Sunday, March 21, 2010

ਰਾਹੀਆਂ ਵੇ ਰਾਹੇ ਜਾਂਦਿਆ......

ਚਰਨਜੀਤ ਸਿੰਘ ਤੇਜਾ
ਉਲਟੇ ਜ਼ਮਾਨਿਆਂ 'ਚ ਕੋਈ ਗੱਲ ਸਿੱਧੀ ਨਹੀਂ ਵਾਪਰਦੀ ਪਰ ਜਦੋਂ ਵਾਪਰ ਜਾਵੇ ਤਾਂ ਮਨ ਬਾਗੋ ਬਾਗ ਹੋ ਜਾਂਦੈ।ਘਰੋਂ ਦੂਰ ਸ਼ਹਿਰ 'ਚ ਨੌਕਰੀ ਕਰਦਿਆਂ ਢਾਈ ਕੁ ਮਹੀਨੇ ਹੋ ਗਏ ਪਹਿਲਾਂ ਦਫ਼ਤਰ ਦੇ ਕੋਲ ਹੀ ਰਹਿੰਦਾ ਸੀ । ਦੋ ਕੁ ਹਫ਼ਤੇ ਪਹਿਲਾਂ ਹੁੱਲ ਜਿਹੀ ਉਠੀ ਕਮਰਾ ਬਦਲ ਲਿਆ ਉਝ ਹੁੱਲ ਕਾਹਦੀ ਮੇਰਾ ਇਕ ਨੰਗ ਯਾਰ 71 ਸੈਕਟਰ ਦੇ ਗੁਰਦਵਾਰੇ 'ਚ ਭਾਈ ਲੱਗ ਗਿਆ ਔਖੇ ਸੌਖੇ ਵੇਲੇ ਟੁਕੜ, ਤੇ ਚੜਾਵੇ ਦੇ ਲੱਡੂਆਂ ਦੀ ਆਸ 'ਚ ਮੈਂ ਰਾਹੋਂ ਕੁਰਾਹੇ ਜਾ ਕਮਰਾ ਕਿਰਾਏ 'ਤੇ ਲੈ ਲਿਆ। ਸੰਦ-ਸਾਧਨ ਮੇਰੇ ਕੋਲ ਅਜੇ ਹੈ ਕੋਈ ਨਹੀਂ । ਤਿੰਨਾਂ ਪਹੀਆਂ ਵਾਲਾ ਟੈਂਪੂ ਸਿੱਧਾ ਕੋਈ ਦਫ਼ਤਰ ਵਲ ਨੂੰ ਜਾਂਦਾ ਨਹੀਂ । ਜੇ ਗ਼ਲਤੀ ਨਾਲ ਟੈਂਪੂ ਨੂੰ ਹੱਥ ਦੇ ਬਹੀਏ ਤਾਂ ਸੁਣ ਕੇ ਝਿੱਥੇ ਜਿਹੇ ਹੋਣਾਂ ਪੈਂਦਾ ਅਗਲਾ ਕਰੜਾ ਜਿਹਾ ਹੋ ਕੇ ਸੁਣਾਉਂਦਾ ‘ਸ਼ਿਰਦਾਰ ਜੀ ਸਪੈਸ਼ਲ ਜਾਏਗਾ ਏਕ ਸੋ ਬੀਸ ਮੇ ’। ਜਿਸ ਨੂੰ ਟੈਪੂ ਵਾਰਾ ਨਹੀਂ ਖਾਂਦਾ ਉਸ ਨੂੰ ਰਿਕਸ਼ਾ ਕਿਥੋਂ ਵਾਰਾ ਖਾਊ। ਸੋ ਰਾਹ ਜਾਂਦੇ ਰਾਹੀਆਂ ਦੀ ਆਸ 'ਚ ਘਰੋਂ ਨਿਕਲੀਦਾ 'ਤੇ ਕੌੜੇ-ਮਿਠੇ ਤਜ਼ਰਬੇ ਕਰ ਕੇ ਘਰੇ ਮੁੜੀਦਾ।
ਘੁਟੇ ਵੱਟੇ ਮੂੰਹਾਂ ਵਾਲੇ ਸ਼ਹਿਰੀਆਂ ਦਾ ਸ਼ਹਿਰ ਮਿਠੇ ਤਜ਼ਰਬੇ ਤਾਂ ਘੱਟ ਹੀ ਦਿੰਦਾ, ਉਝ ਆਸ ਸਾਨੂੰ ਵੀ ਮਿਠੇ ਤਜ਼ਰਬਿਆਂ ਦੀ ਨਹੀਂ ਹੁੰਦੀ । ਖੈਰ! ਰਾਹ ਜਾਂਦੇ ਰਾਹੀਆਂ ਕੋਲੋਂ ‘ਲਿਫ਼ਟ’ ਮੰਗਣ ਦਾ ਮੈਂ ਪੁਰਾਣਾ ਤਜ਼ਰਬੇਕਾਰ ਆਂ ਪਰ ਅਪਣੀ ਲਿਫ਼ਟ ਕਲਾ ਦੇ ਤਜ਼ਰਬੇ ਕਦੇ ਲਿਖਣ ਦੀ ਨਹੀਂ ਸੀ ਸੋਚੀ। ਸੋਚ ਨੂੰ ਹੁਲਾਰਾ ਉਦੋਂ ਮਿਲਿਆ ਜਦੋਂ ਦੂਰ ਸਾਡੇ ਸ਼ਹਿਰ ਅੰਮ੍ਰਿਤਸਰ ਦੇ ਇਕ ਬਾਊ ਨੇ ਬੇਗਾਨੇ ਸ਼ਹਿਰ 'ਚ ਮਟੈਲਿਕ ਲਾਲ ਰੰਗ ਦਾ ਸਕੂਟਰ ਰੋਕ ਕੇ ਮੈਨੂੰ ‘ਸਵੈ-ਇੱਛਤ’ ਲਿਫ਼ਟ ਦਿਤੀ ਤੇ ਇਸ ਅਨੋਖੀ ਕਲਾ ਬਾਰੇ ਤਜ਼ਰਬੇ ਸਾਝੇ ਕੀਤੇ। ਵਖਤਾਂ ਦੇ ਮਾਰੇ ਉਸ ਬੰਦੇ ਨੇ ਪਤਾ ਨਹੀਂ ਕਿਥੋਂ ਕਿਥੋਂ ਦੀ ਮਿੱਟੀ ਛਾਣੀ ਸੀ ਤੇ ਲਿਫ਼ਟ ਕਲਾ ਦਾ ਵੱਡਾ ਤਜ਼ਰਬੇਕਾਰ ਸੀ। ਲਿਫ਼ਟ ਲੈਣਾ ਤੇ ਦੇਣਾ ਉਸ ਲਈ ਆਮ ਗੱਲ ਨਹੀਂ ਸਗੋਂ ਕਿਸੇ ਧਾਰਮਕ ਅਕੀਦੇ ਵਰਗਾ ਸੀ। ਉਸ ਦੀ ਸੋਚ ਮੂਜਬ ਲੋੜਵੰਦ ਨੂੰ ਲਿਫ਼ਟ ਨਾ ਦੇਣ ਵਾਲਾ ਬੰਦਾ ਈ ਨਹੀਂ ਅਤੇ ਮੇਰੇ ਮੂਜਬ ਜਿਹੜੇ ਬੰਦੇ ਨੇ ਦੁਨੀਆਂ ’ਤੇ ਆ ਕੇ ਕਿਸੇ ਨੂੰ ਲਿਫ਼ਟ ਨਹੀ ਦੇਣੀ ਉਸ ਨੂੰ ਦੁਨੀਆਂ ’ਤੇ ਜੰਮਣ ਈ ਨਹੀਂ ਦੇਣਾ ਚਾਹੀਦਾ। ਇਹ ਕੋਈ ਫ਼ਤਵਾ ਨਹੀਂ, ਅਸੀ ਦੋਵਾਂ ਨੰਗ ਵੀਰਾਂ ਨੇ ਸਫ਼ਰ ਕਰਦਿਆਂ ਇਹੀ ਗੱਲਾਂ ਸਾਂਝੀਆਂ ਕੀਤੀਆਂ । ਮੈਂ ਜਦੋਂ ਉਸ ਦੇ ਪਿਛੇ ਬੈਠਾ ਸੀ ਤਾਂ ਉਸ ਨੇ ਰਾਹ ’ਚ ਉਸ ਦੀ ਉਡੀਕ ਕਰ ਰਹੇ ਦੋ ਬੰਦਿਆਂ ਨੂੰ ਹੱਥ ਉੱਚਾ ਕਰ ਕੇ ਕਿਹਾ ਅੱਜ ਅਪਣੇ ਸ਼ਹਿਰ ਦਾ ਖਾਸ ਬੰਦਾ ਬੈਠਾ, ਸੀਟ ਬੁੱਕ ਆ। ਇਸ ਤੋਂ ਉਸ ਦੇ ਮਿਸ਼ਨ ਦੀ ਪਰਪੱਕਤਾ ਦਾ ਪਤਾ ਲੱਗਦਾ ਸੀ।
ਅਸਲ ’ਚ ਲਿਫ਼ਟ ਦੇਣ ਤੇ ਲੈਣ ਦਾ ਸਭ ਤੋਂ ਵੱਡਾ ਫ਼ਾਇਦਾ ਹੀ ਇਹ ਹੈ ਕਿ ਤੁਸੀ ਕੁਝ ਨਾ ਕੁਝ ਸਿੱਖ ਕੇ ਘਰ ਜਾਂਦੇ ਹੋ। ਐਤਕੀ ਅੱਧ ਮਾਰਚ ’ਚ ਈ ਗ਼ਰਮੀਂ ਵਾਹਵਾ ਹੋ ਗਈ ਉਝ ਵੀ ਹਨੇਰੇ ਕਮਰੇ 'ਚੋਂ ਨਿਕਲ ਕੇ ਦੁਪਹਿਰ ਦੀ ਸੱਜਰੀ ਜਿਹੀ ਧੱਪ ਚੁਭਦੀ ਹੈ। ਦੋ ਹਫ਼ਤਿਆਂ ਤੋਂ ਮੁਹਾਲੀ ਦੇ ਪੀਸੀਐਲ ਚੌਕ ਤੋਂ ਠੇਿਕਆਂ ਵਾਲੇ ਚੌਂਕ 'ਤੇ ਆਉਣ ਲਈ ਕਈ ਉਦਰ ਘੁਦੜੇ ਘਸੁੰਨ ਵਰਗੇ ਮੂੰਹਾਂ ਵੱਲ ਤਰਸੀਆਂ ਅੱਖਾਂ ਨਾਲ ਵੇਖਣਾਂ ਪੈਂਦਾ। (ਚੌਂਕ ਦਾ ਨਾਂ ਪਤਾ ਨਹੀਂ ਇਹ ਨਾਂ ਮੈਂ ਆਪ ਹੀ ਦਿਤਾ ਕਿਉਂ ਕਿ ਚੌਂਕ ਦੇ ਦੋਹੀਂ ਪਾਸੇ ਠੇਕੇ ਨੇ, ਵੈਸੇ ਜੇ ਸਾਡੀਆਂ ਸਰਕਾਰਾਂ ਨੂੰ ਅਸੀਂ ਲੋਕ ਠੇਕਿਆਂ ਤੋਂ ਇਵੇਂ ਹੀ ਕਮਾਈ ਕਰਵਾੳਂਦੇ ਰਹੇ ਤਾਂ ਪੰਜਾਬ ਦੇ ਸਾਰੇ ਚੌਂਕ ‘ਠੇਕੇ ਵਾਲਾ ਚੌਂਕ’ ਵਜਿਆ ਕਰਨਗੇ।)
ਖੈਰ ! ਗੱਲ ਲਿਫ਼ਟ ਦੀ ਚਲਦੀ ਸੀ, ਮੈਂ ਬਚਪਨ ਤੋਂ ਹੀ ਲਿਫ਼ਟਖੋਰਾਂ ਹਾਂ, ਜਨਮ ਕਰ ਕੇ ਨਹੀਂ ਸਗੋਂ ਹਲਾਤਾਂ ਨੇ ਬਣਾ ਦਿਤਾ। ਲਿਫ਼ਟ ਲੈਣ ਦੇ ਬਹੁਤੇ ਚੰਗੇ ਤਜ਼ਰਬੇ ਤਾਂ ਹੈ ਨਹੀ, ਸੋ ਗੱਲ ਮਾੜਿਆਂ ਤੋਂ ਸ਼ੁਰੂ ਕਰ ਲੈਨੇ ਆ। 8 ਵੀ ਤਕ ਤਾਂ ਪਿੰਡ ਹੀ ਪੜ੍ਹੇ ।ਮੇਰੀ ਮੰਜੀ ਤੇ ਰਜਾਈ ਤੋਂ ਜਿਨੀ ਦੂਰ ਜੰਗਲ ਪਾਣੀ ਜਾਣ ਲਈ ਪੈਲੀਆਂ ਸਨ ਲਗਭਗ ਉਨੀ ਕੁ ਦੂਰ ਹੀ ਸਾਡਾ ਸਕੂਲ ਸੀ। ਸੁਤੇ ਉਠਣਾ ਜਿੱਧਰ ਨੂੰ ਜ਼ੋਰ ਪੈਣਾ ਉਧਰ ਨੂੰ ਹੋ ਤੁਰਨਾ । ‘ਮਾਹਰਾਜ’ ਈ ਲਿਫ਼ਟ ਕਰਦਾ ਅਸੀ ਝੋਲਾ ਫ਼ੜ ਕੇ ਸਕੂਲ ਨੂੰ ਹੋ ਜਾਂਦੇ ਜਾਂ ਪਜਾਮੇ ਦਾ ਨਾਲਾ ਫੜ੍ਹ ਕੇ ਪੈਲੀਆ ਨੂੰ। ਹੋਣੀ ਵਾਪਰੀ 9ਵੀਂ ਕਲਾਸ ’ਚ ਅੰਮ੍ਰਿਤਸਰ ਸ਼ਹਿਰ ਦੇ ਸਕੂਲੇ ਪੜ੍ਹਨ ਲਗ ਪਏ। ਲਿਫ਼ਟ ਕਲਾ ਦੀ ਇਹ ਕੱਚੀ ਪਹਿਲੀ ਸੀ। ਬੜੀਆਂ ਦੁਸ਼ਵਾਰੀਆਂ ਨਾਲ ਵਾਹ ਪਿਆ। ਸਇਕਲ ਸਾਡੀ ‘ਮੁੱਛ ਫੁਟਦੀ ਪਰਸਨੈਲਟੀ’ ਨੂੰ ਸੂਟ ਨਹੀ ਸੀ ਕਰਦਾ ਤੇ ਜੇਬ ਵਿਚਲੇ ਭਾਨ ਦਾ ਜੋੜ ਤੋੜ ਰਾਹ ਜਾਂਦਿਆਂ ਨੂੰ ਹੱਥ ਦੇਣ ਲਈ ਮਜ਼ਬੂਰ ਕਰਦਾ ਸੀ। ਲਿਫ਼ਟ ਕਲਾ ’ਚ ਸਭ ਤੋਂ ਵੱਡਾ ਅੜਿਕਾ ਸੰਗ ਹੀ ਹੁੰਦੀ ਹੈ ਜੇ ਲਾਹ ਕੇ ਅਪਣੀ ਖਾਲੀ ਜੇਬ ’ਚ ਪਾ ਲਈਏ ਤਾਂ ਸਮਝੋਂ ਨੰਗਾਂ ਨੇ ਦੁਨੀਆਂ ਜਿੱਤ ਲਈ।
ਉਝ ਕਈ ਵਾਰ ਇਹ ਸੰਗ ਲਾਈ ਪੁਠੀ ਵੀ ਪੈ ਜਾਂਦੀ । 10ਵੀਂ ਜਮਾਤ ’ਚ ਚੜਦਿਆਂ ਈ ਮਨਦੀਪ ਬੱਲ ਨਾਂ ਦੀ ਇਕ ‘ਜੱਟਕੀ’ ਕੁੜੀ ਨਾਲ ਅੱਖ ਮਟੱਕਾ ਸ਼ੁਰੂ ਹੋ ਗਿਆ ਪਰ ਸੰਗ ਲਾਹ ਕੇ ਮੰਗੀ ਇਕ ਲਿਫ਼ਟ ਨੇ ਪ੍ਰੇਮ ਕਹਾਣੀ ਨੂੰ ਬਰੇਕਾਂ ਲਾ ਦਿਤੀਆਂ। ਅਸਲ ’ਚ ਇਕ ਦਿਨ ਖਾਲੀ ਜੇਬ ਮੈਂ ਕਈ ਚਿਰ ਸੜਕ ’ਤੇ ਖਲੋਤਾ ਰਿਹਾ ਹਾਰ ਕੇ ਘਰ ਪਹੁੰਚਣ ਲਈ ਇਕ ਖੱਚਰ-ਰੇਹੜੇ ’ਤੇ ਬਹਿ ਗਿਆ। ਰਾਹ ’ਚ ਸੜਕ ’ਤੇ ਮੇਰੀ ਕਲਾਸ ਦੀਆਂ ਕੁੜੀਆਂ ਨੇ ਮੈਨੂੰ ਵੇਖ ਲਿਆ। ਅਗਲੇ ਦਿਨ ਇਕ ਜਣੀ ਮੈਨੂੰ ਪੁਛਦੀ ਤੂੰ ਕੱਲ ਰੇਹੜੇ ਤੇ ਬੈਠਾ ਜਾਂਦਾ ਸੀ। ਮੈਨੂੰ ਮੌਕੇ ’ਤੇ ਕੋਈ ਸੁਝੀ ਨਾਂ ਮੈਂ ਕਹਿ ਦਿਤਾ ‘ ਉਹ ਮੇਰੇ ਆਂਕਲ ਸੀ ਰੇੜੇ ਵਾਲੇ, ਤਾਇਆ… ਕਹਿੰਦਾ ਬਹਿਜਾ ਮੈਂ ਦਿਲ ਰੱਖਣ ਲਈ ਫਿਰ …..। ਉਹ ਕੁੜੀ ਬੱਲ ਦੀ ਸਹੇਲੀ ਸੀ। ਉਸੇ ਦਿਨ ਤੋਂ ਬੱਲ ਦੀਆਂ ਅੱਖਾਂ ਬਦਲ ਗਈਆ। ਕਈ ਚਿਰਾਂ ਬਾਅਦ ਮੈਂ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਤਾਂ ਪਤਾ ਲਗਿਆ ਕਿ ਮੈਨੂੰ ਰਿਹੜੇ ਵਾਲੇ ਦਾ ਭਤੀਜ ਜਾਣ ਕੇ ਉਨ੍ਹਾਂ ਵੱਡੀਆ ਜੱਟੀਆਂ ਨੇ ਮੈਨੂੰ ‘ਘੁਮਿਆਰਾਂ’ ਦਾ ਮੁੰਡਾ ਸਮਝ ਲਿਆ ਸੀ। ਮੇਰੇ ਬੱਗੇ ਜਿਹੇ ਰੰਗ ਨੇ ਵੀ ਸ਼ਾਹਦੀ ਭਰ ਦਿਤੀ।
 ਵੈਸੇ ਇਹ ਕੋਈ ਇਕ ਘਟਨਾ ਨਹੀਂ । ਸਾਡੇ ਨਾਲ ਮਾੜੀਆਂ ਤਾਂ ਬਹੁਤ ਹੋਈਆ। ਐਮ.ਏ. ’ਚ ਜਲੰਧਰ ਪੜਦਾ ਸੀ। ਰੇਲ ਦਾ ਪਾਸ ਫੱਟਿਆ ਵਾਲੇ ਡੱਬੇ ਦਾ ਸੀ, ਮੈਂ ਗੱਦੀਆਂ ਵਾਲੇ ’ਚ ਲੰਮਾਂ ਪਿਆ ਸੋਚਾਂ ਨੂੰ ਦੁੜੰਗੇ ਲਵਾ ਰਿਹਾ। ਮੈਜਸਟ੍ਰੇਟ ਚੈਕਿੰਗ ਹੋ ਗਈ। ਜਲੰਧਰ ਸਟੇਸ਼ਨ ’ਤੇ ਮੈਜਸਟ੍ਰੇਟ ਸਾਹਮਣੇ ਪੇਸ਼ੀ ਹੋਈ । ਉਸ ਨੇ ਮੌਕੇ ’ਤੇ 500 ਰੁਪਈਆ ਜ਼ੁਰਮਾਨਾ ਪਾ ਦਿਤਾ । ਮੈਨੂੰ ਅਪਣੀ ਬਣੀ ਬਣਾਈ ਦਾ ਪਤਾ ਸੀ ਬਈ ਸਾਰਾ ਪੰਜਾਬ ਮੰਗ ਕੇ ਵੀ ਮੈਨੂੰ 500 ਨਹੀਂ ਲੱਭਣਾ। ਫ਼ੋਨ ਕੋਲ ਸੀ ਪਰ ਆਮ ਵਾਂਗ ਬੈਲਸ ਨਹੀ ਸੀ। ਚੰਗੇ ਭਲੇ ਲੋਕ ਪੈਸੇ ਦੇ ਕੇ ਖ਼ਲਾਸੀ ਕਰਵਾ ਗਏ। ਮੈਂ ਜੁਗਾੜ ਦੇ ਘੋੜੇ ਦੁੜਾ ਕੇ ਥੱਕ ਹਾਰ ਬਈਆਂ ਵਾਲੀ ਲਾਇਨ ’ਚ ਬਹਿ ਗਿਆ । ਜਿਨ੍ਹਾਂ ਨੂੰ ਪੈਸੇ ਵਸੂਲ ਨਾ ਹੋਣ ਕਰ ਕੇ ਹਵਾਲਾਤ ਲੈ ਜਾਣਾ ਸੀ। ਉਸ ਵੇਲੇ ਰੇਲਵੇ ਪੁਲਿਸ ਦਾ ਇਕ ਸਿਪਾਹੀ ਆਪ ਮੇਰੇ ਕੋਲ ਆਇਆ ਕਹਿੰਦਾ ਮੇਰੇ ਫ਼ੋਨ ਤੋਂ ਫ਼ੋਨ ਕਰ ਲਾ ਕਿਸੇ ਤੋਂ ਮੰਗ ਲਾ ਇਸ ਤਰ੍ਹਾਂ ਚੰਗੇ ਨਹੀਂ ਲੱਗੀਦਾ। ਮੈਂ ਨੰਗਪੁਣੇ ’ਤੇ ਪਰਦਾ ਪਾਉਣ ਲਈ ਕਿਹਾ “ਨਹੀਂ ਮੇਰਾ ਡੈਡੀ ਥਾਣੇਦਾਰ ਆ ਉਸ ਨੇ ਕਰਾ ਲੈਣੀ ਜਮਾਨਤ।” ਸਿਪਾਹੀ ਕਹਿੰਦਾ “ਯਾਰ ਜਮਾਨਤ ਤਾਂ ਹੋ ਜੂ ਪਰ ਤੂੰ ਅਪਣਾ ਸਿੱਖ ਭਰਾ ਏ, ਪੱਗ ਬੱਧੀ ਏ, ਪੜ੍ਹਿਆ ਲਿਖਿਆ ਲਗਦਾ ਏ, ਚੰਗਾ ਨਹੀਂ ਲਗਦਾ ਇਸ ਤਰ੍ਹਾਂ।” ਫਿਰ ਉਹ ਆਪੇ ਹੀ ਕਹਿੰਦਾ “ਚਲ ਮੈਂ ਦੇ ਦੇਨਾ ਜੇ ਤੇਰੇ ਕੋਲ ਕਦੀਂ ਹੋਏ ਤਾਂ ਦੇ ਜਾਵੀ ।” ਖ਼ੈਰ ਡੇਢ ਕੁ ਸੋ ਮੇਰੇ ਕੋਲ ਸੀ ਬਾਕੀ ਉਸ ਭਰਾ ਨੇ ਪੈਸੇ ਭਰ ਦਿਤੇ ਤੇ ਮੇਰੀ ਖਲਾਸੀ ਹੋਈ। ਹੁਣ ਜੇਬ ’ਚ ਇਕ ਰੁਪਈਆ ਨਹੀਂ ਸੀ। ਉਹ ਦਿਨ ਲਿਫ਼ਟ ਕਲਾ ਦੀ ਪਰਖ ਦਾ ਦਿਨ ਸੀ। ਪੈਸਿਆ ਲਈ ਜਲੰਧਰ ਭਟਕਦਾ ਰਿਹਾ ਪਰ ਕਿਤੋਂ ਖੈਰ ਨਾ ਪਈ, ਲਿਫ਼ਟਾਂ ਲੈਂਦਾ ਜੁਗਾੜ ਕਰਦਾ ਅੰਮ੍ਰਿਤਸਰ ਮੁੜਿਆ। ਉਸ ਸ਼ਾਮ ਮੈਂ ਘਰ ਪਹੁੰਚ ਕੇ ਕਿਰਾਏ ਦੇ ਹਿਸਾਬ ਨਾਲ ਜੋੜ੍ਹ ਕੀਤਾ ਪੂਰੇ ਪੌਣੇ ਦੋ ਸੋ ਦਾ ਸਫ਼ਰ ਮੁਫ਼ਤ ਕੀਤਾ ਸੀ।
ਅੰਗਰੇਜ਼ੀ ਫਿਲਮਾਂ ’ਚ ਦੇਖੇ ਮੂਜਬ, ਲਿਫ਼ਟ ਅੰਗਰੇਜ਼ਾਂ ਦਾ ਵਰਤਾਰਾ ਏ, ਪਰ ਅਪਣੇ ਕਾਲੇ ਅੰਗਰੇਜ਼ਾ (ਭਾਰਤੀਆਂ) ਤੋਂ ਬਿਨਾਂ ਕਿਸੇ ਅੰਗਰੇਜ਼ ਨਾਲ ਅਪਣਾ ਅੱਜ ਤਕ ਵਾਹ ਨਹੀਂ ਪਿਆ। ਉਝ ਅਪਣੇ ਦੇਸੀ ਬੰਦਿਆ ਬਾਰੇ ਮੈਨੂੰ ਪਤੈ, ਕਿ ਉਹ ਬੰਦੇ ਮੈਂ ਅੱਖੀ ਵੇਖੇ ਨੇ ਜੋ ਕਾਂ ਅੱਖ ਨਿਕਲਦੀਆਂ ਜੇਠ ਹਾੜ ਦੀਆਂ ਧੁੱਪਾਂ ’ਚ ਅਪਣੇ ਸਾਇਕਲ ’ਤੇ ਜੀਅ ਤਰਸੀ ਰਾਹ ਜਾਂਦੀਆਂ ਦੋ-ਦੋ ਸਵਾਰੀਆਂ ਨੂੰ ਡੇਰਾ-ਬਾਬਾ-ਨਾਨਕ ਤੋਂ ਬਟਾਲੇ ਤਕ ਛੱਡਦੇ ਰਹੇ ਹਨ। ਹੁਣ ਤਾਂ ਲੋਕਾਂ ਦਾ ਸ਼ਹਿਰੀ ਕਰਨ ਹੋ ਗਿਆ। ਲਿਫ਼ਟ ਮੰਗਣ ਵਾਲੇ ਬੰਦੇ ਨੂੰ ਨਾ ਚੜਾਉਣ ਵਾਲੇ ਬੰਦੇ ਧਰਤੀ ’ਤੇ ਬੋਝ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਮਨੁੱਖੀ ਸਭਿਅਤਾ ਦੇ ਏਨੇ ਲੰਮੇ ਇਤਹਾਸ ਤੋਂ ਕੁਝ ਵੀ ਨਹੀਂ ਸਿਖਿਆ। ਇਨ੍ਹਾਂ ਨੂੰ ਧਰਤੀ ਵੀ ਵਿਹਲ ਨਹੀਂ ਦਿੰਦੀ ਭਾਵੇਂ ਕਿਨਾਂ ਵੀ ਧਰਮ ਕਰਮ ਕਰ ਲੈਣ । ਇਕ ਵਾਰ ਅਸੀ ਤਰਨ ਤਾਰਨ ਸਾਹਬ ਮੱਸਿਆ ਨਾਹੁਣ ਗਏ । ਰਾਤ ਦਾ ਦੀਵਾਨ ਸੁਣ ਕੇ ਢਾਈ ਕੁ ਵਜੇ ਅੰਮ੍ਰਿਤਸਰ ਆ ਗਏ । ਦਰਬਾਰ ਸਾਹਬ ਦਾ ਕਵਾੜ ਖੁਲਣ ਤੇ ਜਦੋਂ ਮਹਾਰਾਜ ਦੀ ਸਵਾਰੀ ਤਖ਼ਤ ਸਾਹਬ ਤੋਂ ਦਰਬਾਰ ਸਾਹਬ ਜਾਂਦੀ ਹੈ ਤਾਂ ਸ਼ਹਿਰੀ ਲੋਕਾਂ ਦਾ ਪਾਖੰਡ ਵੇਖਣ ਵਾਲਾ ਹੁੰਦੈ । ਉਸ ਦਿਨ ਮੈਂ ਅਪਣੀ ਸੜਕ ‘ਤੇ ਕਰਿਆਨੇ ਦੇ ਵੱਡੇ ਸਟੋਰ ਵਾਲੇ ‘ਸਰਦਾਰ ਆਂਕਲ’ ਨੂੰ ਵੇਖਿਆ। ਮਹਾਰਾਜ ਦੀ ਪਾਲਕੀ ਥੱਲੇ ਮੋਢਾ ਦੇਣ ਲਈ ਉਸ ਨੇ ਕਈਆਂ ਦੇ ਪੈਰ ਵੱਡੇ। ਉਹੀਂ ਬੰਦਾ ਜਦੋਂ ਬਾਹਰ ਜੋੜਾ-ਘਰ ਜੁੱਤੀਆਂ ਪਾ ਰਿਹਾ ਸੀ ਤਾਂ ਮੈਂ ਅਪਣੇ ਮਿਤਰਾਂ ਨੂੰ ਅਲਵਿਦਾ ਕਹੀ ਤੇ ਦਸਿਆ ਕਿ ਇਹ ਅਪਣੇ ਆਂਕਲ ਮੈਨੂੰ ਰਸਤੇ ‘ਚ ਘਰ ਛੱਡ ਦੇਣਗੇ। ਮਹਾਰਾਜ ਦਾ ਭਾਰ ਚੁਕਣ ਲਈ ਜਾਨ ਦੇਣ ਵਾਲੇ ਨੀਚ ਆਂਕਲ ਨੇ ਅਪਣੇ ਸਕੂਟਰ ਪਿਛੇ ਬਿਠਾਉਣ ਲਈ ਇਨ੍ਹਾਂ ਹੌਲਾ ਬਹਾਨਾ ਮਾਰਿਆ ਕਿ ਮੈਂ ਮੱਸਿਆ ਨਾਤੀ ਦਾ ਸਾਰਾ ਪੁੰਨ ਉਹਨੂੰ ਗਾਲਾਂ ਦੇ ਕੇ ਪਾਪ ’ਚ ਬਦਲ ਲਿਆ। ਉਝ ਸਾਡੇ ਲਿਫ਼ਟਬਾਜ਼ਾਂ ਕੋਲ ਮੂੰਹ ’ਚ ਗਾਲਾਂ ਕੱਢਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ।
ਇਥੇ ਇਕ ਗੱਲ ਹੋਰ ਐ, ਪੰਜੇ ਉਗਲਾਂ ਇਕੋ ਜਿਹੀਆ ਵੀ ਨਹੀਂ ਹੁੰਦੀਆ। ਦਿੱਲੀ ’ਚ ਇਕ ਵਾਰ ਅਜੀਬੋ ਗ਼ਰੀਬ ਹੋਈ। ਹਜਰਤ ਨਿਜ਼ਾਮੂਦੀਨ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਸ਼ਾਨੇ ਪੰਜਾਬ ਗੱਡੀ ਤੜਕੇ 6.10 ’ਤੇ ਚੱਲਦੀ ਹੈ। ਨਾਇਟ ਡਿਊਟੀ ਕਰ ਕੇ ਮੈਂ ਸਟੇਸ਼ਨ ਪਹੁੰਚਣ ਦੀ ਚਾਹ ’ਚ ਉਖਲਾ ਮੰਡੀ ਨੂੰ ਜਾਂਦੇ ਸਬਜੀ ਵਾਲੇ ਠੇਲਿਆਂ ਨੂੰ ਵੀ ਹੱਥ ਦੇ ਰਿਹਾ ਸੀ। ਦਿੱਲੀ ਲੇਟ ਹੀ ਜਾਗਦੀ ਹੈ, ਆਵਾਜਈ ਬਿਲਕੁਲ ਨਾ-ਮਾਤਰ ਸੀ । ਇਕ ਸਕੂਟਰ ਜਿਹਾ ਦਿਸਿਆ ਮੈਂ ਹੱਥ ਦਿਤਾ ਉਨ੍ਹੇ ਰੋਕ ਲਿਆ । ਡਰਾਇਵਰ ਨੇ ਟਰੈਕ ਸੂਟ ’ਤੇ ਹੈਲਮਟ ਪਾਇਆ ਸੀ। ਤੁਰਨ ਲੱਗਿਆ ਮੈਂ ਨਿਯਾਮੂਦੀਨ ਸਟੇਸ਼ਨ ਕਿਹਾ ਉਹ ਚੱਲ ਪਿਆ। ਰਸਤੇ ’ਚ ਮੇਰੀਆ ਅੱਖਾਂ ਸ਼ੱਕੀ ਹੋ ਗਈਆ।ਨਿਯਾਮੂਦੀਨ ਪੁਲ ਚੜਨ ਤੋਂ ਪਹਿਲਾ ਉਨ੍ਹੇ ਬਰੇਕ ਲਾਈ ਤਾਂ ਮੇਰਾ ਸ਼ੱਕ ਯਕੀਨ ’ਚ ਬਦਲ ਗਿਆ। ਉਹ 24-25 ਸਾਲ ਦੀ ਖੂਬਸੂਰਤ ਬੀਬੀ ਸੀ ਜੋ ਸ਼ਇਦ ਵਰਜਸ਼ ਕਰਨ ਜਾ ਰਹੀ ਸੀ। ਉਨ੍ਹੇ ਹੈਲਮਟ ਲਾਹ ਕੇ ਪੰਜਾਬੀ ‘ਚ ਕਿਹਾ “ਥੱਲੇ ਨੂੰ ਚਲੇ ਜਾਵੋ ਔਹ ਸਾਹਮਣੇ ਸਟੇਸ਼ਨ ਹੈ।”
ਮੈਨੂੰ ਉਨ੍ਹਾਂ ਬੇਗ਼ੈਰਤ ਲੋਕਾਂ ਦੀ ਦਲੀਲ ਹੌਲੀ ਲੱਗੀ ਜਿਹੜੇ ਕਹਿੰਦੇ ਨੇ ਕਿ ਲਿਫ਼ਟ ਮੰਗਣ ਵਾਲਾ ਨੁਕਸਾਨ ਵੀ ਕਰ ਸਕਦਾ ਹੈ। ਖ਼ੈਰ ਗੱਲ ਲੰਮੀ ਜਾ ਰਹੀ ਹੈ ਤਜ਼ਰਬੇ ਤਾਂ ਬਹੁਤ ਨੇ ਮਿਠੇ ਵੀ ਕੌੜੇ ਵੀ, ਕੁਝ ਲੋਕਾਂ ਨੂੰ ਜ਼ਿੰਦਗੀ ’ਚ ਲਿਫ਼ਟ ਦਿਤੀ ਕੁਝ ਕੋਲੋ ਲਈ, ਇਨ੍ਹਾਂ ਲੋਕਾਂ ਤੋਂ ਬਹੁਤ ਕੁਝ ਸਿਖਣ ਨੂੰ ਵੀ ਮਿਲਿਆ। ਲੇਖ ਦੇ ਅੰਤ ’ਚ ਅਪਣੇ ਗੂੜ ਤਜ਼ਰਬੇ ਤੋਂ ਦੱਸ ਦੇਵਾਂ ਕਿ ਜੇ ਕਿਸੇ ਪਾਸਿਓ ਕੋਈ ਆਸ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਕਿਸੇ ਮੁਲਾਜ਼ਮ ਤੋਂ ਲਿਫ਼ਟ ਮੰਗੋ, ਵਾਰ ਕਦੀ ਖਾਲੀ ਨਹੀਂ ਜਾਵੇਗਾ। ਦੂਜੀ ਗੱਲ ਜੇ ਤੁਸੀ ਕਿਸੇ ਨੂੰ ਲਿਫ਼ਟ ਦੇਣ ਵਰਗਾ ਮਹਾਨ ਕੰਮ ਕਰ ਰਹੇ ਹੋ ਤਾਂ ਚੁੱਪ ਨਾ ਬੈਠੋ ਗੱਲ ਤੋਰੋ, ਕਿਸੇ ਪਾਸੇ ਨੂੰ ਵੀ ਫ਼ੇਰ ਜ਼ਾਇਕਾ ਵੇਖਿਓ…..

3 ਆਪਣੀ ਰਾਇ ਇਥੇ ਦਿਓ-:

Anonymous,  March 21, 2010 at 11:50 PM  

brilliant....apne naal v eh hadse waprde rehnde ne mitra..ujjal satnaam

Deep Jagdeep Singh April 3, 2010 at 1:45 AM  
This comment has been removed by the author.
Deep Jagdeep Singh April 3, 2010 at 1:49 AM  

ਵਾਹ ਓ 'ਝਿਆ ਵਕਤ ਦਿਆਂ ਮਾਂਝਿਆ...ਆਹ ਤਾਂ ਸੱਚੀ ਤੂੰ ਸੱਪ ਕੱਢ ਤਾ...ਚੈਟ ਤੇ ਕਹਿੰਦਾ ਅਖੇ ਸੱਪ ਕੱਢ ਤਾਂ, ਅੱਜ ਦੇਖਿਆ ਤੇਰਾ ਸੱਪ...

ਵੈਸੇ ਸਕੂਟਰ ਆਲੀ ਬੀਬੀ ਨਿੱਕਲੀ ਚੰਗੀ...ਨਹੀਂ ਦਿੱਲੀ ਵਰਗੇ ਸ਼ਹਿਰ 'ਚ ਕਿਸੇ ਬੀਬੀ ਵੱਲੋਂ ਕਿਸੇ ਭਾਊ ਨੂੰ ਲਿਫ਼ਟ ਦੇਣੀ ਰਿਸਕੀ ਹੋ ਸਕਦੀ ਆ...:)

ਰਹੀ ਗੱਲ ਤੇਰੀ, ਤੂੰ ਤਾਂ ਐਨਾ ਤਕੜਾ ਕਿ ਦੋ-ਚਾਰ ਸਕੂ਼ਲ ਜਾਂਦੇ ਜਵਾਕਾਂ ਨੂੰ ਮੌਢਿਆਂ ਤੇ ਈ ਲਿਫ਼ਟ ਦੇ ਸਕਦਾਂ।

ਆਪਣੀ ਗੱਲ ਕਰਾਂ ਤਾਂ ਮੇਰੇ ਵੀ ਤਜਰੁਬੇ ਕਈ ਰੰਗ-ਬਰੰਗੇ ਨੇ ਇਸ ਮਾਮਲੇ ਵਿਚ...ਬਥੇਰੀ ਵਾਰ ਆਖ਼ਰੀ ਸਾਹਾਂ ਵਰਗੀ ਹਾਲਾਤ 'ਚ ਲਿਫ਼ਟ ਨੇ 'ਲਿਫ਼ਟ' ਕਰਾਇਆ। ਹੁਣ ਦਿੱਲੀ ਵਿਚ ਜਦੋਂ ਮੈਨੂੰ ਕੋਈ ਲਿਫ਼ਟ ਲਈ ਹੱਥ ਦਿੰਦਾ ਤਾਂ ਹਮੇਸ਼ਾ ਦੁਚਿੱਤੀ ਵਿਚ ਹੁੰਦਾ...ਡਰ ਵੀ ਲੱਗਦਾ ਯਾਰ ਕੀ ਕਰਾਂ...ਬਾਕੀ ਦਿੱਲੀ ਵਿਚ ਸ਼ਰੀਫ ਬੰਦੇ ਨੂੰ ਲਿਫ਼ਟ ਦੇਣਾ ਵੀ ਮਹਿੰਗਾ ਪੈਂਦਾ। ਆਪਣੇ ਇਕ ਸਾਂਝੇ ਬੇਲੀ ਨੂੰ ਲਿਫ਼ਟ ਦਿੱਤੀ ਤਾਂ ਹੈਲਮਟ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ, ਭਾਵੇਂ ਸੌ ਦਾ ਨੋਟ ਓਹਨੇ ਆਪ ਹੀ ਦਿੱਤਾ, ਪਰ ਚਲਾਨ ਤੇ ਨਾਂ ਤੇ ਲਸੰਸ ਮੇਰਾ ਚੜ੍ਹਿਆ...

ਖੈਰ ਹੁਣ ਮੌਕੇ ਸਿਰ ਜੋ ਅੰਦਰੋ ਆਵਾਜ਼ ਆਵੇ ਮੈਂ ਓਵੇਂ ਈ ਕਰਦਾ...ਬਜ਼ੁਰਗਾਂ ਨੂੰ ਜਰੂਰ ਕਈ ਵਾਰ ਮੈਂ ਆਪ ਹੀ ਬਿਠਾ ਲੈਂਦਾ...ਸਕੂਲੀ ਜਵਾਕਾਂ ਨੂੰ ਕਦੇ ਨੀ ਬਿਠਾਂਦਾ, ਕਿਉਂ ਕਿ ਮੈਂ ਆਪਣੇ ਸਕੂਲ ਟਾਇਮ ਤੇ ਬਹੁਤ ਤੁਰਿਆਂ...ਮਹਿਸੂਸ ਹੁੰਦਾ ਕਿ ਉਸ ਪੈਦਲ ਯਾਤਰਾ ਨੇ...ਵਕਤ ਨਾਲ ਕਦਮ ਮਿਲਾ ਕਿ ਤੁਰਨਾ ਸਿਖਾਇਆ, ਸੋ ਜੇ ਲਿਫਟ ਮੰਗਣ ਵਾਲੇ ਪਾੜ੍ਹੇ ਪੈਦਲ ਜਾਣਗੇ ਤਾਂ ਉਹ ਵੀ ਸੰਘਰਸ਼ ਕਰਨਾ ਸਿੱਖਣਗੇ, ਨਹੀਂ ਮੁਥਾਜੀ 'ਚ ਜ਼ਿੰਦਗੀ ਕੱਟ ਦੇਣਗੇ ਵਾਲੀ ਸੋਚ ਨਾਲ ਲਿਫਟ ਨਹੀਂ ਦਿੰਦਾ...ਹਾਂ ਜੇ ਕੋਈ ਐਮਰਜੇਂਸੀ ਜਾਂ ਮਜਬੂਰੀ ਵਾਲੀ ਗੱਲ ਹੋਵੇ ਤਾਂ ਗੱਲ ਵੱਖਰੀ ਆ...

ਖ਼ੈਰ ਭਾਊ ਲਿਫ਼ਟਾਂ ਲੈਂਦਾ ਰਹਿ, ਦੇਣ ਦਾ ਵਕਤ ਵੀ ਆਊਗਾ ਤੇਰਾ...ਜੱਟੀ ਆਲੀ ਗੱਲ ਦੀ ਪਰਵਾਹ ਨਾ ਕਰੀਂ , ਰੇੜ੍ਹੇ ਆਲੇ ਨਾਲ ਲਾ ਕੇ ਰੱਖੀਂ, ਜੱਟੀਆਂ ਤਾਂ ਇਨੀਆਂ ਪਿੱਛੇ ਫਿਰਨਗੀਆਂ ਕਿ ਰੇੜੇ ਤੇ ਪੂਰੀਆਂ ਨੀ ਆਉਣੀਆਂ, ਜੇ ਕਿਤੇ ਕੱਠੀਆਂ ਨੂੰ ਮੇਲੇ ਲੈ ਕੇ ਜਾਣਾ ਪਿਆ...

April 3, 2010 1:45 AM

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP