Friday, May 7, 2010

ਫਾਕੇ ਕੱਟੇ, ਛਿੱਤਰ ਖਾਧੇ : ਅਜ਼ਾਦੀ ਦੀ ਵਰੇਗੰਢ ਮਨਾਈ

ਚਰਨਜੀਤ ਸਿੰਘ ਤੇਜਾ


ਦਰਿਆਉਂ ਪਾਰ ਬਾਰਡਰ ਦੇ ਨੇੜੇ

ਚੌਥੀ ਦੁਨੀਆਂ ‘ਚ ਵੱਸਦੇ ਜਿਹੜੇ

ਸਿਆਸੀ ਟੋਲੇ, ਵੰਡੀਆਂ ਪਾਈਆਂ

ਅੱਧੇ ਤੇਰੇ ਤੇ ਅੱਧੇ ਮੇਰੇ


ਭਾਗਾਂ ਵਾਲਾ ਦਿਨ ਇਕ ਚੜ੍ਹਿਆ

ਗੁਰਦਵਾਰੇ ਦਾ ਧੂਤਾ ਫ਼ੜਿਆ

ਓਪਰਾ ਬੰਦਾ, ਕਰੇ ਲਉਸਮੈਂਟ

ਘੜੂਕਾ ਅਸਾਂ ਕਿਰਾਏ ‘ਤੇ ਕਰਿਆ


ਦੂਜੀ ਧਿਰ ਨੇ ਵੀ ਕੋਠੇ ਗਾਹ ਲਏ

ਬੰਦਿਆਂ ਦੇ ਦੋ ਧੜੇ ਬਣਾ ਲਏ

ਕਿਸ਼ਨਾ, ਬਿਸ਼ਨਾ ਪੱਕੇ ਬੇਲੀ

ਝੰਡੇ ਦੋਵਾਂ ਅੱਡ ਅੱਡ ਲਾ ਲਏ


ਦਰਿਆਉਂ ਪਾਰ ਦੀ ਦੁਨੀਆਂ ਦੇ ਨਜ਼ਾਰੇ

ਜੁਆਈਆਂ ਭਾਈਆਂ ਵਾਂਗ ਗਏ ਸਤਿਕਾਰੇ

ਔਰਬਿਟ, ਸਿੰਡੀਕੇਟ, ਪਿਆਰ ਤੇ ਜੀਮੀਦਾਰਾ

ਆਪੋ ਅਪਣੀਆਂ ਬੱਸਾਂ ’ਤੇ ਚਾੜੇ


ਟੈਮ ਨਾਲ ਹੀ ਸ਼ਹਿਰ ਜਾ ਵੜਗੇ

ਛੇਤੀ ਨੱਕੋ ਨੱਕੀ ਭਰਗੇ

ਡੰਡੇ ਝੰਡੇ, ਸ਼ੋਰ ਸ਼ਰਾਬਾ

ਤਿੰਨ-ਰੰਗੇ ਪੰਡਾਲ ‘ਚ ਖੜਗੇ


ਨੀਲੀ ਵਾਲਿਆਂ ਤਕਰੀਰਾਂ ਕਰੀਆਂ

ਅਸੀ ਦੇਸ਼ ਲਈ ਜੇਲ੍ਹਾਂ ਭਰੀਆਂ

ਗਾਂਧੀ ਟੋਪੀ, ਚਿੱਟੀ ਪਗੜੀ


ਇਨ੍ਹਾਂ ਤਾਂ ਸਦਾ ਗਦਾਰੀਆਂ ਕਰੀਆਂ


ਚਿੱਟੀ ਵਾਲਿਆਂ ਵੀ ਮੌਕਾ ਤਾੜਿਆ

ਤੀਰ ਸਿੱਧਾ ਛਾਤੀ ‘ਚ ਮਾਰਿਆ

ਫਿਰਕੂ ਸਿਆਸਤ, ਫਿਰਕੂ ਦੰਗੇ


ਅਖੇ, ਦੇਸ਼ ਨੂੰ ਭਗਵਾਂ ਰੰਗ ਚਾੜ੍ਹਿਆ


ਸ਼ਾਮਾਂ ਪਈਆਂ ਦਾਰੂ ਨਾਲ ਡੱਕੇ

ਕੁੱਤ-ਬਿਆਨੀਆਂ’ ਸੁਣ ਸੁਣ ਅੱਕੇ

ਕਿਸ਼ਨਾ-ਬਿਸ਼ਨਾ ਪੱਤਣ ਤੇ ਆਏ

ਹੱਥ ਦੀਆਂ ਲੀਕਾਂ ਵੇਖ ਵੇਖ ਥੱਕੇ


ਹੱਟੀਆਂ ਤੋਂ ਲੋਕਾਂ ਸ਼ੋਅਰੂਮ ਬਣਾ ਲਏ

ਸੁਤੰਤਰ, ਗਣਤੰਤਰ ਕਈ ਦਿਹੜੇ ਮਨਾ ਲਏ

ਝੰਡੇ ਲਹਿਰਾਏ, ਵਾਜੇ ਵਜਾਏ

ਅਸੀਂ ਤਾਂ ਐਵੇਂ ਝੁਗੇ ਚੌੜ ਕਰਾ ਲਏ


ਸੋਚਾਂ ਨੇ ਐਸੀ ਚੁੱਭੀ ਮਾਰੀ

ਕਿਸ਼ਨੇ ਉਚੀ ਧਾਹ ਸੀ ਮਾਰੀ

ਕਿਥੇ ਸੀ ਉਦਣ ਅਮਲੇ ਫੈਲੇ
ਨਾ ਹੀ ਲੱਭੀ ਸਾਨੂੰ ਲਾਰੀ


ਕੱਢ ਕੇ ਕਣਕ ਸੀ ਮੰਡੀ ਜਾਣਾ

ਉਸ ਦਿਨ ਸੀ ਵਰਤਿਆ ਭਾਣਾ

ਟਰਾਲੀ ਪਲਟੀ ਜਗ ਉਲਟਾ ਹੋਇਆ


ਪਿਉਆਂ ਦੇ ਹੁੰਦਿਆਂ ਪੁੱਤਾਂ ਦਾ ਜਾਣਾ


ਬਿਸ਼ਨਾ ਅੰਦਰੇ ਅੰਦਰ ਰੋਇਆ

ਪਿਛਲੇ ਸਾਲ ਜੁਆਈ ਮੋਇਆ

ਕੁੜੀ ਦਾ ਰੰਡ, ਵੇਖਿਆ ਨਾ ਜਾਵੇ


ਖੂਹੀ ਦੀਆਂ ਢਿੱਗਾਂ ‘ਚ ਢਿੱਗ ਹੋਇਆ


ਸਾਡੀ ਮੌਤੇ ਰੱਬ ਕਿਉਂ ਨਹੀਂ ਮਰਦਾ


ਅਪਣੀ ਗੱਲ ਕੋਈ ਕਿਉਂ ਨਹੀਂ ਕਰਦਾ

ਹਵਾਈ ਅੱਡੇ ਤੇ ਮੈਟਰੋ ਟਰੇਨਾਂ


ਸਾਡੀਆਂ ਪੁਲੀਆਂ ਤਾਂ ਪੱਕੀਆਂ ਨਹੀਂ ਕਰਦਾ


ਫਿਰ ਚੁੱਪ ਨੂੰ ਕਿਸੇ ਠੁੱਡਾ ਮਾਰਿਆ

ਸਿਪਾਹੀ ਨੇ ਆ ਰੋਅਬ ਝਾੜਿਆ

ਪੀ ਕੇ ਸਾਲੇ ਖਰਮਸਤੀਆਂ ਕਰਦੇ

ਵੱਡੇ ਸਹਾਬ ਕੋਲ ਥਾਣੇ ਵਾੜਿਆ


ਤੀਜੇ ਦਿਨ ਪਿੰਡੋਂ ਪਰੇ ਜਦ ਆਈ

ਥਾਣਿਉਂ ਮਸੀਂ ਖਲਾਸੀ ਕਰਵਾਈ

ਫਾਕੇ ਕੱਟੇ, ਛਿੱਤਰ ਖਾਧੇ

ਆਜ਼ਾਦੀ ਦੀ ਵਰੇਗੰਢ ਮਨਾਈ

2 ਆਪਣੀ ਰਾਇ ਇਥੇ ਦਿਓ-:

ਪੁਰਾਣੇ ਬੋਹ੍ੜ ਨਾਲ May 7, 2010 at 4:53 AM  

ਹਵਾਈ ਅੱਡੇ ਤੇ ਮੈਟਰੋ ਟਰੇਨਾਂ


ਸਾਡੀਆਂ ਪੁਲੀਆਂ ਤਾਂ ਪੱਕੀਆਂ ਨਹੀਂ ਕਰਦਾ

bahut khoob jnaab..niraa sach..

Anonymous,  May 7, 2010 at 6:39 AM  

Leaders kise nu vi kuchh nai dinde, sirf laare, asin lok ehna dian gallan de jaal vich phass jaande han te next 5 year vaaste apne aap nu lutvaan di tiari karde han. asal bimari hai jaagrook na hona,jiaada population,beruzgaari, eh sab kuchh leaders nu mapak han te isda eh faida chukk de han.. votan lain vele ji ji karde phir baad vich dele kadh ke vikhande ne.. Rabb bhali kare Teja ji...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP