਤਾਇਨਾਤ ਕੀਤੇ ਗਏ। ਲੁਦਿਆਣੇ ਦੀਆਂ ਸੜਕਾਂ ਤੇ ਲਗਾਤਾਰ ਦੋ ਦਿਨ ਕਠਪੁਤਲੀ ਨਾਚ ਹੋਇਆ ਤੇ ਤਮਾਸ਼ੇ ਪਿਛੋਂ ਪੈਸੇ ਵੀ ਸੁੱਟੇ ਗਏ। ਭਾਈਵਾਲਾਂ ਦੇ ਏਜੰਡੇ ਨੂੰ ਲਾਗੂ ਕਰਨ ਦਾ ਆਹਿਦ ਕਰ ਚੁਕੀ ਬਾਦਲ ਪਾਰਟੀ ਦੀ ਪਨਾਹਗਾਹ ਐੱਸ.ਜੀ.ਪੀ.ਸੀ.ਦੇ ਪ੍ਰਧਾਨ ਤੇ ਸਰਕਾਰ ਨੇ ਸਾਰੇ ਤਮਾਸੇ ਪਿਛੋਂ ਲਾਸ਼ ‘ਤੇ ਪੈਸੇ ਵਾਰੇ।
ਦੂਜੇ ਪਾਸੇ ਡੇਰਵਾਦ ਵਿੱਰੁਧ ਸੰਨ 78 ਵਾਲ ਰਵਾਇਤੀ ਢੰਗ ਨਾਲ ਲੜ੍ਹ ਰਹੇ ਦੂਰ ਦੀ ਸੋਚ ਤੋਂ ਹੀਣੇ ਸਿੱਖ ਆਗੂਆਂ ਕੋਲ ਵੀ ਲੋਕਾਂ ਨੂੰ ਬਲਦੀ ਦੇ ਬੂਥੇ ਦੇ ਕੇ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਬਾਦਲਕਿਆਂ ਦੀ ਸਰਕਾਰ ਬਚਾਉਣ ਲਈ ਸਮਝੋਤਾ ਕਰ ਲੈਣ ਤੋਂ ਅਗਲੀ ਕੋਈ ਸੋਚ ਨਜ਼ਰੀ ਨਹੀਂ ਆਉਦੀ।ਕਿਉਕਿ ਡੋਰਾਂ ਤਾਂ ਏਨਾਂ ਦੀਆਂ ਵੀ ਅੱਖਾਂ ਤੋਂ ਉਹਲੇ ਹੀ ਕਿਸੇ ਫੜੀਆਂ ਹੋਈਆ ਹਨ।
ਕਾਂਡ 3

ਇਹਨਾਂ ਨਚਦੀਆਂ ਕਠਪੁਤਲੀਆਂ ਚੋਂ ਸਭ ਤੋਂ ਦਿਲਚਸਪ ਖੇਡ ਜਥੇਦਾਰਾਂ ਦਾ ਨਾਚ ਹੁੰਦੀ ਹੈ । ਸੱਚੇ ਸੌਦੇ ਵਾਰੀ ਪੰਥ ਇਨਾਂ ਦਾ ਨਾਚ ਬੜੀ ਚੰਗੀ ਤਰਾਂ ਦੇਖ ਚੁਕਾ ਹੈ।ਜਥੇਦਾਰ ਐਸੀ ਕਠਪੁਤਲੀ ਹੈ ਜਿਸ ਨੂੰ ਪੰਜਾਬ ਦੇ ਧਰਾਤਲ ਤੇ ਖੇਡੀ ਜਾਣ ਵਾਲੀ ਕਿਸੇ ਵੀ ਖੇਡ ‘ਚ ਦਮੂਹਰੀਏ ਵਾਂਗੂ ਪਾਇਆ ਜਾ ਸਕਦਾ ਹੈ। ਜਦੋਂ ਲੋਕ ਅਸੂਤੋਸ਼ ਵਿਰੁੱਧ ਮਰ ਰਹੇ ਸਨ ਤਾਂ ਜਥੇਦਾਰਾਂ ਨੇ 3-4 ਸੌ ਲੱਟਮਾਰ ਆਪਣੇ ਹੀ ਲੋਕਾਂ ਵਿਰੁਧ ਇਕੱਠਾ ਕੀਤ ਹੋਇਅ ਸੀ । ਚੰਡੀਗੜ੍ਹ ਤੋਂ ਆਏ ਹੁਕਮਨਾਮੇ ਨੂੰ ਸੁਣਾਉਣ ਲਈ ਕੌਮ ਦਾ ਕੀਮਤੀ ਸਮਾਂ ਨਸਟ ਕੀਤਾ।ਸਵਾਲ ਇਹ ਹੈ ਕਿ ਕੀ ਦਸਮ ਗ੍ਰਥ ਦੀ ਅਸਲੀਅਤ ਤਖਤਾਂ ਵਾਲੇ ਜਥੇਦਾਰ ਨਹੀਂ ਜਾਣਦੇ? ਸਭ ਜਾਣਦੇ ਹਨ। ਪਰ ਮਸਲਾ ਤਾਂ ਰਾਗੀ ਦਰਸ਼ਨ ਸਿੰਘ ਦਾ ਮੂੰਹ ਬੰਦ ਕਰਵਾਉਣ ਦਾ ਏ ਤਾਂ ਜੋ ਉਹ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਸ੍ਰੌਮਣੀ ਕਮੇਟੀ ਦੀਆਂ ਚੋਣਾਂ ‘ਚ ਬਾਦਲਾਂ ਦੀ ਸਿਰਦਰਦੀ ਨਾਂ ਬਣਿਆ ਰਹੇ।ਉਹ ਜਥੇਦਾਰਾਂ ਦੇ ਪੈਰੀਂ ਵੀ ਪੈ ਜਾਦਾਂ ਤਾਂ ਵੀ ਛੇਕਣਾਂ ਸੀ। ਹੁਣ ਵੀ ਛੇਕਣਾਂ ਏ ਕਿਉਕਿ ਉਹ ਇਤਿਹਾਸ ਦੇ ਸੱਚ ਨੂੰ ਵੀ ਬਾਖੂਬੀ ਕਹਿੰਦਾ ਹੈ ਤੇ ਅੱਜ ਦੇ ਸੱਚ ਨੂੰ ਵੀ।5 ਦਸੰਬਰ ਦੇ ਅਹਿਮ ਦਿਨ ਕਠਪੁਤਲੀ ਤਮਾਸ਼ਾ ਅਕਾਲ ਤਖਤ ਤੇ ਵੀ ਖੇਡਿਆ ਗਿਆ। ਦਰਸ਼ਨ ਸਿੰਘ ਅਕਾਲ ਤਖਤ ਦੇ ਵਿਹੜੇ ‘ਚ ਬੈਠਾਂ ਉਡੀਕਦਾ ਰਿਹਾ ਤੇ ਜਥੇਦਾਰ ਉਹਨੂੰ ਤਖਤ ਤੋਂ ਬਾਹਰ ਨੂੰ ਜਾਦੀ ਗਲੀ ਦੇ ਇੱਕ ਕਮਰੇ ‘ਚ। ਜਦੋਂ ਦਰਸ਼ਨ ਸਿੰਘ ਹੋਰੀਂ ਚਲੇ ਗਏ ਤਾਂ ਕਮੇਟੀ ਦੇ ਮੁਲਾਜ਼ਮਾਂ ਨੂੰ ਇਕੱਠੇ ਕਰ ਕੇ ਹੁਕਮਨਾਮਾਂ ਸੁਣਾਂ ਦਿੱਤਾ ਗਿਆ ਤੇ ਜੈਕਾਰੇ ਗੂਜੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ।
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ
ਜੈਸਾ ਭੇਖ ਕਰਾਵੈ ਬਾਜੀਗਰ ਓਹ ਤੈਸੋ ਹੀ ਸਾਜੁ ਆਨੈ


                                                   ਗਾਉੜੀ ਮ: 5

Read more...

Tuesday, December 1, 2009

ਢਹਿ ਢੇਰੀ ਹੋਇਆ ਚੌਥਾ ਥੰਮ


ਚਰਨਜੀਤ ਸਿੰਘ ਤੇਜਾ
ਦਹਾਕਾ ਕੁ ਪਹਿਲਾਂ ਜਦੋਂ ਖਬਰੀ ਮੀਡੀਆ ਦੇ ਨਾਂ ‘ਤੇ ਸਿਰਫ ਦੂਰਦਰਸ਼ਨ ਅਤੇ ਅਖਬਾਰਾਂ ਹੀ ਹੁੰਦੀਆਂ ਸੀ । ਉਦੋਂ ਲੋਕ ਅਖਬਰਾਂ ਤੇ ਟੀਵੀ ਦੀ ਕਿਸੇ ਖਬਰ ਨਾਲ ਅਸਿਹਮਤ ਹੁੰਦਿਆਂ ਪ੍ਰਤੀਕਿਰਿਆ ਦੇਦੇ “ਅਖੇ! ਅਖਬਾਰਾਂ ਅੱਧਾ ਸੱਚ ਅੱਧਾ ਝੂਠ ਲਿਖਦੀਆਂ ਨੇ”। ਸੂਚਨਾਂ ਇਨਕਲਾਬ ਨੇ ਯੁੱਗ ਪਲਟ ਦਿੱਤਾ, ਲਗਦਾ ਹੀ ਨਹੀਂ ਕਿ ਆਪਮੁਹਾਰੇ ਹੋਏ ਟੀਵੀ ਚੈਨਲਾਂ ਨੂੰ ਕੋਈ ਪੁਛਣ ਵਾਲਾ ਵੀ ਹੋਵੇਗਾ। ਖਬਰੀ ਚੈਨਲਾਂ ਨੇ ਖਬਰਾਂ ਇਨੀਆਂ ਸੁਆਦਲੀਆਂ ਬਣਾਂ ਦਿੱਤੀ ਹਨ ਕਿ ਸਭ ਪ੍ਰਤੀਕਿਰਿਆਵਾ ਇਸ ਸੁਆਦ ‘ਚ ਗੁਆਚ ਕੇ ਰਹਿ ਗਈਆ ਹਨ। ਮੁੱਖ ਧਰਾਈ ਖਬਰੀ ਚੈਨਲਾਂ ਦੇ ਖੌਫਨਾਕ ਐਂਕਰ ਲੋਕਾਂ ਦੀ ਨੀਦ ਹਰਾਮ ਕਰਨ ਤੋਂ ਬਾਅਦ ਦਸਦੇ ਨੇ ਕਿ ਇਹ ਸਭ ਉਹ ਉਨ੍ਹਾਂ ਨੂੰ ਚੈਨ ਦੀ ਨੀਦ ਸਵਾਉਣ ਲਈ ਕਰ ਰਹੇ ਹਨ। ਪੱਤਰਕਾਰੀ ਦੀ ਪੜ੍ਹਾਈ ਤੋਂ ਪਹਿਲਾਂ ਮੈ ਨਹੀਂ ਸੀ ਜਾਣਦਾ ਕਿ ਖਬਰ ਕਿਵੇਂ ਬਣਦੀ ਹੈ। ਪਰ ਪੜਾਈ ਖਤਮ ਹੋਣ ਤੋਂ ਪਿਛੋਂ ਵੱਡੇ ਅਖਬਾਰ ਤੇ ਖਬਰੀ ਚੈਨਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਘੱਟੋ-ਘੱਟ ਇਹ ਤਾਂ ਸਮਝ ਆ ਗਿਆ ਕਿ ਜਰੂਰੀ ਨਹੀਂ ਕਿ ਖਬਰ ਦਾ ਕੋਈ ਘਟਨਾਂ ਸਥਾਨ ਹੋਵੇ ਤੇ ਖਬਰ ਹੋਈ ਵਾਪਰੀ ਘਟਨਾਂ ਦੀ ਪੇਸ਼ਕਾਰੀ ਹੋਵੇ। ਸਗੋਂ ਖਬਰ ਡੈਸਕ ਤੇ ਬੈਠੇ ਸੰਪਾਦਕ ਦੀ ਜਾਂ ਚੈਨਲ /ਅਖਬਾਰ ਦੇ ਮਾਲਕ ਲਾਲੇ ਦੇ ਦਿਮਾਗ ‘ਚ ਹੋਈ ਕਿਸੇ ਸਰਾਰਤੀ ਉਥਲ ਪੁਥਲ ਦਾ ਨਤੀਜਾ ਵੀ ਹੋ ਸਕਦੀ ਹੈ। ਖਬਰ ਸਰਕਾਰ ਦੇ ਕਿਸੇ ਏਲਚੀ ਦੇ ਮੁਖਾਰਬਿੰਦ ਤੋਂ ਉਚਾਰੇ ਸ਼ਬਦ ਵੀ ਹੋ ਸਕਦੇ ਹਨ ਤੇ ਕਿਸੇ ਗੁਪਤ ਏਜੰਸੀ ਦੇ ਏਜੰਟ ਦੀ ਸ਼ਾਜਿਸੀ ਟਿਪਣੀ ਵੀ। ਸਹੀ ਖਬਰ ਨੂੰ ਕਿਵੇਂ ਅੰਤਰਾਸਟਰੀ ਨੀਤੀ ਘਾੜਿਆਂ, ਸਰਕਾਰਾਂ, ਰਸੂਖਦਾਰ ਵਿਅਕਤੀਆਂ, ਇਸ਼ਤਿਹਾਰ ਦਾਤਾਵਾਂ, ਸਿਆਸੀ ਲੋਕਾਂ, ਸੰਤਾਂ ਮਹਾਤਾਵਾਂ ਤੇ ਪਾਧਿਆਂ ਜੋਤਸ਼ੀਆਂ ਦੀ ਘੁਰਕੀ ਨਾਲ ਮੋੜਾਂ ਦਿੱਤਾ ਜਾਦਾਂ ਹੈ , ਇਹ ਸ਼ਾਇਦ ਆਮ ਪਾਠਕ ਤੇ ਦਰਸ਼ਕ ਦੀ ਸਮਝ ਤੇ ਪੁੰਹਚ ਤੋਂ ਬਾਹਰ ਦੀ ਚੀਜ਼ ਹੈ।ਮੁੱਖ ਧਾਰਾਈ ਮੀਡੀਆ ‘ਚ ਸੁਹਜ਼-ਸਮਝ, ਜ਼ਮੀਰ ਤੇ ਜ਼ਜ਼ਬਾਤੀ ਕਦਰਾਂ ਕੀਮਤਾਂ ਵਾਲੇ ਕਾਮਿਆਂ ਦੇ ਚਿਹਰਿਆਂ ਤੇ ਕਚੀਚੀਆਂ ਦੇ ਪੱਕੇ ਨਿਸ਼ਾਨ ਛਪ ਜਾਦੇ ਹਨ। ਪਰ ਬੇਜ਼ਮੀਰੇ, ਖੁਸਾਂਮਦਾਂ ਕਰਦੇ ਚਹਿਕਦੇ ਟਹਿਕਦੇ ਆਮ ਦੇਖੇ ਜਾ ਸਕਦੇ ਹਨ।(ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ)

Read more...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP