Tuesday, May 11, 2010

....ਤੇ ਬਾਬਾ ਬੰਦਾ ਫਿਰ ਹਾਰ ਗਿਆ

ਕਾਂਡ 1
ਮੈਂ ਉਨ੍ਹੀਂ ਦਿਨੀਂ ਉਥੇ ਹੀ ਸੀ ਜਿਨ੍ਹੀਂ ਦਿਨੀਂ ਬੰਦਾ ਸਿੰਘ ਬਹਾਦਰ ਫ਼ਰੁਖ਼ਸੀਅਰ ਦੀ ਕੈਦ 'ਚ ਸੀ,ਮੈਂ ਜੇਲ੍ਹਖਾਨੇ ਦੇ ਲਾਗੇ ਹੀ ਕੁਆਟਰਾਂ 'ਚ ਰਹਿੰਦਾ ਸੀ ।ਜੇਲ੍ਹਖਾਨੇ ਵੱਲ ਘੱਟ ਹੀ ਜਾਂਦਾ ਸੀ ...ਕਿਉਂ ਕਿ ਮੈਨੂੰ ਅਪਣੇ ਆਪ ਨੂੰ ਜ਼ਾਬਤੇ 'ਚ ਨਹੀਂ ਰੱਖਣਾ ਆਉਂਦਾ । ਮੇਰੇ ਮੂੰਹੋਂ ਮੱਲੋ ਮੱਲੀ ਗਾਲ੍ਹਾਂ ਨਿਕਲਦੀਆਂ ਨੇ ਮੋਏ ਵਜ਼ੀਰ ਖ਼ਾਨ ਨੂੰ ...ਵਕਤ ਦਿਆਂ ਹਾਕਮਾਂ ਨੂੰ । ਮੈਂ ਉਸ ਰਾਹ ਜਾਣਾ ਹੀ ਛੱਡ ਦਿਤਾ।ਸਵੱਬ ਨਾਲ ਹੀ ਅੱਜ ਸ਼ਹਿਰ ਦੇ ਬਹੁਤੇ ਰਾਹ ਬੰਦ ਸਨ ।ਮੈਂ ਬੱਸ ਅੱਡੇ ਜਾਣਾ ਸੀ । ਮੈਂ ਚੱਪੜਚਿੜੀ ਵਲੋਂ ਕਰਨਾਲ ਵਾਲੇ ਪਾਸੇ ਨੂੰ.૴ ਜਿਸ ਰਾਹੇ ਬੰਦਾ ਸਿੰਘ ਅਪਣੀ ਜਿੱਤ ਦੇ ਝੰਡੇ ਗੱਡਦਾ ਆਇਆ ਸੀ ।
ਮੈਨੂੰ ਭੁਲੇਖਾ ਜਿਹਾ ਪਿਆ, ਬੰਦੇ ਦੀ ਫ਼ੌਜ ਉਨ੍ਹਾਂ ਰਾਹਾਂ 'ਤੇ ਬੰਦੇ ਦੀਆਂ ਪੈੜਾਂ 'ਤੇ ਫਿਰ ਆਉਂਦੀ ਦਿਸੀ । ਮੈਂ ਮੁਰਛਤ ਹੋਇਆ ਉਠ ਕੇ ਬਹਿ ਗਿਆ । ਜੰਗ ਦੇ ਮੈਦਾਨ 'ਚ ਢਾਲ ਤੇ ਤੀਰ ਕਮਾਨ ਸੰਭਾਲੀ ਕਿਸੇ ਯੋਧੇ ਵਾਂਗ ਮੇਰੇ ਸਰੀਰ ਦਾ ਅੰਗ-ਅੰਗ ਫੜਕਣ ਲੱਗਾ । ਜ਼ਿਹਨੀ ਤੌਰ ਤੇ ਮੈਂ ਜੰਗ ਲਈ ਤਿਆਰ ਸੀ। ਅਪਣੇ ਭਾਈਆਂ ਨੂੰ ਇੰਨੀ ਵੱਡੀ ਗਿਣਤੀ 'ਚ ਇਕੱਠਿਆਂ ਵੇਖ ਕੇ ਮੇਰੇ ਅੰਦਰਲਾ ਜੋਸ਼ ਠਾਠਾ ਮਾਰ ਰਿਹਾ ਸੀ ਮੇਰੇ ਠੰਢੇ ਖੂਨ ਨੇ ਉਬਾਲਾ ਮਾਰਿਆ ਹੁਣ ਬੰਦਾ ਸਿੰਘ ਜੇਲਖਾਨੇ 'ਚ ਕੈਦ ਨਹੀਂ ਰਹੇਗਾ। ਜ਼ਾਲਮ ਹਾਕਮਾਂ ਦੀ ਹੁਣ ਅਸੀਂ ਬੱਸ ਕਰਾ ਕੇ ਛੱਡਾਂਗੇ।
ਕਾਂਡ 2
ਅਸਲ 'ਚ ਅਸੀਂ ਇਨ੍ਹਾਂ ਬਹੁਤ ਅੱਕੇ ਹੋਏ ਹਾਂ। ਬੰਦੇ ਨੇ ਜਿਨ੍ਹਾਂ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਿਤੀ ਸੀ ਉਹ ਹੁਣ ਘਸਿਆਰੇ ਬਣ ਗਏ ਨੇ । ਹਾਕਮ ਤਾਂ ਇੰਨੇ ਜ਼ਾਲਮ ਹੋ ਗਏ ਨੇ ਕਿ ਅਸੀਂ ਅਪਣੀਆਂ ਜ਼ਮੀਨਾਂ 'ਤੇ ਫਸਲਾਂ ਬੀਜਣ ਲਈ ਪਾਣੀ ਮੰਗਦੇ ਹਾਂ ਤੇ ਹਾਕਮ ਕੁਟ-ਕੁਟ ਕੇ ਖੂਨ ਨਿਚੋੜ ਦਿੰਦੇ ਨੇ, 20 ਕੁ ਸਾਲ ਪਹਿਲਾਂ ਇਨ੍ਹਾਂ ਸਾਨੂੰ ਬੜਾ ਮਾਰਿਆ ।ਗੁਰੂ ਤੇਗ ਬਾਹਦਰ ਦੀ ਸ਼ਹਾਦਤ ਤੋਂ ਪਿਛੋਂ ਇਕ ਵਾਰ ਫਿਰ ਦਿੱਲੀ 'ਚ ਕਾਲੀ ਬੋਲੀ ਹਨੇਰੀ ਆਈ। ਤਿੰਨ ਦਿਨ ਔਰੰਗਜ਼ੇਬ ਦੀ ਰੂਹ ਹੱਸਦੀ ਰਹੀ। ਉਨ੍ਹਾਂ ਤੇਗ ਬਹਾਦਰ ਵਲੋਂ ਕੀਤੇ ਅਹਿਸਾਨ ਦਾ ਮੁੱਲ ਸੂਦ ਸਣੇ ਮੋੜਿਆ । ਉਧਰ ਪੰਜਾਬ 'ਚ ਵਜ਼ੀਰ ਖਾਂ ਮੁੜ ਜੰਮ ਪਿਆ । ਉਨ੍ਹੇ ਸ਼ਾਹੀ ਥਾਣਿਆਂ ਨੂੰ ਬੁਚੜਖਾਨੇ 'ਚ ਬਦਲ ਦਿਤਾ। ਹੱਕ ਮੰਗਣ ਵਾਲਿਆਂ ਤੇ ਕਿਸਾਨਾਂ ਦੇ ਮੁੰਡੇ ਘਰੋਂ ਚੁੱਕ ਚੁੱਕ ਕੇ ਮਾਰੇ । ਬੜੀ ਜ਼ਾਲਮ ਹਨੇਰੀ ਝੁੱਲੀ । ਵਜ਼ੀਰ ਖਾਂ ਦੇ ਕਈ ਸੈਨਾਪਤੀ ਉਸ ਤੋਂ ਵੀ ਅੱਗੇ ਲੰਘ ਗਏ । ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ ਲਈ ਢਾਈ ਲੱਖ ਸਹਿਬਜ਼ਾਦੇ ਹਿੰਦ ਦੀਆਂ ਕੰਧਾਂ 'ਚ ਖਾਮੋਸ਼ ਇਤਿਹਾਸ ਬਣਾ ਦਿਤੇ ਗਏ
ਹਾਹਾਕਾਰ ਮਚ ਗਈ, ਸੂਰਮੇ ਭੇਡਾਂ ਵਰਗੇ ਹੋ ਗਏ। ਸ਼ੇਰਾਂ ਦੇ ਆਗੂ ਭੇਡਾਂ ਵਾਂਗੂ ਮਿਆਕਣ ਲੱਗ ਗਏ। ਸਭ ਨੂੰ ਉਮੀਦ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਬਹੁੜੇਗਾ ਤੇ ਅਪਣੇ ਸਿੰਘਾਂ ਨੂੰ ਪੰਜ ਤੀਰ ਦੇ ਕੇ ਹਿੰਦ ਵੱਲ ਤੋਰੇਗਾ ਸਭ ਨੂੰ ਉਸ 'ਬੰਦੇ' ਦੀ ਉਡੀਕ ਸੀ ਜੋ ਵਜ਼ੀਰ ਖਾਂ ਦੀ ਅੱਤ ਨੂੰ ਠੱਲੇ। ਜਿਸ ਦਿਨ ਬੰਦਾ ਪੰਜਾਬ ਗੱਜਿਆ ਉਸ ਦਿਨ ਸਾਰਾ ਦੇਸ਼ ਹਿਲਿਆ । ਚੱਪੜਚਿੜੀ ਪਿੰਡ ਦੀਆਂ ਕੰਧਾਂ ਤੋਂ ਧਮਾਕੇ ਦੀ ਆਵਾਜ਼ ਨਾਲ ਕੱਲਰ ਝੜਿਆ। ਚੱਪੜਚਿੜੀ ਸੈਕਟਰੀਏਟ ਤੋਂ ਬਹੁਤੀ ਦੂਰ ਨਹੀਂ। ਵਜੀਰ ਖਾਂ ਇਕ ਵਾਰ ਫਿਰ ਸੋਧਿਆ ਗਿਆ।ਕਹਿੰਦੇ ਨੇ ਇਤਿਹਾਸ ਅਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ।ਪੰਜ ਤੀਰ ਲੈ ਕੇ ਅਏ ਸਿੰਘਾਂ ਦਾ ਜੱਥੇ ਚੋਂ ਗੁਰੂ ਕਾ ਬੰਦਾ ਦਿਲਾਵਰ ਸਿੰਘ ਜੰਗ ਦੇ ਮੈਦਾਨ 'ਚ ਹੀ ਰਹਿ ਗਿਆ। ਕੁਝ ਦਿਨਾਂ ਪਿਛੋਂ ਗੁਰੂ ਕਾ ਬੰਦਾ ਹਵਾਰਾ ਅਤੇ ਬਲਵੰਤ ਸਿੰਘ ਦੀ ਗ੍ਰਿਫਤਾਰੀ ਹੋਈ।
ਕਾਂਡ 3
ਪਰ ਇਥੇ ਤਾਂ ਨਜ਼ਾਰਾ ਹੀ ਹੋਰ ਸੀ । ਢੋਲਕੀਆਂ ਤੇ ਛੈਣਿਆਂ ਦੀ ਤਾਲ 'ਤੇ ਭੰਡ ਗਾ ਰਹੇ ਸਨ 'ਤੇ ਬੇਜ਼ਮੀਰੇ ਕਿਰਪਾਨਾਂ ਹੱਥਾਂ 'ਚ ਫ਼ੜੀ ਨੱਚ ਰਹੇ ਸਨ। ਧਲਕਦੇ ਢਿੱਡਾਂ ਵਾਲੇ ਜਗੀਰਦਾਰ ਬੰਦੇ ਦੀ ਜਿੱਤ ਦੇ ਬੈਨਰ ਥੱਲੇ ਬੰਦੇ ਦੀ ਮੌਤ ਦੇ ਜਸ਼ਨ ਮਨਾ ਰਹੇ ਸਨ । 36 ਤਰ੍ਹਾਂ ਦੇ ਪਦਾਰਥਾਂ ਨੂੰ ਭੋਗ ਲਵਾਏ ਜਾ ਰਹੇ ਸਨ। ਦੁਖ ਦੀ ਗੱਲ ਇਹ ਕਿ ਇਹ ਸਭ ਉਸ ਜੇਲਖਾਨੇ ਦੇ ਬਾਹਰ ਹੋ ਰਿਹਾ ਸੀ ਜਿਥੇ 'ਬੰਦਾ' ਕੈਦ ਸੀ, ਤੇ ਉਸ ਦਾ ਅੰਗ ਅੰਗ ਜੰਬੂਰਾਂ ਨਾਲ ਨੋਚਿਆ ਜਾ ਰਿਹਾ ਸੀ।
ਮੈਂ ਜੇਲਖਾਨੇ ਦੇ ਰਾਹ 'ਤੇ ਸੁੰਨ ਖੜਾ ਸੀ । ਜਸ਼ਨਾਂ ਦੇ ਢੋਲ ਵੱਜ ਰਹੇ ਸਨ ਮੈਂ ਜਿਸ ਨੂੰ ਸ਼ੇਰਾਂ ਦਾ ਹੱਲਾ ਤੇ ਦਹਾੜਾਂ ਸਮਝ ਰਿਹਾ ਸੀ ਉਹ ਭੇਡਾਂ ਦਾ ਵੱਗ ਸੀ ਜੋ ਉੱਚੀ ਉੱਚੀ ਮਿਆਕ ਕੇ ਪ੍ਰਦੂਸਣ ਫੈਲਾ ਰਿਹਾ ਸੀ। ਅਫਸੋਸ ਜਿੱਤਾਂ ਦਾ ਆਦੀ ਬੰਦਾ ਅੱਜ ਦੂਜੀ ਵਾਰ ਵੀ ਜਗੀਰਦਾਰਾਂ ਤੋਂ ਹਾਰ ਗਿਆ । ਇਤਿਹਾਸ ਮੁੜ ਦੁਹਰਾਇਆ ਗਿਆ। ਪਹਿਲਾਂ ਵੀ ਇੰਝ ਹੀ ਹੋਇਆ ਸੀ ਵਜ਼ੀਰ ਖਾਨ ਨੂੰ ਸੋਧਣ ਤੋਂ ਪਿਛੋਂ ਉਸ ਨੇ ਲੋਕਾਂ ਦਾ ਖੂਨ ਪੀ ਰਹੇ ਜਗੀਰਦਾਰਾਂ ਨੂੰ ਬਿਲੇ ਲਾਇਆ ਉਸ ਦੀ ਗ੍ਰਿਫ਼ਤਾਰੀ ਪਿਛੋਂ ਜਗੀਰਦਾਰਾਂ ਕਿਹਾ, ਉਹ ਤਾਂ ਗੁਰੂ ਬਣ ਬੈਠਾ, ਵਿਆਹ ਕਰਵਾ ਲਿਆ, ਬੰਦਈ ਹੋ ਗਿਆ। ਹੁਣ ਵੀ ਬਦਖੋਈ ਦਾ ਉਹੀ ਸਿਲਸਲਾ ਜਾਰੀ ਏ।

ਹੁਣ ਕਿਵੇਂ ਕਰੀਏ ਜਗੀਰਦਾਰਾਂ ਦੀ ਜਿੱਤ 'ਚ ਸ਼ਾਮਲ ਹੋਈਏ ਜਾਂ ਹਾਰਿਆਂ ਹੋਇਆ ਦਾ 'ਦਲ ਖਾਲਸਾ' ਬਣਾਈਏ। ਤੇ ਇਤਿਹਾਸ ਦੁਹਰਾਈਏ।

ਤੇਜਾ
9478440512

Read more...

Friday, May 7, 2010

ਫਾਕੇ ਕੱਟੇ, ਛਿੱਤਰ ਖਾਧੇ : ਅਜ਼ਾਦੀ ਦੀ ਵਰੇਗੰਢ ਮਨਾਈ

ਚਰਨਜੀਤ ਸਿੰਘ ਤੇਜਾ


ਦਰਿਆਉਂ ਪਾਰ ਬਾਰਡਰ ਦੇ ਨੇੜੇ

ਚੌਥੀ ਦੁਨੀਆਂ ‘ਚ ਵੱਸਦੇ ਜਿਹੜੇ

ਸਿਆਸੀ ਟੋਲੇ, ਵੰਡੀਆਂ ਪਾਈਆਂ

ਅੱਧੇ ਤੇਰੇ ਤੇ ਅੱਧੇ ਮੇਰੇ


ਭਾਗਾਂ ਵਾਲਾ ਦਿਨ ਇਕ ਚੜ੍ਹਿਆ

ਗੁਰਦਵਾਰੇ ਦਾ ਧੂਤਾ ਫ਼ੜਿਆ

ਓਪਰਾ ਬੰਦਾ, ਕਰੇ ਲਉਸਮੈਂਟ

ਘੜੂਕਾ ਅਸਾਂ ਕਿਰਾਏ ‘ਤੇ ਕਰਿਆ


ਦੂਜੀ ਧਿਰ ਨੇ ਵੀ ਕੋਠੇ ਗਾਹ ਲਏ

ਬੰਦਿਆਂ ਦੇ ਦੋ ਧੜੇ ਬਣਾ ਲਏ

ਕਿਸ਼ਨਾ, ਬਿਸ਼ਨਾ ਪੱਕੇ ਬੇਲੀ

ਝੰਡੇ ਦੋਵਾਂ ਅੱਡ ਅੱਡ ਲਾ ਲਏ


ਦਰਿਆਉਂ ਪਾਰ ਦੀ ਦੁਨੀਆਂ ਦੇ ਨਜ਼ਾਰੇ

ਜੁਆਈਆਂ ਭਾਈਆਂ ਵਾਂਗ ਗਏ ਸਤਿਕਾਰੇ

ਔਰਬਿਟ, ਸਿੰਡੀਕੇਟ, ਪਿਆਰ ਤੇ ਜੀਮੀਦਾਰਾ

ਆਪੋ ਅਪਣੀਆਂ ਬੱਸਾਂ ’ਤੇ ਚਾੜੇ


ਟੈਮ ਨਾਲ ਹੀ ਸ਼ਹਿਰ ਜਾ ਵੜਗੇ

ਛੇਤੀ ਨੱਕੋ ਨੱਕੀ ਭਰਗੇ

ਡੰਡੇ ਝੰਡੇ, ਸ਼ੋਰ ਸ਼ਰਾਬਾ

ਤਿੰਨ-ਰੰਗੇ ਪੰਡਾਲ ‘ਚ ਖੜਗੇ


ਨੀਲੀ ਵਾਲਿਆਂ ਤਕਰੀਰਾਂ ਕਰੀਆਂ

ਅਸੀ ਦੇਸ਼ ਲਈ ਜੇਲ੍ਹਾਂ ਭਰੀਆਂ

ਗਾਂਧੀ ਟੋਪੀ, ਚਿੱਟੀ ਪਗੜੀ


ਇਨ੍ਹਾਂ ਤਾਂ ਸਦਾ ਗਦਾਰੀਆਂ ਕਰੀਆਂ


ਚਿੱਟੀ ਵਾਲਿਆਂ ਵੀ ਮੌਕਾ ਤਾੜਿਆ

ਤੀਰ ਸਿੱਧਾ ਛਾਤੀ ‘ਚ ਮਾਰਿਆ

ਫਿਰਕੂ ਸਿਆਸਤ, ਫਿਰਕੂ ਦੰਗੇ


ਅਖੇ, ਦੇਸ਼ ਨੂੰ ਭਗਵਾਂ ਰੰਗ ਚਾੜ੍ਹਿਆ


ਸ਼ਾਮਾਂ ਪਈਆਂ ਦਾਰੂ ਨਾਲ ਡੱਕੇ

ਕੁੱਤ-ਬਿਆਨੀਆਂ’ ਸੁਣ ਸੁਣ ਅੱਕੇ

ਕਿਸ਼ਨਾ-ਬਿਸ਼ਨਾ ਪੱਤਣ ਤੇ ਆਏ

ਹੱਥ ਦੀਆਂ ਲੀਕਾਂ ਵੇਖ ਵੇਖ ਥੱਕੇ


ਹੱਟੀਆਂ ਤੋਂ ਲੋਕਾਂ ਸ਼ੋਅਰੂਮ ਬਣਾ ਲਏ

ਸੁਤੰਤਰ, ਗਣਤੰਤਰ ਕਈ ਦਿਹੜੇ ਮਨਾ ਲਏ

ਝੰਡੇ ਲਹਿਰਾਏ, ਵਾਜੇ ਵਜਾਏ

ਅਸੀਂ ਤਾਂ ਐਵੇਂ ਝੁਗੇ ਚੌੜ ਕਰਾ ਲਏ


ਸੋਚਾਂ ਨੇ ਐਸੀ ਚੁੱਭੀ ਮਾਰੀ

ਕਿਸ਼ਨੇ ਉਚੀ ਧਾਹ ਸੀ ਮਾਰੀ

ਕਿਥੇ ਸੀ ਉਦਣ ਅਮਲੇ ਫੈਲੇ
ਨਾ ਹੀ ਲੱਭੀ ਸਾਨੂੰ ਲਾਰੀ


ਕੱਢ ਕੇ ਕਣਕ ਸੀ ਮੰਡੀ ਜਾਣਾ

ਉਸ ਦਿਨ ਸੀ ਵਰਤਿਆ ਭਾਣਾ

ਟਰਾਲੀ ਪਲਟੀ ਜਗ ਉਲਟਾ ਹੋਇਆ


ਪਿਉਆਂ ਦੇ ਹੁੰਦਿਆਂ ਪੁੱਤਾਂ ਦਾ ਜਾਣਾ


ਬਿਸ਼ਨਾ ਅੰਦਰੇ ਅੰਦਰ ਰੋਇਆ

ਪਿਛਲੇ ਸਾਲ ਜੁਆਈ ਮੋਇਆ

ਕੁੜੀ ਦਾ ਰੰਡ, ਵੇਖਿਆ ਨਾ ਜਾਵੇ


ਖੂਹੀ ਦੀਆਂ ਢਿੱਗਾਂ ‘ਚ ਢਿੱਗ ਹੋਇਆ


ਸਾਡੀ ਮੌਤੇ ਰੱਬ ਕਿਉਂ ਨਹੀਂ ਮਰਦਾ


ਅਪਣੀ ਗੱਲ ਕੋਈ ਕਿਉਂ ਨਹੀਂ ਕਰਦਾ

ਹਵਾਈ ਅੱਡੇ ਤੇ ਮੈਟਰੋ ਟਰੇਨਾਂ


ਸਾਡੀਆਂ ਪੁਲੀਆਂ ਤਾਂ ਪੱਕੀਆਂ ਨਹੀਂ ਕਰਦਾ


ਫਿਰ ਚੁੱਪ ਨੂੰ ਕਿਸੇ ਠੁੱਡਾ ਮਾਰਿਆ

ਸਿਪਾਹੀ ਨੇ ਆ ਰੋਅਬ ਝਾੜਿਆ

ਪੀ ਕੇ ਸਾਲੇ ਖਰਮਸਤੀਆਂ ਕਰਦੇ

ਵੱਡੇ ਸਹਾਬ ਕੋਲ ਥਾਣੇ ਵਾੜਿਆ


ਤੀਜੇ ਦਿਨ ਪਿੰਡੋਂ ਪਰੇ ਜਦ ਆਈ

ਥਾਣਿਉਂ ਮਸੀਂ ਖਲਾਸੀ ਕਰਵਾਈ

ਫਾਕੇ ਕੱਟੇ, ਛਿੱਤਰ ਖਾਧੇ

ਆਜ਼ਾਦੀ ਦੀ ਵਰੇਗੰਢ ਮਨਾਈ

Read more...

Tuesday, May 4, 2010

ਫ਼ਤਿਹਨਾਮਾ

ਜਾਗ੍ਰਤੀ ਯਾਤਰਾ ਤੋਂ ਪਿਛੋਂ ਜਾਗਰੂਕ ਹੋਏ ਸਿੱਖ ਹੁਣ ਫ਼ਤਿਹ ਦਿਵਸ ਮਨਾਉਂਦਿਆਂ ਫ਼ਤਿਹ ਮਾਰਚ ਕੱਢਣ ਲਈ ਪੱਬਾਂ ਭਾਰ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹ ਫ਼ਤਿਹ ਹੈ ਜੋ ਆਖਰੀ ਵਾਰ 200 ਸਾਲ ਪਹਿਲਾਂ ਨਸੀਬ ਹੋਈ ਸੀ। ਮਹਾਰਾਜ ਹੀ ਜਾਣੇ ਕਿ ਅਸੀਂ ਕਿਹੜੀ ਫ਼ਤਿਹ ਦੀਆਂ ਖ਼ੁਸ਼ੀਆ ਮਨਾ ਰਹੇ ਹਾਂ। ਮੇਰੀ ਸਮਝ ਤੇ ਜਾਣਕਾਰੀ ਮੂਜਬ ਸਾਡੀ ਜਿਹੜੀ ਮਿੱਟੀ ਪਲੀਤ ਪਿਛਲੇ 60-65 ਸਾਲ ਤੋਂ ਹੋ ਰਹੀ ਹੈ, ਉਸ ਨੂੰ ਵੇਖਦੇ ਹੋਏ ਇਨ੍ਹਾਂ ਹਾਲਾਤਾਂ ਵਿਚ ਮਹਾਰਾਜ ਦੀ ਪਾਲਕੀ ਸਾਹਮਣੇ ਵਾਜੇ ਵਜਾ ਕੇ, ਕੱਛਾਂ ਵਜਾਉਣਾ ਸਾਨੂੰ ਸਿਰੇ ਦੇ ਘੁੱਗੂ ਸਿੱਧ ਕਰਦਾ ਹੈ।
                                ਆਉ ਇਕ ਪੰਥਕ ਅਖਵਾਉਂਦੇ ਸਿੱਖ ਵਾਂਗ ਸੋਚੀਏ ਤੇ ਫ਼ਤਿਹ ਦੇ ਅਰਥਾਂ ਨੂੰ ਸਮਝੀਏ। ਇਹ ਫ਼ਤਿਹ ਹੀ ਹੈ ਕਿ ਇਨ੍ਹਾਂ ਮਾਰਚਾਂ, ਜਲੂਸਾਂ ਤੇ ਨਗਰ ਕੀਰਤਨਾਂ ਰਾਹੀਂ ਸਾਡੀਆਂ ਜੇਬਾਂ ‘ਚੋਂ ‘ਨਾਗਣੀ’ ਰੂਪੀ ਮਾਇਆ ਸਾਡੇ ਧਾਰਮਕ ਕਮ ਸਿਆਸੀ ਆਗੂਆਂ ਦੇ ਖੀਸਿਆਂ ’ਚ ਜਾ ਕੇ ਅੰਮ੍ਰਿਤ ਹੋ ਰਹੀ ਹੈ। ਇਹ ਸਾਡੇ ਲਈ ਫ਼ਤਿਹ ਵਰਗੀ ਹੀ ਪ੍ਰਾਪਤੀ ਹੈ ਕਿ ਅਸੀਂ ਮਾਇਆ ਦੇ ਜਾਲ ਤੋਂ ਸੁਰਖਰੂ ਹੋ ਰਹੇ ਹਾਂ। ਸਾਡੇ ਸ਼ਹਿਰੀ ਸਿੱਖਾਂ ਲਈ ਇਹ ਮਾਰਚ, ਜਲੂਸ ਤੇ ਨਗਰ ਕੀਰਤਨ ਅਪਣੀ ਮਿੱਤਰ ਕੁੜੀ ਤੇ ਮਿੱਤਰ ਮੁੰਡਾ ਚੁਣਨ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਂਦੇ ਹਨ। ਅਸੀਂ ਦੇਸੀ ਘਿਉ ਦੇ, ਫ਼ਾਸਟ ਫ਼ੂਡ ਦੇ ਲੰਗਰਾਂ ਨੂੰ ਵੀ ਅਪਣੀ ਜਿੱਤ ਸਮਝਦੇ ਹਾ , ਫਿਰ ਕੀ ਹੋਇਆ ਜੇ ਸਾਡੇ ‘ਚੋਂ ਬਹੁਤੇ ਚਾਹ ਤੇ ਅਚਾਰ ਦੇ ਆਸਰੇ ਜ਼ਿੰਦਗੀ ਦਾ ਘੋਲ ਘੁਲਦਿਆਂ ਅੰਤ ਫਾਹਾ ਲੈ ਲੈਂਦੇ ਹਨ। ਹਰਾਮ ਦੀ ਕਮਾਈ ਨਾਲ ਲਾਏ ਲੰਗਰਾਂ ਨਾਲ ਉਸ ਨਾਨਕ ਦੀਆਂ ਵੀ ਖ਼ੁਸ਼ੀਆਂ ਲੈ ਰਹੇ ਹਾਂ ਜਿਸ ਨੇ ਭਾਗੋ ਤੇ ਲਾਲੋ ਦੀ ਦੁੱਧ ਤੇ ਖੂਨ ਵਾਲੀ ਬਹੁ ਚਰਚਿਤ ‘ਕਹਾਣੀ ਘੜੀ’ ਸੀ। ਭਾਵੇਂ ਕਿ 25 ਸਾਲ ਪਹਿਲਾਂ ਸਾਡੇ ’ਚੋਂ ਕਰੀਬ 7 ਹਜ਼ਾਰ ਬੰਦਾ ਦਿੱਲੀ ਤੇ 2 ਲੱਖ ਬੰਦਾ ਪੰਜਾਬ ‘ਚ ਮਾਰ ਦਿਤਾ ਗਿਆ ਸੀ ਪਰ ਇਹ ਵੀ ਸੁਣਨ ‘ਚ ਜਿੱਤ ਵਰਗਾ ਹੀ ਹੈ ਕਿ ਸਵਾ ਦੋ ਲੱਖ ਲਾਸ਼ਾਂ ‘ਤੇ ਸਿਆਸਤ ਕਰਦਿਆਂ ਸਾਡੇ ਕਈ ਭਰਾ ਵਜ਼ੀਰੀਆਂ ਅਤੇ ਅਹੁਦਿਆਂ ਦਾ ਸੁਖ ਮਾਣ ਰਹੇ ਹਨ। ਅਸੀ ਫ਼ਤਿਹ ਦਿਵਸ ਨੂੰ ਪੂਰੇ ਜੋਸ਼ ਨਾਲ ਮਨਾਉਣ ਦਾ ਪ੍ਰਣ ਕਰਦੇ ਹਾਂ ਕਿਉਂਕਿ ਮਾਹਰਾਜ ਦੀ ਕ੍ਰਿਪਾ ਨਾਲ ਅੱਜ ਸਾਡਾ ਪੰਥਕ ਆਗੂ, ਆਗੂ ਦਾ ਪੁੱਤ, ਨੂੰਹ, ਘਰ ਵਾਲੀ, ਭਤੀਜਾ, ਪੁੱਤ ਦਾ ਸਾਲਾ, ਜਵਾਈ, ਆਂਢ ਗੁਆਢ ਅਤੇ ਅੰਗਲੀ-ਸੰਗਲੀ ਕੁਰਸੀ ਦਾ ਅਨੰਦ ਲੈ ਰਹੇ ਹਨ। ਅਸੀਂ ਗੁਰੂ ਮਹਾਰਾਜ ਦਾ ਇਸ ਇਲਾਹੀ ਜਿੱਤ ਲਈ ਕੋਟਿਨ-ਕੋਟ ਧਨਵਾਦ ਕਰਦੇ ਹਾਂ।
ਇਸ ਫ਼ਤਿਹ ਦਿਵਸ ਬਾਰੇ ਸੁਣ ਕੇ ਸਾਡੇ ਉਹ ਭਰਾ ਕਿੰਨੇ ਖੁਸ਼ ਹੋਣਗੇ ਜੋ ਪਿਛਲੇ 20-22 ਸਾਲਾਂ ਤੋਂ ਜੇਲ੍ਹਾਂ ‘ਚ ਬੰਦ ਹਨ। ਇਹ ਮਾਰਚ ਉਨ੍ਹਾਂ ਨੂੰ ਸ਼ਾਂਤੀ, ਏਕਤਾ, ਅਖੰਡਤਾ ਤੇ ਧਾਰਮਕ ਸਹਿਣਸ਼ੀਲਤਾ ਦਾ ਸਬਕ ਦੇਂਦੇ ਹਨ ਤੇ ਦੱਸਦੇ ਹਨ ਕਿ ਸਮੱਸਿਆਵਾਂ ਦਾ ਹੱਲ ਧਰਮ ਯੁੱਧ ਮੋਰਚੇ, ਜ਼ਮੀਰ ਜਗਾਊ ਭਾਸ਼ਣ, ਜੇਲ੍ਹਾਂ, ਕੁਰਬਾਨੀਆਂ ਤੇ ਸ਼ਹੀਦੀਆਂ ਨਹੀਂ ਸਗੋਂ ਸਰਕਾਰੀ ਫੰਡ, ਏਜੰਸੀਆਂ ਦੀ ਵਫ਼ਾਦਾਰੀ, ਜ਼ਮੀਰਾਂ ਦਾ ਸੌਦਾ, ਸ਼ਾਂਤਮਈ ਕੀਰਤਨ ਸਮਾਗਮ, ਨਗਰ ਕੀਰਤਨਾਂ ਅਤੇ ਮਾਰਚਾਂ ਅੱਗੇ ਗਤਕਾ ਪ੍ਰਦਰਸ਼ਨ ਹੈ। ਅਸੀਂ ਅਜਿਹੇ ਮਾਰਚਾਂ ਅਤੇ ਦਿਹਾੜਿਆਂ ਰਾਹੀ ‘ਫ਼ਤਿਹ’ ਦੇ ਅਰਥਾਂ ਨੂੰ ਵਿਸ਼ਾਲਤਾ ਨਾਲ ਸਮਝ ਸਕਦੇ ਹਾਂ । ਹਜ਼ਾਰਾਂ ਸਾਲਾਂ ਤੋਂ ਸੋਨੇ ਦੇ ਆਂਡੇ ਦੇਣ ਵਾਲੀ ਪੰਜਾਬ ਦੀ ਜ਼ਮੀਨ ਨੂੰ ਅਸੀਂ ਹਰੀ ਕ੍ਰਾਂਤੀ ਦੀ ਛੁਰੀ ਫੇਰ ਕੇ ਸਾਰੇ ਆਂਡੇ ਕੱਢ ਲਏ। ਫਿਰ ਸਾਡੇ ਮੁੰਡੇ ਵਿਦੇਸ਼ਾਂ ‘ਚ ਘਸਿਆਰੇ ਬਣੇ, ਹੁਣ ਸਾਡੀਆਂ ਕੁੜੀਆਂ ਧੜਾ ਧੜ ਜਹਾਜ਼ੇ ਚੜ੍ਹ ਰਹੀਆ ਹਨ । ਇੰਗਲੈਂਡ ਤੋਂ ਜਿੱਤ ਦੇ ਕੁਝ ਜੈਕਾਰੇ ਸੁਣੇ ਸਨ । ਆਸਟ੍ਰੇਲੀਆਂ ‘ਚ ਵੀ ਸਾਡੇ ਮੁੰਡੇ ਕੁੜੀਆਂ ਫ਼ਤਿਹ ਦੇ ਝੰਡੇ ਗੱਡ ਰਹੇ ਹਨ। ਸਾਡੀਆਂ ਪੈਲੀਆਂ ‘ਚ ਤਾਂ ਹੁਣ ਹਾਰਾਂ ਹੀ ਹਾਰਾਂ ਹਨ। ਜਿੱਤਣ ਲਈ ਏਦਾਂ ਦੇ ਮਾਅਰਕੇ ਤਾਂ ਮਾਰਨੇ ਹੀ ਪੈਣਗੇ।
ਫ਼ਤਿਹ ਦੇ ਅਰਥ ਉਦੋਂ ਕਿੰਨੇ ਸੁਖਦਾਈ ਲੱਗਦੇ ਨੇ ਜਦੋਂ ਹੁਣ ਵਿਹੜਿਆਂ ਤੇ ਠੱਠੀਆਂ ‘ਚ ‘ਕੁਜਾਤਾਂ’ ਅਪਣੇ ਆਪ ਨੂੰ ਗੁਰੂ ਦੇ ਸਿੱਖ ਨਹੀਂ ਦੱਸਦੀਆਂ । ਕੋਈ ਪ੍ਰੇਮੀ ਹੋ ਗਿਆ, ਕੋਈ ਰਾਧਾਸੁਆਮੀ ਅਤੇ ਕੋਈ ਇਸਾਈ। ਉੱਚੀ ਸੁੱਚੀ ਸਿੱਖੀ ਤੋਂ ਇਹ ਧੱਬਾ ਮਿਟਾਉਣ ਲਈ ਡੇਰਿਆਂ ਦੀ ਵੀ ਅਹਿਮ ਭੂਮਿਕਾ ਹੈ ਪਰ ਇਨ੍ਹਾਂ ਕੁਜਾਤਾਂ ਨੂੰ ਡੇਰਿਆਂ ਦੇ ਰਾਹ ਪਾਉਣ ਦਾ ‘ਫ਼ਤਿਹਨਾਮਾ’ ਤਾਂ ਅਸੀਂ ਹੀ ਲਿਖਿਆ ਹੈ । ਉਂਜ ਵੀ ਇਹ ਕਾਲੇ ਪੀਲੇ ਲੋਕ ਫ਼ਤਿਹ ਮਾਰਚਾਂ ‘ਚ ਸਾਡੀਆਂ ਗੋਰੀਆ ਨਿਸ਼ੋਹ ਜਨਾਨੀਆਂ ਨੂੰ ਮੋਢੇ ਮਾਰਦੇ ਚੰਗੇ ਨਹੀਂ ਸੀ ਲਗਦੇ। ਇਹ ਵੀ ਕਿਸੇ ਜਿੱਤ ਦੇ ਐਲਾਨਨਾਮੇ ਵਾਂਗ ਹੈ ਕਿ ਇਹ ਫ਼ਤਿਹ ਦਿਹਾੜੇ ਸਿਰਫ਼ ਭਾਰਤ ਤੇ ਪੰਜਾਬ ਦੀਆਂ ਸੜਕਾਂ ‘ਤੇ ਹੀ ਨਹੀਂ ਸਗੋਂ ਅਮਰੀਕਾ, ਕਨੇਡਾ , ਇੰਗਲੈਂਡ ਦੇ ਵੱਡੇ ਸ਼ਹਿਰਾਂ ਦੀਆ ਸੜਕਾਂ ‘ਤੇ ਮਨਾਵਾਂਗੇ ਤੇ ਲੋਕਾਂ ਨੂੰ ਫ਼ਤਿਹ ਦੇ ਅਰਥ ਸਮਝਾਵਾਂਗੇ।
ਸਾਡੇ ਲਈ ਫ਼ਤਿਹ ਨਾਮੋਸ਼ੀ, ਅਕ੍ਰਿਤਘਣਤਾ, ਬੇਗੈਰਤੀ, ਬੇਜ਼ਮੀਰੀ, ਲਾਹਨਤ ਤੇ ਨੀਚਤਾ ਦੀ ਸਮਾਨ ਅਰਥੀ ਹੈ। ਕੀ ਕੋਈ ਸ਼ਰੀਕ ਹੋਣਾ ਚਾਹਵੇਗਾ।

Read more...

Sunday, April 11, 2010

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਗਈ ਮੁਕ ਕਣਕਾਂ ਦੀ ਰਾਖੀ

ਓ ਜੱਟਾ ਆਈ ਵਿਸਾਖੀ ....


ਖਾਦਾਂ ਡੀਜ਼ਲ ਬੀਅ ਸਪਰੇਆਂ

ਕੀ ਤੋਂ ਹੋ ਗਏ ਕੀ

ਸਭ ਕੁਝ ਵਧਿਆ

ਬੱਸ ਇਕ ਖੜਿਆ

ਜੱਟਾ ਐਮ.ਐਸ.ਪੀ

ਧਰਨੇ ਰੋਸ ਸਿਆਪੇ ਕੀਤੇ

ਦਿੱਲੀ ਤੱਕ ਕੀਤੀਆ ਮਾਰਾਂ

ਸੱਠੀ ਸਾਲੀ ਵੀ ਨਾ ਹੋਈ ਸੁਣਵਾਈ

ਕਈ ਬਦਲੀਆਂ ਸਰਕਾਰਾਂ

ਕਦੇ ਆੜਤੀਏ ਦੱਲੇ ਭੜੂਏ

ਕਦੇ ਚੜ੍ਹ ਆਈ ਖਾਕੀ

ਓ ਜੱਟਾ ਆਈ ਵਿਸਾਖੀ ….



ਔਖੇ ਸੌਖੇ ਹੋ ਮੁੰਡਾ ਪੜਾਇਆ

ਮੁੰਡਾ ਕਰ ਗਿਆ ਬੀ.ਏ.

ਕਈ ਸਾਲ ਨੌਕਰੀ ਪਿੱਛੇ ਭੱਜਿਆ

ਹੁਣ ਘਰ ਦੀ ਕੱਢ ਕੇ ਪੀਵੇ

ਕੁੜੀ ਵਿਆਹੀ, ਜ਼ਮੀਂ ਗਹਿਣੇ ਹੋ ਗਈ

ਬਾਕੀ ਪੁੱਤ ਨੇ ਬੈਅ ਕਰਤੀ

ਇਕ ਵਾਰ ਬੱਸ ਚਾੜ੍ਹ ਦੇ ਜਹਾਜੇ

ਏਜੰਟ ਦੇ ਹੱਥ 'ਤੇ ਧਰ ਤੀ

ਬਾਪੂ ਬੇਬੇ ਨਾਲ ਕਰੇ ਸਲਾਹਾਂ

ਕੀ ਉੁਮਰਾਂ ਵਿਚ ਖੱਟਿਆ

ਏਹੀਓ ਝੋਰਾ ਦਿਲ 'ਤੇ ਲਾਇਆ

ਬੱਸ ਜਾਨ ਹੀ ਲੈ ਕੇ ਹੱਟਿਆ

ਮੈਦਾਨ 'ਚ ਜ਼ਿੰਦਗੀ ਗੁੱਟ ਛੁਡਾ ਗਈ

ਦਾਅ ਹਾਰ ਗਿਆ ਜਾਫ਼ੀ

ਓ ਜੱਟਾ ਆਈ ਵਿਸਾਖੀ....


ਕਈ ਸਾਲ ਸਾਨੂੰ ਬਾਬੇ ਲੁੱਟਿਆ

ਹੁਣ ਆ ਗਿਆ ਕਾਕਾ

ਲੋਕ ਗੰ੍ਰਥੀਆਂ ਨੂੰ ਮੱਥੇ ਟੇਕਣ

ਓਹ ਗੰ੍ਰਥੀਆਂ ਦਾ ਵੀ ਆਕਾ

ਅੰਮ੍ਰਿਤਸਰ 'ਚ ਬੀਬੀ ਲਾਤੇ ਲੰਗਰ

ਬਠਿੰਡੇ ਨੰਨ੍ਹੀਆਂ ਛਾਂਵਾਂ

ਬਾਦਲ ਬੈਠਾ ਮੈਚ ਪਿਆ ਵੇਖੇ

ਕਿਨੂੰ ਹਾਲ-ਏ-ਪੰਜਾਬ ਸੁਣਾਵਾਂ

ਬਾਦਲ-ਗਾਂਧੀ ਛੋਹ ਕੇ ਬੈਠੇ

ਟੱਬਰਵਾਦ ਦੀ ਸਾਖੀ

ਓ ਜੱਟਾ ਆਈ ਵਿਸਾਖੀ....


ਦਰਿਆ 'ਚ ਖੁੱਲੀ ਪੰਡ ਤੂੜੀ ਦੀ

ਕੰਨੀਆਂ ਨਾ ਫੜ੍ਹੀਆਂ ਵੀਰਾਂ

ਲੋੜ ਪਈ 'ਤੇ ਵਾ ਨਾ ਵਿੰਨੀ

ਟੁੱਟੇ ਮਿਰਜੇ ਦਿਆਂ ਤੀਰਾਂ

ਸਰਮਾਏਦਾਰਾਂ ਤੇ ਵੱਡਿਆਂ ਰਾਠਾਂ

ਕਦੇ ਕੱਠੇ ਬੈਹਿਣ ਨਾ ਦਿੱਤਾ

ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ

ਹਾਊਮੈ ਨੂੰ ਵੱਡਾ ਕੀਤਾ

ਬਾਬੇ ਜੈਤੇ ਤੇ ਜੀਵਨ ਸਿਓਂ ਬਿਨ

ਕਿਹੜੀ ਜੰਗ ਅਸਾਂ ਜਿੱਤੀ ?

ਫੇਰ ਭਰਾਵੋ ਜੰਗ ਹਾਰਨ ਲਈ

ਵਿਚਾਲੇ ਲੀਕ ਕਿਉਂ ਖਿੱਚੀ

ਕਿਉਂ ਸੁੱਟ ਗਿਆ ਹੱਥਿਆਰ ‘ਤੇਜਿਆ’


ਚੱਲ ਫਿਰ ਫੜੀਏ ਦਾਤੀ


ਓ ਜੱਟਾ ਆਈ ਵਿਸਾਖੀ....






............................ਤੇਜਾ


Read more...

Sunday, March 28, 2010

ਕਿਹੜਾ ਭਗਤ ਸਿੰਘ ਤੇ ਕਿਹੜੀ ਆਜ਼ਾਦੀ ?

ਚਰਨਜੀਤ ਸਿੰਘ ਤੇਜਾ
ਜੇ ਅੱਜ ਕੱਲ ਕੋਈ ਕਿਸੇ ਭਗਤ ਸਿੰਘ ਬਾਰੇ ਗੱਲ ਕਰਦਾ ਹੋਵੇ ਤਾਂ ਪੁਛਣਾਂ ਪੈਂਦਾ ਹੈ ਕਿ ਕਿਹੜੇ ਭਗਤ ਸਿੰਘ ਦੀ ਗੱਲ ਕਰਦੈ ਭਾਈ , ਸੰਧੂ ਜੱਟਾਂ ਦੇ ਉਸ ਮੁੰਡੇ ਦੀ ਜਿਹੜਾ ਡੱਬ 'ਚ ਬੰਦੂਕ ਦਾ ਬੱਚਾ ਰੱਖਦਾ ਸੀ, ਮੁੱਛ ਕੁੰਡੀ ਅੱਖ ਲਾਲ ਤੇ ਖੰਗਣ ਵਾਲਿਆਂ ਨੂੰ ਟੰਗ ਦੇਂਦਾ ਸੀ। ਜਾਂ ਉਸ ਭਗਤ ਸਿੰਘ ਦੀ ਗੱਲ ਕਰਦਾ ਹੈ ਜਿਹੜਾ ਵੀਰ ਸਵਾਰਕਾਰ ਤੋਂ ਗੂਰੂ ਦਖਣਾ ਲੈ ਕੇ ਹਿਦੂਸਤਾਨੀ ਜ਼ਮੀਨ ਨੂੰ ਗੋਰੇ ਰਾਖਸ਼ਾਂ ਕੋਲੋਂ ਅਜ਼ਾਦ ਕਰਵਾਉਣ ਲਈ ਗੀਤਾ ਦਾ ਪਾਠ ਪੜਦਾ ਤੇ ‘ਅਖੰਡ ਭਾਰਤ’ ਤੇ ‘ਭਾਰਤੀ ਸਵਾਭੀਮਾਨ’ ਤਹਿਤ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ‘ਵੀਰਗਤੀ’ ਪ੍ਰਪਤ ਕਰ ਗਿਆ ਸੀ। ਜਿਸ ਦੇ ਜੇਲ੍ਹ ਕਮਰੇ 'ਚ ਭਾਰਤ ਮਾਤਾ ਦੀ ਤਸਵੀਰ ਬਣੀ ਹੋਈ ਸੀ ਤੇ ਸ਼ਹੀਦੀ ਤੋਂ ਪਹਿਲਾ ਉਹ ਗੀਤਾ ਦਾ ਅਧਿਐਨ ਕਰਨਾ ਚਾਹੁੰਦਾ ਸੀ। ਹੋ ਸਕਦੈ ਗੱਲ ਕਰਨ ਵਾਲਾ ਉਸ ਭਗਤ ਸਿੰਘ ਦੀ ਗੱਲ ਕਰ ਰਿਹਾ ਹੋਵੇ ਜੋ ਰੱਬ ਨੂੰ ਟੱਬ ਦਸਦਾ ਸੀ ਮਤਲਬ ਨਾਸਤਕ ਸੀ, 23 ਸਾਲ ਦੀ ਉਮਰ 'ਚ ਗਹਿਰ ਗੰਭੀਰ ਚਿੰਤਨਸ਼ੀਲ, ਮਾਰਕਸ, ਲੈਨਿਨ 'ਤੇ ਆਲਮੀ ਵਿਦਵਾਨਾਂ ਦਾ ਜਾਣਕਾਰ ਦੂਰ ਅੰਦੇਸ਼ੀ ਤੇ ਹਿੰਸਾ ਮਾਰਕੁਟ ਤੋਂ ਕੋਹਾਂ ਦੂਰ। ਸ਼ਹੀਦ ਹੋਣ ਤੋਂ ਪਹਿਲਾ ਲੈਨਨ ਦੀ ਕਿਤਾਬ ਦਾ ਇਕ ਚੈਪਟਰ ਮੁਕਾਉਣ ਲਈ ਕਾਹਲਾ ਸੀ। ਇਹ ਵੀਂ ਹੋ ਸਕਦੈ ਕਿ ਅਗਲਾ ਆਰੀਆ ਸਮਾਜੀ ਸ੍ਰੀ ਵਿਵੇਕਾਨੰਦ ਦਾ ਅਨਨ ਸ਼ਰਧਾਲੂ ਆਪਣੇ ਪਿਉਂ ਤੇ ਚਾਚੇ ਤੋਂ ਸਿਖਿਆ ਲੈ ਕੇ ਧਰਮ ਦੇ ਗੌਰਵ ਲਈ ਬਲੀਦਾਨ ਦੇਣ ਵਾਲੇ ਭਗਤ ਸਿੰਘ ਬਾਰੇ ਗੱਲ ਕਰ ਰਿਹਾ ਹੋਵੇ। ਜੇ ਨਹੀ ਤਾਂ ਗੱਲ ਕਰਨ ਵਾਲਾ ਉਸ ਭਗਤ ਸਿੰਘ ਬਾਰੇ ਵੀ ਕਹਿ ਰਿਹਾ ਹੋ ਸਕਦੈ ਜੋ ਸਿੱਖਾਂ ਦਾ ਸਾਬਤ ਸੂਰਤ ਮੁੰਡਾ ਸੀ, ਉਝ ਆਰੀਆ ਸਮਾਜੀਆਂ ਤੇ ਲਾਲਿਆਂ ਦੀ ਪ੍ਰੈਸ ‘ਚ ਫ਼ੋਟੋ ਲਵਾਉਣ ਲਈ ਸਿਰ ਮੁੰਨ ਬੈਠਾ, ਸਿਰੜ ਦਾ ਪੱਕਾ ਸੀ ਜ਼ਿਲਿਆ ਵਾਲੇ ਬਾਗ ਦਾ ਬਦਲਾ ਲੈਣ ਲਈ ਅਸਂੈਬਲੀ 'ਚ ਧਮਾਕਾ ਕੀਤਾ। ਇਕ ਦੋ ਗੋਰੇ ਹੋਰ ਵੀ ਠੋਕੇ ਮੇਮਾਂ ਰੰਡੀਆਂ ਕੀਤੀਆਂ।ਅੰਤਿਮ ਵੇਲੇ ਬਾਣੀ ਪੜਦਾ ਸ਼ਹੀਦ ਹੋ ਗਿਆ।
ਮੈਂ ਆਪਣੇ ਲੋਕਾਂ ਦੀ ਇਸ ਤਰ੍ਹਾਂ ਦੀ ਇਤਿਹਾਸਕ ਪੇਸ਼ਕਾਰੀ ਵੇਖ ਕੇ ਅੰਗਰੇਜ਼ਾਂ ਬਾਰੇ ਸੋਚਦਾ, ਕਿ ਉਹ ਲੱਖ ਮਾੜੇ ਹੋਣ, ਸਾਡੇ ਜਿਨੇ ਨਹੀਂ
ਜਿਨ੍ਹਾਂ 6ਵੀਂ ਸਦੀ ਦੇ ਡਾਕੂ ਕਹੇ ਜਾਂਦੇ ਰਾਬਨ ਹੁੱਡ ਦਾ ਇਤਿਹਾਸ ਵਧੀਆ ਸਾਂਭ ਕੇ ਰਖਿਆ । ਕੋਈ ਰਲਾ ਨਹੀਂ, ਹੁਣੇ ਹੋਈ ਇਕ ਖੋਜ ਨੇ ਦਸਿਆ ਕਿ ਉਹ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ 'ਚ ਵੰਡਦਾ ਸੀ ਪਰ ਕਿਸੇ ਨੇ ਦਾਅਵਾ ਨਹੀਂ ਕੀਤਾ ਕਿ ਉਹ ਇਹ ਇਸ ਲਈ ਕਰਦਾ ਸੀ ਕਿ ਉਹ ਫ਼ਲਾਣੀ ਜਾਤ, ਗੋਤ, ਧਰਮ, ਨਾਲ ਸਬੰਧ ਰਖਦਾ ਸੀ ਤਾਂ ਉਹ ਇਹ ਨੇਕ ਕੰਮ ਕਰਦਾ ਸੀ। ਆਪਣੇ ਇਥੇ ਰਾਬਨ ਹੁੱਡ ਜੰਮਿਆ ਹੁੰਦਾ ਤਾਂ ਅਪਣੇ ਪੰਡਿਤਾਂ ਨੇ ਕਹਿਣਾ ਸੀ ਬਈ ਉਹ ਆਦਿ ਕਾਲ 'ਚ ਫ਼ਲਾਣੇ ਭਗਵਾਨ ਦਾ ਅਵਤਾਰ ਸੀ। ਕਾਮਰੇਡਾਂ ਨੇ ਆਖਣਾਂ ਸੀ ਉਸ ਤੇ ਲੈਨਿਨ ਦਾ ਪ੍ਰਭਾਵ ਸੀ ਸਿੱਖਾਂ ਨੇ ਕਹਿਣਾਂ ਸੀ ਬਾਬੇ ਨਾਨਕ ਨੂੰ ਫ਼ਲਾਣੀ ਉਦਾਸੀ 'ਚ ਮਿਲਿਆ ਸੀ। ਅਸੀ ਮਾਰਕਸੀ ਹੋਈਏ ਬਾਬੇ ਨਾਨਕ ਨੂੰ ਮੰਨਣ ਵਾਲੇ ਤੇ ਜਾਂ ਕੁਝ ਹੋਰ ਅਸੀ ਘੇਰੇ ਤੋਂ ਅੱਗੇ ਨਹੀਂ ਜਾ ਸਕਦੇ । ਵਿਚਾਰੇ ਭਗਤ ਸਿੰਘ ਨਾਲ ਇਹੀ ਹੋ ਗਿਆ।

ਉਤੋਂ ਰਹਿੰਦੀ ਖੂੰਹਦੀ ਕਸਰ ਫ਼ੋਟੋ ਬਣਾਉਣ ਵਾਲੇ ਕੱਢ ਦਿੰਦੇ ਹਨ। ਐਤਕੀ ਸਿੰਘਾਂ ਨੇ ਉਸ ਦੇ ਸਿਰ 'ਤੇ ਕਾਲੀ ਪੱਗ ਬੰਨ ਦਿਤੀ, ਆਰਐਸਐਸ ਨੇ ਟੋਪੀ ਪਵਾਈ ਹੋਈ ਏ, ਕਾਮਰੇਡ ਆਖਦੇ ਨੇ ਉਹ ਤਾਂ ਇਕ ਸੋਚ ਸੀ ਪੱਗ ਟੋਪੀ ਤੋਂ ਪਰੇ ਦੀ ਗੱਲ ਹੈ, ਇਕ ਹਿੰਦੀ ਅਖਬਾਰ ਵਾਲਿਆ ਨੇ ਜਨਮ ਦਿਨ 'ਤੇ ਉਸ ਦੀ ਫ਼ੋਟੋ ਛਾਪੀ ਜਿਸ 'ਚ ਉਹ ਲਾਲਿਆ ਦਾ ਮੁੰਡਾ ਲੱਗ ਰਿਹਾ ਸੀ ਜਮਾਂ ਈ ਗੋਲ ਮੋਲ ਜਿਹਾ ।
ਦਰਅਸਲ ਇਹ ਸਾਰੇ ਲੋਕ ਆਪੋ ਅਪਣੀ ਦੁਕਾਨਦਾਰੀ ਮਗਾਈ ਰੱਖਣਾ ਚਹੁੰਦੇ ਹਨ। ਭਗਤ ਸਿੰਘ ਦਾ ਨਾਂ ਵਿਕਦਾ ਹੈ ਹਰ ਕੋਈ ਵੱਖ ਵੱਖ ਤਰ੍ਹਾਂ ਦੀ ਪੈਕਿੰਗ ਕਰਦਾ ਹੈ। ਇਸ ਮੁਕਾਬਲੇਬਾਜ਼ੀ ਦਾ ਫ਼ਇਦਾ ਅਖੀਰ ਮੰਡੀ ਨੂੰ ਹੋ ਰਿਹਾ ਹੈ। ਇਨ੍ਹਾਂ ਸਰੇ ਹੱਟੀਆਂ ਵਾਲਿਆਂ 'ਚੋਂ ਸਿੱਖਾਂ ਦੀ ਹੱਟੀ ਸਭ ਤੋਂ ਠੰਡੀ ਹੈ ਤੇ ਕਾਮਰੇਡਾਂ ਦੀ ਸਭ ਤੋਂ ਗਰਮ। ਸਿੱਖਾਂ ਨੇ ਕਦੇ ਕਿਸੇ ਮਰੇ ਮੂਰੇ ਦੀ ਕਦਰ ਕੀਤੀ ਨਹੀਂ ਇਨ੍ਹਾਂ ਦਾ ਜ਼ੋਰ ਅਖੰਡ ਪਾਠਾਂ ਤੇ ਹੈ ਕਿਸੇ ਚੋਰ-ਚੱਕੇ ਨੂੰ ਵੀ ਅਖੰਡ ਪਾਠ ਕਰ ਕੇ ਯਾਦ ਕਰਦੇ ਨੇ ਤੇ ਸ਼ਹੀਦ ਨੂੰ ਵੀ। ਸ਼ਹੀਦ ਏਨੇ ਨੇ ਕਿ ਨਿੱਤ ਹੀ ਸ਼ਹੀਦੀ ਦਿਹਾੜੇ ਮਨਾਏ ਜਾ ਸਕਦੇ । ਉਧਰ ਕਾਮਰੇਡਾਂ ਕੋਲ ਭਗਤ ਸਿੰਘ ਇਕਲੌਤਾ ਜੁਗਾੜ ਏ, ਆਪਣੀ ਹੱਟੀ ਮਗਾਉਣ ਲਈ। ਵੈਸੇ ਬਾਬਾ ਬੂਝਾ ਸਿੰਘ ਤੇ ਹੋਰ ਅਨੇਕਾਂ ਨਕਸਲੀ ਸ਼ਹੀਦ ਹਨ ਪਰ ਸਟੇਟ ਦੀ ਖੰਘ 'ਚ ਖੰਘਣ ਵਾਲੇ ਪੰਜਾਬ ਦੇ ਨਿਪੁੰਨਸਕ ਕਾਮਰੇਡਾਂ ਨੂੰ ਸਰਬ ਪ੍ਰਵਾਨਤ ਭਗਤ ਸਿੰਘ ਵਧੇਰੇ ਸੂਟ ਕਰਦਾ ਹੈ। ਜੇ ਇਹ ਗੱਲ ਨਹੀਂ ਤਾਂ ਲੋਕਾਂ ਨੂੰ ਸਟੇਜਾਂ ਤੇ ਦੱਸਣ ਬਈ  77 ‘ਚ ਪੰਜਾਬ ਦੀ ਬਾਦਲ ਸਰਕਾਰ ਨੇ ਹੱਕੀ ਮੰਗਾਂ ਲਈ ਲੜਦੇ ਲੋਕਾਂ ਨਾਲ ਕੀ ਕੀਤਾ ਸੀ
ਖੈਰ ਇਸ ਚਰਚਾ ਨੂੰ ਲਾਭੇ ਰੱਖ ਕੇ ਇਹ ਸੋਚਿਆ ਜਾਵੇ ਕਿ ਇਨ੍ਹਾਂ ਸਾਰੇ ਸੁਤੰਤਰਤਾ ਸੰਗਰਾਮੀਆਂ ਨੇ ਕਿਹੜਾ ਕੱਦੂ ‘ਚ ਤੀਰ ਮਾਰਿਆ ਸੀ। ਉਹ ਕਿਹੜੀ ਆਜ਼ਾਦੀ ਦੇ ਸ਼ਹੀਦ ਸਨ ਤੇ ਕਿਹੜੀ ਅਜ਼ਾਦੀ ਸਾਨੂੰ ਲੈ ਕੇ ਦਿਤੀ । 1947 ਤੋਂ ਲੈ ਕੇ ਅੱਜ ਤਕ ਜੋ ਸਾਡੀਆਂ 3 ਪੀੜੀਆਂ ਨੇ ਇਸ ਦੇਸ਼ ‘ਚ ਹੰਡਾਇਆ ਉਹ ਸਾਇਦ ਅੰਗਰੇਜ਼ਾਂ ਦੀ ਗੁਲਾਮੀ ‘ਚ ਕਦੇ ਨਾ ਵਾਪਰਦਾ । ਅੰਗਰੇਜ਼ਾਂ ਨੁੰ ਜਾਲਮ ਕਹਿਣ ਵਾਲੇ ਦੱਸਣਗੇ ਕਿ ਅੰਗਰੇਜ਼ਾਂ ਦੇ ਰਾਜ 'ਚ ਜ਼ਿਲਿਆ ਵਾਲਾ ਬਾਗ, ਬਜਬਜ ਘਾਟ ਤੇ ਕਾਮਗਾਟਾ ਮਾਰੂ ਵਰਗੀਆਂ ਸਾਰੀਆਂ ਘਟਵਾਨਾਂ 'ਚ ਕਿੰਨੇ ਲੋਕ ''ਬੇਗਾਨੇ'' ਅੰਗਰੇਜ਼ਾਂ ਨੇ ਮਾਰੇ ਤੇ ਅਜ਼ਾਦ ਭਾਰਤ 'ਚ ਸਾਡੇ ''ਆਪਣਿਆਂ'' ਨੇ ਪੰਜਾਬ , ਕਸਮੀਰ , ਦਿੱਲੀ,  ਗੁਜਰਾਤ ਤੇ ਬਸਤਰ ਦੇ ਜੰਗਲਾਂ 'ਚ ਕਿੰਨੇ ਲੋਕ ਸਰਕਾਰੀ ਬੁੰਦੂਕ ਨਾਲ ਮਾਰੇ । ਗੋਰੇ ਅੱਤ ਦੇ ਜਾਲਮ ਹੋਣਗੇ ਭਰ ਇਨ੍ਹਾਂ ਕਾਲਿਆਂ ਤੋਂ ਵੱਧ ਨਹੀਂ ।   ਜਿਸ ਆਜਾਦੀ ਦਾ ਸਿਹਰਾ ਕੋਈ ਗਾਂਧੀ ਕੋਈ ਭਗਤ ਸਿੰਘ ਤੇ ਕੋਈ ਬਾਲ,ਪਾਲ, ਲਾਲ ਸਿਰ ਬੰਨ ਰਹੇ ਹਨ, ਉਸ ਆਜ਼ਾਦੀ ਦੀ ਅਸਲੀਅਤ ਹੀ ਕੁਝ ਹੋਰ ਹੈ। ਪਹਿਲਾ ਸਵਾਲ ਹੈ ਕਿ ਉਹ ਕਿਹੜੀ ਅਜ਼ਾਦੀ ਸੀ  ਜਿਹੜੀ ਸਾਡੇ ਲੋਕਾਂ ਤੋਂ ਖੁਸ ਗਈ ਸੀ ਤੇ ਉਹ ਮੁੜ ਉਸ ਲਈ ਸੰਘਰਸ ਕਰ ਰਹੇ ਸਨ । ਰਜਾਵੜਿਆਂ ਤੇ ਜਗੀਰਦਾਰਾਂ ਦੇ ਰਹਿਮੋ ਕਰਮ ਤੇ ਪਲਣ ਵਾਲੇ ਲੋਕਾਂ  ਨੇ ਅਜ਼ਾਦੀ ਵੇਖੀ ਜਾਂ ਸੁਣੀ ਤਾਂ ਉਹ ਅੰਗਰੇਜ਼ਾਂ ਕੋਲੋਂ । ਅੰਗਰੇਜ਼ ਦੇ ਨਿਆਂ ਦੀਆਂ ਗੱਲਾਂ ਅੱਜ ਤੱਕ ਲੋਕ ਸੱਥਾਂ 'ਚ ਕਰਦੇ ਨੇ । ਲੋਕਾਈ ਨੁੰ ਰਾਜ ਕਰਨ ਵਾਲੇ ਸਦੀਆਂ ਤੋਂ ਲੁਟਦੇ ਆਏ ਨੇ ਤੇ ਉਹੀ ਕੰਮ ਅੰਗਰੇਜ਼ ਕਰ ਰਿਹਾ ਸੀ । ਆਮ ਲੋਕਾਂ ਨੁੰ ਤਾਂ ਨਹਿਰੀ ਪਾਣੀ , ਰੇਲ , ਸੜਕਾਂ, ਡਾਕ  ਵਰਗੀਆਂ ਸਹੂਲਤਾਂ ਮਿਲੀਆਂ (ਜੇ ਅੰਗਰੇਜ ਇਹ ਨਾ ਕਰਦਾ ਤਾਂ ਅੱਜ ਅਸੀਂ ਅਫਗਾਨਾਂ ਵਾਲੇ ਹਾਲ 'ਚ ਹੁੰਦੇ , ਮਾਲਵੇ ਨੁੰ ਲੋਕ ਜੰਗਲ ਕਹਿੰਦੇ ਸਨ , ਇਹ ਅੱਜ ਵੀ ਜੰਗਲ ਹੀ ਹੁੰਦਾ ਜੇ ਅੰਗਰੇਜ਼ ਨਹਿਰਾਂ ਨਾ ਕੱਢਦਾ । ਭਾਵੇਂ ਕਿ ਅੰਗਰੇਜ ਇਹ ਸਭ ਕੁਝ ਆਪਣੇ ਫਾਇਦੇ ਲਈ ਕਰ ਰਿਹਾ ਸੀ ਪਰ ਲੋਕਾਂ ਨੁੰ ਸਹੂਲਤ ਮਿਲੀ , ਜੀਵਨ ਪੱਧਰ ਉੱਚਾ ਹੋਇਆ , ਆਮ ਲੋਕਾਈ ਨੁੰ ਕੋਈ ਮਸਲਾ ਨਹੀਂ ਸੀ । ਫਿਰ ਮਸਲਾ ਕੀਹਨੁੰ ਸੀ ?                   ਮਸਲਾ ਸੀ ਭਾਰਤ ਦੇ ਰਵਾਇਤੀ ਸਰਮਾਏਦਾਰ ਨੁੰ । ਬਾਣੀਏ, ਬਾਹਮਣ ਨੁੰ , ਜਿਨ੍ਹਾਂ ਨੁੰ ਨਾਂ ਅੰਗਰੇਜ਼ਾਂ ਦੀ ਬਰਾਮਦ ਤੋਂ ਕੁਝ ਮਿਲਦਾ ਸੀ ਤੇ ਨਾ ਦਰਆਮਦ 'ਚੋ । ਚਾਹ ਪੱਤੀ , ਮਸਾਲੇ , ਨੀਲ ਤੇ ਹੋਰ ਨਿੱਕ ਸੁਕ ਦੀ ਤਜਾਰਤ ਕਰਨ ਵਾਲੇ ਭਾਰਤੀ ਸਰਮਾਏਦਾਰਾਂ ਦੀ ਸ਼ਾਹੀ ਰੋਟੀ 'ਚ ਵੱਜੀ ਲੱਤ ਨੇ ਅੰਗਰੇਜ਼ਾਂ ਖਿਲਾਫ  ਨਾਹਰੇ ਬੁਲੰਦ ਕਰਵਾਏ । ਨਹਿਰੂ , ਲਾਲ, ਬਾਲ, ਪਾਲ ਵਰਗੇ ਲਾਲਿਆਂ ਦੇ ਜਾਨਸ਼ੀਨ (ਜਵਾਕ) ਬਾਹਰ ਦੀਆਂ ਵੱਡੀਆਂ ਯੂਨੀਵਰਸਟੀਆਂ  'ਚੋਂ ਵਕਾਲਤਾਂ ਕਰਕੇ  ਮੁੜੇ ਤੇ ਆਜ਼ਾਦੀ ਲਈ ਸਾਡੇ ਬੁੱਢਿਆਂ ਨੁੰ ਉਸਕਾਇਆ । ਸਾਡੇ ਭੋਲੇ ਲੋਕ ਇਨ੍ਹਾਂ ਦੇ ਚੱਕੇ ਚੱਕਾਏ ਨਿੱਤ ਚਿੱਤੜ ਕਟਵਾਉਂਦੇ ਰਹੇ । ਫਿਰ ਮਿਲੀ ਅਜ਼ਾਦੀ , 30 ਲੱਖ ਪੰਜਾਬੀਆਂ ਦੇ ਪ੍ਰਣਾਂ ਨੁੰ ਉਨ੍ਹਾਂ ਦੇ ਸਰੀਰਾਂ 'ਚੋਂ ਆਜ਼ਾਦੀ । ਅਸਲ 'ਚ ਨਾ ਤਾਂ ਕੋਈ ਆਜ਼ਾਦ ਹੋਇਆ ਤੇ ਨਾ ਹੀ ਕਿਸੇ ਨੇ ਕਿਸੇ ਨੂੰ ਕੋਈ ਆਜ਼ਾਦੀ ਦਿਤੀ । ਜੇ ਹੋਇਆ ਤਾਂ ਸਿਰਫ਼ ਲੁਟੇਰਿਆਂ ਦੀ ਜਮਾਤ ਦਾ ਪ੍ਰਬੰਧਕੀ ਫ਼ੇਰ ਬਦਲ ਹੋਇਆ।
                                        ਦੂਜੇ ਸੰਸਾਰ ਯੁੱਧ (1939-45) ਸਮੇਂ ਇੰਗਲੈਂਡ ਸਣੇ ਯੁਧ ‘ਚ ਸ਼ਾਮਲ ਹੋਰਨਾਂ ਦੇਸ਼ਾਂ ‘ਚ ਆਈ ਆਰਥਕ ਮੰਦੀ ਨੇ ਅੰਗਰੇਜ਼ ਸਾਸ਼ਕਾਂ ਦਾ ਲੱਕ ਤੋੜ ਦਿਤਾ ਸੀ। ਉਨ੍ਹਾਂ ਕੋਲ ਭਾਰਤ ਨੂੰ ਪ੍ਰਸ਼ਾਸਨਕੀ ਢਾਂਚਾ ਦੇਣ ਤੇ ਹੋਰ ਬੇਲੋੜਾ ਖਰਚ ਕਰ ਸਕਣ ਦੀ ਵਾਹ ਨਹੀਂ ਸੀ। ਉਝ ਵੀ ਕੱਢਣ ਪਾਉਣ ਨੂੰ ਕੁਝ ਰਿਹਾ ਨਹੀਂ ਸੀ। ਸੰਸਾਰ ਪੱਧਰ ਤੇ ਫ਼ੈਲੇ ਏਡੇ ਵੱਡੇ ਸਾਮਰਾਜ ਨੂੰ ਸੰਭਾਲੀ ਰੱਖਣ ਲਈ ਮਜ਼ਬੂਤ ਆਰਥਕਤਾ ਦੀ ਲੋੜ ਹੁੰਦੀ ਹੈ ਨਹੀਂ ਤੇ ਬਗਾਵਤਾਂ ਖੂਨ ਚੂਸੀ ਰੱਖਦੀਆਂ ਨੇ ਤੇ ਖਰਚਾ ਵੱਧ ਤੇ ਲਾਭ ਘੱਟ ਹੁੰਦਾ। ਇਸ ਔਖੇ ਵੇਲੇ ‘ਚ ਅੰਗਰੇਜ਼ ਨੇ ਸਿਰਫ਼ ਨੀਤੀ ਬਦਲੀ ਜਿਸ ਨੂੰ ਅਸੀ ਆਜ਼ਾਦੀ ਦਾ ਨਾਂ ਦਿੰਦੇ ਹਾਂ ਤੇ ਸਾਲ ‘ਚ ਦੋ ਚਾਰ ਵਾਰ ਇਸ ਨੀਤੀ-ਬਦਲ ਦਿਹਾੜੇ ਨੂੰ ਆਜ਼ਾਦੀ ਕਹਿ ਕੇ ਜਸ਼ਨ ਮਨਾਉਂਦੇ ਹਾਂ।
ਨਵੀਂ ਨੀਤੀ ਮੂਜਬ ਅੰਗਰੇਜ਼ ਨੇ ਸੰਸਾਰ ਭਰ ਤੋਂ ਅਪਣੀਆ ਕਲੋਨੀਆ ਵਾਪਸ ਲੈਣ ਦਾ ਫ਼ੈਸਾਲ ਕੀਤਾ। ਸਿਰਫ਼ ਦੁਨੀਆਂ ਦੀਆਂ ਕੁਝ ਸੈਰਗਾਹਾਂ ਵਰਗੇ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ ਨੂੰ ਆਜ਼ਾਦ ਕਰਨ ਦੇ ਮਤੇ ਇਸੇ ਸਮੇਂ ‘ਚ ਹੋਏ। ਜੋ ਕਿ 60ਵੇਂ ਦਹਾਕੇ ਤਕ ਆਜ਼ਾਦ ਕਰ ਦਿਤੇ ਗਏ।
ਅਸਲ ‘ਚ ਅੰਗਰੇਜ਼ ਨੇ ਭਾਰਤ ਤੋਂ ਬਾਹਰ ਰਹਿ ਕੇ ਰਾਜ ਕਰਨ ਲਈ ਸਥਾਨਕ ਦਲਿਆਂ ਦੀ ਇਕ ਜਮਾਤ ਕਾਇਮ ਕਰ ਲਈ। ਇਨ੍ਹਾਂ ਦਾ ਨਾਂ ਨਹੀ ਲਿਖਿਆ ਜਾ ਸਕਦਾ ਕਿਉਂ ਕਿ ਕੁਝ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗਣ ਦਾ ਖਤਰਾ ਹੈ। ਇਹ ਦੱਲੇ ਸੱਤਾ ‘ਚ ਹਿੱਸੇਦਾਰੀ ਨੂੰ ਲੈ ਕੇ ਆਪਸ ‘ਚ ਲੜੇ ਲੱਖਾਂ ਪੰਜਾਬੀਆਂ ਤੇ ਬੰਗਾਲੀਆਂ ਦਾ ਕਤਲ ਹੋਇਆ। ਇਨ੍ਹਾਂ ਨੂੰ ਦੱਲਿਆਂ ਦੀ ਥਾਂ ਤੇ ਸਾਮਰਾਜੀਆਂ ਦੇ ਹਿੱਸੇਦਾਰ ਕਹਿਣਾ ਵਧੇਰੇ ਢੁਕਦਾ ਹੈ। ਸੱਜਿਆਂ-ਖੱਬਿਆਂ ਸਭ ਨੇ ਦਲਾਲੀ ਦੀ ਬਾਂਦਰ ਵੰਡ ‘ਚ ਪੁੱਜ ਕੇ ਹਿੱਸਾ ਲਿਆ। ਜਿਸ ਦਾ ਦਾਅ ਨਾ ਲੱਗਾ ਜਾਂ ਘੱਟ ਲੱਗਾ ਉਸ ਨੇ ਆਜ਼ਾਦੀ ‘ਅਧੂਰੀ’ ਕਹਿ ਕੇ ਰੋਲਾ ਪਾਇਆ। ਸਿੱਖਾਂ ਨੇ ਇਸ ਬਾਂਦਰ ਕਿੱਲੇ ‘ਚ ਸਭ ਤੋਂ ਵੱਧ ਛਿੱਤਰ ਖਾਧੇ। ਇਨ੍ਹਾਂ ਦੇ ਵੱਡੇ ਦਲਿਆਂ (ਆਗੂਆਂ) ਨੇ ਆਪਣਾ ਵੱਖਰਾ ਟੁਕੜ ਲੈਣ ਦੀ ਥਾਂ ਹਿੰਦੂਆਂ ਦੀਆਂ ਬੁਰਕੀਆਂ ਤੇ ਗੁਜ਼ਾਰਾ ਕਰਨਾ ਮੰਨ ਲਿਆ। ਧਰਮ ਦੇ ਨਾਂ ਤੇ ਸਾਰੇ ਠੱਗੇ ਗਏ ਪਰ ਸਾਡੇ ਮੁਸਲਮਾਨ ਭਰਾਵਾਂ ਨੂੰ ਇਹ ਅਜ਼ਾਦੀ ਸਭ ਤੋਂ ਮਹਿੰਗੀ ਪਈ।ਜਿਨ੍ਹਾਂ ਤੋਂ ਮਾਂ ਬੋਲੀ ਖੋਹ ਕੇ ਅੱਜ ਤਕ ਅਜ਼ਾਦੀ ਦੇ ਨਾਂ ਤੇ ਉਰਦੂ ਦੀ ਗੁਲਾਮੀ ਕਰਵਾਈ ਜਾ ਰਹੀ ਹੈ।
ਬਾਕੀ ਇਹ ਗੱਲ ਵੀ ਪੱਕੀ ਹੈ ਕਿ ਜੇ ਅੰਗਰੇਜ਼ ਇਸ ਤਰ੍ਹਾਂ ਦੀ ਤਬਦੀਲੀ ਨਾ ਚਾਹੁੰਦਾ ਤੇ ਭਾਰਤੀ ਆਜ਼ਾਦੀ ਲਹਿਰ ‘ਚ ਏਨਾਂ ਜ਼ੋਰ ਵੀ ਨਹੀਂ ਸੀ ਜੋ ਏਡੇ ਵੱਡੇ ਸਾਮਰਾਜ ਦਾ ਕੁਝ ਵਿਗਾੜ ਸਕਦੀ। ਸੱਤਾ ਦੇ ਵਿਰੁਧ ਲੜ ਚੁਕੀਆਂ ਤੇ ਲੜ੍ਹ ਰਹੀਆਂ ਤਾਕਤਾਂ ਇਹ ਜਾਣਦੀਆਂ ਹਨ ਕਿ ਥੋੜ੍ਹੇ ਸਾਧਨਾਂ ਨਾਲ ਸ਼ਕਤੀਸ਼ਾਲੀ ਸਟੇਟ ਦੇ ਵਿਰੁਧ ਲੜ ਕੇ ਜਿਤਣਾ ਕਿੰਨਾਂ ਔਖਾਂ ਹੁੰਦਾ ਹੈ। ਤਾਮਿਲ ਯੋਧਿਆਂ ਨੇ ਕਿੰਨੀ ਲੰਮੀ ਲੜਾਈ ਲੜੀ, ਬਲੋਚ, ਕਮਜ਼ੋਰ ਕਹੇ ਜਾਂਦੇ ਪਾਕਿਸਤਾਨ ਕੋਲੋਂ ਨਹੀਂ ਜਿਤ ਸਕੇ। ਖਾਲਸਿਤਾਨੀਆਂ, ਬੋਡਿਆਂ ਤੇ ਕਸ਼ਮੀਰੀਆਂ ਦਾ ਭਾਰਤ ਨੇ ਕੀ ਹਸ਼ਰ ਕੀਤਾ ਇਹ ਕਿਸੇ ਤੋਂ ਲੁਕਿਆ ਨਹੀਂ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਕਿ ਫਿਰਕਿਆਂ, ਜਾਤਾਂ ਤੇ ਮਜ਼ਬਾਂ ਦੀ ਖੂਨੀ ਜੰਗ ਲੜਨ ਵਾਲੇ ਭਾਰਤੀ ਅੰਗਰੇਜਾਂ ਨੂੰ ਭਜਾ ਦਿੰਦੇ। ਕੀ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨੇ ਉਨ੍ਹੇ ਬੰਦੇ ਮਾਰੇ ਸਨ ਜਿਨ੍ਹੇ ਲੰਕਾਂ ‘ਚ ਤਾਮਲ ਬਾਗੀ ਮਰੇ ਜਾਂ ਕਸ਼ਮੀਰ ‘ਚ ਆਜਾਦੀ ਮੰਗਣ ਵਾਲੇ ਮਰੇ ? ਜੇ ਉਹ ਏਨੀਆਂ ਕੁਰਬਾਨੀਆਂ ਦੇ ਬਾਵਜੂਦ ਅੱਜ ਤਕ ਸਫ਼ਲ ਨਹੀਂ ਹੋਏ ਤਾਂ ਮੰਦਰ–ਮਸੀਤ ਵਾਲਿਆਂ ਨੇ ਕੀ ਸੱਪ ਕੱਡਣਾਂ ਸੀ।
                                                            ਹੁਣ ਮੁੱਦੇ ਵੱਲ ਆਇਆ ਜਾਵੇ। ਸਾਫ਼ ਹੈ ਕਿ ਨਾ ਤੇ ਆਪਾਂ ਨੂੰ ਕੋਈ ਅਜ਼ਾਦੀ ਮਿਲੀ ਤੇ ਨਾਂ ਹੀ ਕਿਸੇ ਨਹਿਰੂ ਗਾਂਧੀ ਤੇ ਭਗਤ ਸਿੰਘ ਨੇ ਲੈ ਕੇ ਦਿਤੀ । ਬੱਸ ਅੰਗਰੇਜ਼ ਨੇ ਨਵੀਂ ਨੀਤੀ ਮੁਤਾਬਕ ਭਾਰਤੀ ਮੰਡੀ ਨੂੰ ਇਥੇ ਰਹਿ ਕੇ ਵਰਤਣ ਦੀ ਥਾਂ ਇੰਗਲੈਂਡ ਤੋਂ ਵਰਤਣਾ ਸ਼ੁਰੂ ਕਰ ਦਿਤਾ।ਅਪਣੇ ਦੱਲਿਆ ਰਾਹੀਂ ਆਪਣੀ ਮਨਮਰਜੀ ਦੇ ਮਸੌਦੇ ਪਾਰਲੀਮੈਂਟ ‘ਚ ਪਾਸ ਕਰਵਾਏ ਜਾਂਦੇ ਹਨ ।(ਭਾਵੇਂ ਕਿ ਅੱਜ ਮੰਡੀ ਦਾ ਵਰਤਾਰਾ ਬਦਲ ਗਿਆ ਹੈ ਤੇ ਹਲਾਤ ਹੋਰ ਵੀ ਭਿਆਨਕ ਨੇ) ਸਰਮਾਏਦਾਰ, ਵੱਡੇ ਜਗਤ ਪਸਾਰੇ ਵਾਲੇ ਕਾਰਖਾਨੇਦਾਰ ਸਾਡੇ ਦੱਲੇ ਸਿਅਸਤਦਾਨਾਂ ਰਾਹੀ ਮਰਜੀ ਦੇ ਬਿਲ ਲਿਆਉਂਦੇ ਹਨ ਤੇ ਬਿਨਾਂ ਕਿਸੇ ਵਿਰੋਧ ਦੇ ਜਾਂ ਥੋੜੇ ਹੋ-ਹੱਲੇ ਤੋਂ ਬਾਅਦ ਸਾਰਿਆਂ ਨੂੰ ਬੁਰਕੀਆਂ ਸੁਟੇ ਜਾਣ ਪਿਛੋਂ ਪਾਸ ਵੀ ਹੋ ਜਾਂਦੇ ਹਨ। ਪ੍ਰਮਾਣੂ ਹਰਜਾਨਾ ਬਿਲ ਜੋ ਇਸੇ ਦੀ ਇਕ ਉਦਾਹਰਨ ਹੈ । ਜੋ ਅੱਜ ਨਹੀਂ ਤੇ ਕੱਲ ਪਾਸ ਹੋ ਹੀ ਜਾਣੈ । ਲੁਟੇਰਿਆਂ ਹਾਕਮਾਂ ਦੀ ਅਦਲਾ ਬਦਲੀ ਨੂੰ ਅਜ਼ਾਦੀ ਅਤੇ ਵਾ ‘ਚ ਤਲਵਾਰਾਂ ਮਾਰਨ ਵਾਲਿਆਂ ਨੂੰ ਸ਼ਹੀਦ ਕਹਿਣ ਵਾਲੇ ਲੋਕ ਕਿਸੇ ਲੋਕ ਪੱਖੀ ਲਹਿਰ ਦੇ ਹਾਮੀ ਨਹੀਂ ਹੋ ਸਕਦੇ।
ਭਗਤ ਸਿੰਘ ਦਾ ਝੰਡਾ ਚੁਕੀ ਫਿਰਦੇ ਕਾਮਰੇਡ ਕਹੇ ਜਾਂਦੇ ਲੋਕ ਵੀ ਉਸੇ ਤਰ੍ਹਾਂ ਦੀ ਸਨਕ ਦਾ ਸ਼ਿਕਾਰ ਹਨ ਜਿਸ ਤਰ੍ਹਾਂ ਦੇ ਹੋਰ ਫ਼ਿਰਕੂ ਗਰੁੱਪ ਹਨ। ਜੇ ਕੋਈ ਸਮਾਜਵਾਦ ਲਈ ਸੁਹਿਰਦ ਹੈ ਤਾਂ ਫਿਰ ਸਰਮਾਏਦਰਾਂ ਦਾ ਮੁੰਡਾ ਭਗਤ ਸਿੰਘ ਹੀ ਕਿਉਂ ? ਭਗਤ ਸਿੰਘ ਉਨ੍ਹਾਂ ਦਿਨਾਂ ‘ਚ ਕਾਲਜ ਪੜ੍ਹਦਾ ਸੀ ਜਦੋਂ ਸਾਡੀ ਜਮਾਤ ‘ਚੋਂ ਬਹੁਤਿਆਂ ਦੇ ਦਾਦੇ ਪੜਦਾਦਿਆਂ ਕੋਲ ਤਨ ਢੱਕਣ ਲਈ ਪੂਰੇ ਕੱਪੜੇ ਨਹੀਂ ਸਨ। 25,000 ‘ਚ ਉਸ ਦੀ ਜਮਾਨਤ ਕਰਵਾਈ ਗਈ । ਕੀ ਸਰਮਾਏਦਾਰੀ ਵਿਰੁਧ ਲੋਕ ਲਹਿਰ ਜਾਂ ਸਮਾਜਵਾਦ ਲਈ ਭਗਤ ਸਿੰਘ ਕਿਸੇ ਤਰ੍ਹਾਂ ਢੁਕਦਾ ਹੈ । ਉਸ ਨੂੰ ਇਕ ਸਮਾਜਵਾਦੀ ਚਿੰਤਕ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ । ਬੰਗਾਲ ਦੇ ਗੁਮਨਾਮ ਕਾਮਰੇਡਾਂ ਵੱਲੋਂ ਲਿਖੇ ਗਏ ਲੇਖਾਂ ਨੁੰ ਭਗਤ ਸਿੰਘ ਦੀਆਂ ਲਿਖਤਾ  ਦੱਸ ਕੇ ਉਸ ਨੁੰ ''ਬੁਧੀਜੀਵੀ, ਚਿੰਤਕ'' ਬਣਾਇਆ ਜਾ ਰਿਹਾ ਹੈ । ਆਮ ਕ੍ਰਤੀਕਾਰੀ ਨੁੰ ਸਹੀਦੇ ਆਜ਼ਮ ਬਣਾ ਕੇ ਸਰਕਾਰਾਂ ਉਸ ਨੁੰ ਵਡਿਆ ਰਹੀਆਂ ਹਨ । ਸਵਾਲ ਇਹ ਵੀ ਹੈ ਕਿ ਉਹ ਬੰਦਾ ਲੋਕ ਨਾਇਕ ਕਿਵੇਂ ਬਣ ਸਕਦਾ ਹੈ ਜਿਸ ਦੇ ਜੰਮੇ ਮਰੇ ਦੇ ਸੂਬਾ ਪੱਧਰੀ ਸਮਾਗਮ ਲੋਕ ਵਿਰੋਧੀ ਸਰਕਾਰਾਂ ਮਨਾਉਣ । ਲੋਕ ਆਗੂਆਂ ਤੋਂ ਤਾਂ ਸਰਕਾਰਾਂ ਕੰਬਦੀਆਂ ਹੁੰਦੀਆਂ ਨੇ ।
             ਅਸਲ ‘ਚ ਅਸੀ ਸਟੇਟ ਦੇ ਇਸ਼ਾਰੇ ਤੇ ਅਪਣਾ ਹੀਰੋ ਹੀ ਗਲਤ ਮਿਥਿਆ ਹੈ ਇੰਕਲਾਬ ਉਨ੍ਹਾਂ ਨਹੀਂ ਲਿਆਉਣਾਂ ਜਿਨ੍ਹਾਂ ਕੋਲ 10-15 ਕਿਲੇ ਜ਼ਮੀਨਾਂ ਵਗਦੀ ਹੈ। ਮੁੰਡੇ ਚੰਡੀਗੜ੍ਹ ਆਸ਼ਕੀ ਕਰਦੇ ਨੇ ਤੇ ਮੈਲਬਰਨ ਪੜ੍ਹਦੇ ਨੇ। ਆਪਣੇ ਹੀਰੋ ਵਿਹੜਿਆਂ ਤੇ ਠੱਠੀਆਂ ‘ਚ ਬੈਠਾ ਹੈ। ਬੇ ਜ਼ਮੀਨਾਂ ਤੇ ਛੋਟਾ ਕਾਸ਼ਤਕਾਰ ਹੈ ਜੋ ਹਰ ਰੋਜ਼ ਸੰਘਰਸ਼ ਕਰਦਾ ਹੈ । 4 ਹਜ਼ਾਰ ਦੀ ਨੌਕਰੀ ਲਈ ਨਿੱਤ ਜ਼ਲੀਲ ਹੁੰਦਾ ਹੈ ਜੋ ਕਿਸੇ ਫ਼ੈਸਨ ‘ਚ ਨਾਹਰੇ ਨਹੀਂ ਲਾਉਂਦਾ । ( ਫ਼ੈਸਨ 'ਚ ਨਾਹਰੇ ਲਾਉਣ ਵਾਲੇ ਇਨਕਲਾਬੀਆਂ ਦੇ ਨਤੀਜੇ ਪ੍ਰਕਾਸ਼ ਕਰਾਤ ਤੇ ਬਲਵੰਤ ਸਿੰਘ ਵਰਗੇ ਹੀ ਹੋਣਗੇ)। ਸਗੋਂ ਇੰਕਲਾਬ ਉਸ ਨੂੰ ਅੱਤ ਲੋੜੀਂਦਾ ਹੈ। ਸਾਡੇ ਵੱਡਿਆਂ ਵਲੋਂ ਲੜੀ ਹੋਈ ਇਕ ਲਹਿਰ ‘ਚ ਅਸੀ ਕਾਮਯਾਬ ਹੋਏ ਸਾਂ ਤੇ ਉਹ ਸੀ ਸਿੰਘ ਸਭਾ ਲਹਿਰ, ਉਸ ਲਹਿਰ ਦਾ ਮੋਢੀ ਚਮਾਰ ਕਹੇ ਜਾਣ ਵਾਲਿਆਂ ‘ਚੋਂ ਇਕ ਸੀ ਗਿਆਨੀ ਦਿੱਤ ਸਿੰਘ । (ਕਿਉਂ ਜੋ ਉਸ ਨੇ  ਸੱਟਾਂ ਖਾਧੀਆਂ ਸਨ।)
              ਮੁਕਦੀ ਗੱਲ ਅੱਜ ਜਿਹੜੇ ਰਾਜ ਭਾਗ ਦੇ ਮਾਲਕ ਨੇ ਉਨ੍ਹਾਂ ਕੋਲ ਸਾਧਨ ਬਹੁਤ ਹਨ ਤੇ ਪਰਾਪੇਗੰਡਾ ਇਨ੍ਹਾਂ ਵੱਡਾ ਕਿ ਸਾਡੀ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਪਰ ਸੱਤਧਾਰੀਆਂ ਦੇ ਇਸ ਪਰਾਪੇਗੰਡੇ ਅੱਗੇ ਹਥਿਆਰ ਸੁਟਣੇ ਵੀ ਜਾਇਜ਼ ਨਹੀਂ
ਪਿੰਡ ਵੀਲਾ ਤੇਜਾ
ਜ਼ਿਲ੍ਹਾ ਗੁਰਦਾਸਪੁਰ
9478440512

Read more...

Tuesday, March 23, 2010

BHAGAT SINGH DA KATAAL

DAVINDER 
anchor501@yahoo.co.uk

Read more...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP