Tuesday, May 4, 2010

ਫ਼ਤਿਹਨਾਮਾ

ਜਾਗ੍ਰਤੀ ਯਾਤਰਾ ਤੋਂ ਪਿਛੋਂ ਜਾਗਰੂਕ ਹੋਏ ਸਿੱਖ ਹੁਣ ਫ਼ਤਿਹ ਦਿਵਸ ਮਨਾਉਂਦਿਆਂ ਫ਼ਤਿਹ ਮਾਰਚ ਕੱਢਣ ਲਈ ਪੱਬਾਂ ਭਾਰ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹ ਫ਼ਤਿਹ ਹੈ ਜੋ ਆਖਰੀ ਵਾਰ 200 ਸਾਲ ਪਹਿਲਾਂ ਨਸੀਬ ਹੋਈ ਸੀ। ਮਹਾਰਾਜ ਹੀ ਜਾਣੇ ਕਿ ਅਸੀਂ ਕਿਹੜੀ ਫ਼ਤਿਹ ਦੀਆਂ ਖ਼ੁਸ਼ੀਆ ਮਨਾ ਰਹੇ ਹਾਂ। ਮੇਰੀ ਸਮਝ ਤੇ ਜਾਣਕਾਰੀ ਮੂਜਬ ਸਾਡੀ ਜਿਹੜੀ ਮਿੱਟੀ ਪਲੀਤ ਪਿਛਲੇ 60-65 ਸਾਲ ਤੋਂ ਹੋ ਰਹੀ ਹੈ, ਉਸ ਨੂੰ ਵੇਖਦੇ ਹੋਏ ਇਨ੍ਹਾਂ ਹਾਲਾਤਾਂ ਵਿਚ ਮਹਾਰਾਜ ਦੀ ਪਾਲਕੀ ਸਾਹਮਣੇ ਵਾਜੇ ਵਜਾ ਕੇ, ਕੱਛਾਂ ਵਜਾਉਣਾ ਸਾਨੂੰ ਸਿਰੇ ਦੇ ਘੁੱਗੂ ਸਿੱਧ ਕਰਦਾ ਹੈ।
                                ਆਉ ਇਕ ਪੰਥਕ ਅਖਵਾਉਂਦੇ ਸਿੱਖ ਵਾਂਗ ਸੋਚੀਏ ਤੇ ਫ਼ਤਿਹ ਦੇ ਅਰਥਾਂ ਨੂੰ ਸਮਝੀਏ। ਇਹ ਫ਼ਤਿਹ ਹੀ ਹੈ ਕਿ ਇਨ੍ਹਾਂ ਮਾਰਚਾਂ, ਜਲੂਸਾਂ ਤੇ ਨਗਰ ਕੀਰਤਨਾਂ ਰਾਹੀਂ ਸਾਡੀਆਂ ਜੇਬਾਂ ‘ਚੋਂ ‘ਨਾਗਣੀ’ ਰੂਪੀ ਮਾਇਆ ਸਾਡੇ ਧਾਰਮਕ ਕਮ ਸਿਆਸੀ ਆਗੂਆਂ ਦੇ ਖੀਸਿਆਂ ’ਚ ਜਾ ਕੇ ਅੰਮ੍ਰਿਤ ਹੋ ਰਹੀ ਹੈ। ਇਹ ਸਾਡੇ ਲਈ ਫ਼ਤਿਹ ਵਰਗੀ ਹੀ ਪ੍ਰਾਪਤੀ ਹੈ ਕਿ ਅਸੀਂ ਮਾਇਆ ਦੇ ਜਾਲ ਤੋਂ ਸੁਰਖਰੂ ਹੋ ਰਹੇ ਹਾਂ। ਸਾਡੇ ਸ਼ਹਿਰੀ ਸਿੱਖਾਂ ਲਈ ਇਹ ਮਾਰਚ, ਜਲੂਸ ਤੇ ਨਗਰ ਕੀਰਤਨ ਅਪਣੀ ਮਿੱਤਰ ਕੁੜੀ ਤੇ ਮਿੱਤਰ ਮੁੰਡਾ ਚੁਣਨ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਂਦੇ ਹਨ। ਅਸੀਂ ਦੇਸੀ ਘਿਉ ਦੇ, ਫ਼ਾਸਟ ਫ਼ੂਡ ਦੇ ਲੰਗਰਾਂ ਨੂੰ ਵੀ ਅਪਣੀ ਜਿੱਤ ਸਮਝਦੇ ਹਾ , ਫਿਰ ਕੀ ਹੋਇਆ ਜੇ ਸਾਡੇ ‘ਚੋਂ ਬਹੁਤੇ ਚਾਹ ਤੇ ਅਚਾਰ ਦੇ ਆਸਰੇ ਜ਼ਿੰਦਗੀ ਦਾ ਘੋਲ ਘੁਲਦਿਆਂ ਅੰਤ ਫਾਹਾ ਲੈ ਲੈਂਦੇ ਹਨ। ਹਰਾਮ ਦੀ ਕਮਾਈ ਨਾਲ ਲਾਏ ਲੰਗਰਾਂ ਨਾਲ ਉਸ ਨਾਨਕ ਦੀਆਂ ਵੀ ਖ਼ੁਸ਼ੀਆਂ ਲੈ ਰਹੇ ਹਾਂ ਜਿਸ ਨੇ ਭਾਗੋ ਤੇ ਲਾਲੋ ਦੀ ਦੁੱਧ ਤੇ ਖੂਨ ਵਾਲੀ ਬਹੁ ਚਰਚਿਤ ‘ਕਹਾਣੀ ਘੜੀ’ ਸੀ। ਭਾਵੇਂ ਕਿ 25 ਸਾਲ ਪਹਿਲਾਂ ਸਾਡੇ ’ਚੋਂ ਕਰੀਬ 7 ਹਜ਼ਾਰ ਬੰਦਾ ਦਿੱਲੀ ਤੇ 2 ਲੱਖ ਬੰਦਾ ਪੰਜਾਬ ‘ਚ ਮਾਰ ਦਿਤਾ ਗਿਆ ਸੀ ਪਰ ਇਹ ਵੀ ਸੁਣਨ ‘ਚ ਜਿੱਤ ਵਰਗਾ ਹੀ ਹੈ ਕਿ ਸਵਾ ਦੋ ਲੱਖ ਲਾਸ਼ਾਂ ‘ਤੇ ਸਿਆਸਤ ਕਰਦਿਆਂ ਸਾਡੇ ਕਈ ਭਰਾ ਵਜ਼ੀਰੀਆਂ ਅਤੇ ਅਹੁਦਿਆਂ ਦਾ ਸੁਖ ਮਾਣ ਰਹੇ ਹਨ। ਅਸੀ ਫ਼ਤਿਹ ਦਿਵਸ ਨੂੰ ਪੂਰੇ ਜੋਸ਼ ਨਾਲ ਮਨਾਉਣ ਦਾ ਪ੍ਰਣ ਕਰਦੇ ਹਾਂ ਕਿਉਂਕਿ ਮਾਹਰਾਜ ਦੀ ਕ੍ਰਿਪਾ ਨਾਲ ਅੱਜ ਸਾਡਾ ਪੰਥਕ ਆਗੂ, ਆਗੂ ਦਾ ਪੁੱਤ, ਨੂੰਹ, ਘਰ ਵਾਲੀ, ਭਤੀਜਾ, ਪੁੱਤ ਦਾ ਸਾਲਾ, ਜਵਾਈ, ਆਂਢ ਗੁਆਢ ਅਤੇ ਅੰਗਲੀ-ਸੰਗਲੀ ਕੁਰਸੀ ਦਾ ਅਨੰਦ ਲੈ ਰਹੇ ਹਨ। ਅਸੀਂ ਗੁਰੂ ਮਹਾਰਾਜ ਦਾ ਇਸ ਇਲਾਹੀ ਜਿੱਤ ਲਈ ਕੋਟਿਨ-ਕੋਟ ਧਨਵਾਦ ਕਰਦੇ ਹਾਂ।
ਇਸ ਫ਼ਤਿਹ ਦਿਵਸ ਬਾਰੇ ਸੁਣ ਕੇ ਸਾਡੇ ਉਹ ਭਰਾ ਕਿੰਨੇ ਖੁਸ਼ ਹੋਣਗੇ ਜੋ ਪਿਛਲੇ 20-22 ਸਾਲਾਂ ਤੋਂ ਜੇਲ੍ਹਾਂ ‘ਚ ਬੰਦ ਹਨ। ਇਹ ਮਾਰਚ ਉਨ੍ਹਾਂ ਨੂੰ ਸ਼ਾਂਤੀ, ਏਕਤਾ, ਅਖੰਡਤਾ ਤੇ ਧਾਰਮਕ ਸਹਿਣਸ਼ੀਲਤਾ ਦਾ ਸਬਕ ਦੇਂਦੇ ਹਨ ਤੇ ਦੱਸਦੇ ਹਨ ਕਿ ਸਮੱਸਿਆਵਾਂ ਦਾ ਹੱਲ ਧਰਮ ਯੁੱਧ ਮੋਰਚੇ, ਜ਼ਮੀਰ ਜਗਾਊ ਭਾਸ਼ਣ, ਜੇਲ੍ਹਾਂ, ਕੁਰਬਾਨੀਆਂ ਤੇ ਸ਼ਹੀਦੀਆਂ ਨਹੀਂ ਸਗੋਂ ਸਰਕਾਰੀ ਫੰਡ, ਏਜੰਸੀਆਂ ਦੀ ਵਫ਼ਾਦਾਰੀ, ਜ਼ਮੀਰਾਂ ਦਾ ਸੌਦਾ, ਸ਼ਾਂਤਮਈ ਕੀਰਤਨ ਸਮਾਗਮ, ਨਗਰ ਕੀਰਤਨਾਂ ਅਤੇ ਮਾਰਚਾਂ ਅੱਗੇ ਗਤਕਾ ਪ੍ਰਦਰਸ਼ਨ ਹੈ। ਅਸੀਂ ਅਜਿਹੇ ਮਾਰਚਾਂ ਅਤੇ ਦਿਹਾੜਿਆਂ ਰਾਹੀ ‘ਫ਼ਤਿਹ’ ਦੇ ਅਰਥਾਂ ਨੂੰ ਵਿਸ਼ਾਲਤਾ ਨਾਲ ਸਮਝ ਸਕਦੇ ਹਾਂ । ਹਜ਼ਾਰਾਂ ਸਾਲਾਂ ਤੋਂ ਸੋਨੇ ਦੇ ਆਂਡੇ ਦੇਣ ਵਾਲੀ ਪੰਜਾਬ ਦੀ ਜ਼ਮੀਨ ਨੂੰ ਅਸੀਂ ਹਰੀ ਕ੍ਰਾਂਤੀ ਦੀ ਛੁਰੀ ਫੇਰ ਕੇ ਸਾਰੇ ਆਂਡੇ ਕੱਢ ਲਏ। ਫਿਰ ਸਾਡੇ ਮੁੰਡੇ ਵਿਦੇਸ਼ਾਂ ‘ਚ ਘਸਿਆਰੇ ਬਣੇ, ਹੁਣ ਸਾਡੀਆਂ ਕੁੜੀਆਂ ਧੜਾ ਧੜ ਜਹਾਜ਼ੇ ਚੜ੍ਹ ਰਹੀਆ ਹਨ । ਇੰਗਲੈਂਡ ਤੋਂ ਜਿੱਤ ਦੇ ਕੁਝ ਜੈਕਾਰੇ ਸੁਣੇ ਸਨ । ਆਸਟ੍ਰੇਲੀਆਂ ‘ਚ ਵੀ ਸਾਡੇ ਮੁੰਡੇ ਕੁੜੀਆਂ ਫ਼ਤਿਹ ਦੇ ਝੰਡੇ ਗੱਡ ਰਹੇ ਹਨ। ਸਾਡੀਆਂ ਪੈਲੀਆਂ ‘ਚ ਤਾਂ ਹੁਣ ਹਾਰਾਂ ਹੀ ਹਾਰਾਂ ਹਨ। ਜਿੱਤਣ ਲਈ ਏਦਾਂ ਦੇ ਮਾਅਰਕੇ ਤਾਂ ਮਾਰਨੇ ਹੀ ਪੈਣਗੇ।
ਫ਼ਤਿਹ ਦੇ ਅਰਥ ਉਦੋਂ ਕਿੰਨੇ ਸੁਖਦਾਈ ਲੱਗਦੇ ਨੇ ਜਦੋਂ ਹੁਣ ਵਿਹੜਿਆਂ ਤੇ ਠੱਠੀਆਂ ‘ਚ ‘ਕੁਜਾਤਾਂ’ ਅਪਣੇ ਆਪ ਨੂੰ ਗੁਰੂ ਦੇ ਸਿੱਖ ਨਹੀਂ ਦੱਸਦੀਆਂ । ਕੋਈ ਪ੍ਰੇਮੀ ਹੋ ਗਿਆ, ਕੋਈ ਰਾਧਾਸੁਆਮੀ ਅਤੇ ਕੋਈ ਇਸਾਈ। ਉੱਚੀ ਸੁੱਚੀ ਸਿੱਖੀ ਤੋਂ ਇਹ ਧੱਬਾ ਮਿਟਾਉਣ ਲਈ ਡੇਰਿਆਂ ਦੀ ਵੀ ਅਹਿਮ ਭੂਮਿਕਾ ਹੈ ਪਰ ਇਨ੍ਹਾਂ ਕੁਜਾਤਾਂ ਨੂੰ ਡੇਰਿਆਂ ਦੇ ਰਾਹ ਪਾਉਣ ਦਾ ‘ਫ਼ਤਿਹਨਾਮਾ’ ਤਾਂ ਅਸੀਂ ਹੀ ਲਿਖਿਆ ਹੈ । ਉਂਜ ਵੀ ਇਹ ਕਾਲੇ ਪੀਲੇ ਲੋਕ ਫ਼ਤਿਹ ਮਾਰਚਾਂ ‘ਚ ਸਾਡੀਆਂ ਗੋਰੀਆ ਨਿਸ਼ੋਹ ਜਨਾਨੀਆਂ ਨੂੰ ਮੋਢੇ ਮਾਰਦੇ ਚੰਗੇ ਨਹੀਂ ਸੀ ਲਗਦੇ। ਇਹ ਵੀ ਕਿਸੇ ਜਿੱਤ ਦੇ ਐਲਾਨਨਾਮੇ ਵਾਂਗ ਹੈ ਕਿ ਇਹ ਫ਼ਤਿਹ ਦਿਹਾੜੇ ਸਿਰਫ਼ ਭਾਰਤ ਤੇ ਪੰਜਾਬ ਦੀਆਂ ਸੜਕਾਂ ‘ਤੇ ਹੀ ਨਹੀਂ ਸਗੋਂ ਅਮਰੀਕਾ, ਕਨੇਡਾ , ਇੰਗਲੈਂਡ ਦੇ ਵੱਡੇ ਸ਼ਹਿਰਾਂ ਦੀਆ ਸੜਕਾਂ ‘ਤੇ ਮਨਾਵਾਂਗੇ ਤੇ ਲੋਕਾਂ ਨੂੰ ਫ਼ਤਿਹ ਦੇ ਅਰਥ ਸਮਝਾਵਾਂਗੇ।
ਸਾਡੇ ਲਈ ਫ਼ਤਿਹ ਨਾਮੋਸ਼ੀ, ਅਕ੍ਰਿਤਘਣਤਾ, ਬੇਗੈਰਤੀ, ਬੇਜ਼ਮੀਰੀ, ਲਾਹਨਤ ਤੇ ਨੀਚਤਾ ਦੀ ਸਮਾਨ ਅਰਥੀ ਹੈ। ਕੀ ਕੋਈ ਸ਼ਰੀਕ ਹੋਣਾ ਚਾਹਵੇਗਾ।

1 ਆਪਣੀ ਰਾਇ ਇਥੇ ਦਿਓ-:

Premjeet May 5, 2010 at 9:30 PM  

bhut Khoob jnab

ਨੱਬੇ ਫਿਸਦੀ ਅਨਪੜ ਜੰਤਾ ਹੁੰਦੀ ਆ ਇਹਨਾਂ ਜਲੂਸਾਂ ਚ, ਕਿਉਂਕਿ ਜੋ ਘਰੋਂ ਚੰਗੇ ਤੇ ਪੜੇ ਲਿਖੇ ਨੇ ਉਹ ਬਾਹਰਲੇ ਦੇਸ਼ਾਂ ਚ ਜਲੂਸ ਕੱਢਦੇ ਆ,
ਉਹਨਾਂ ਦੇ ਰਹਿਣ ਸਹਿਣ ਦੇ ਪੰਜਾਬ ਕਾਬਿਲ ਨਹੀਂ, ਇੱਥੇ ਬਿਜਲੀ ਨੀ, ਪਾਣੀ ਨੀ, ਨੌਕਰੀ ਨਹੀਂ,.ਜਾਗਰੂਕ ਲੋਕਾਂ ਨੂੰ ਪਤਾ ਹੈ ਕਿ ਸਿੱਖੀ ਦਾ ਤੇ
ਪੰਜਾਬ ਦੇ ਮੌਜੂਦਾ ਹਾਲਤ ਕੀ ਨੇ, ਇਹ ਜਲੂਸ ਘਰ ਫੂਕ ਤਮਾਸ਼ਾ ਦੇਖ ਵਾਲਾ ਕੰਮ ਹੈ, ਅਫੀਮ ਭੁੱਕੀ ਤੇ ਦੇਗਾਂ ਖਾ ਕੇ ਟੈਟ ਹੋ ਕੇ ਲੱਗ ਪੈਂਦੇ ਆ ਢੋਲਕੀਆਂ ਕੁੱਟਣ, ਥੋਡੀ ਹਰ ਗੱਲ ਸੋਲਾਂ ਆਨੇ ਸੱਚ ਐ, ਕੋਈ ਦਿੱਲੀ ਵਾਲਾ ਭਾਪਾ, ਕੋਈ ਰਾਧਾਸੁਆਮੀ, ਕੋਈ ਸਰਸੇ ਵਾਲਾ ਬਿਆਸ ਵਾਲਾ, ਨਿਰੰਕਾਰੀ, ਅਕਾਲੀ ਦਾ ਅੰਮਰਿਤਸਰ, ਕੋਈ ਅਕਾਲੀ ਦਲ ਬਾਦਲ, ਫੇਰ ਵੀ ਇਹ ਸਿੱਖੀ ਨੂੰ ਮੋਢਿਆਂ ਤੇ ਚੱਕੀ ਫਿਰਦੇ ਆ...

ਬਹੁਤ ਖੂਬ ਲੇਖ ਆ ਬਾਈ ਜੀ
ਹਰੇਕ ਪੰਜਾਬੀ ਦੇ ਮੂੰਹ ਤੇ ਚਪੇੜ ਆ..

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP