Sunday, April 11, 2010

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਗਈ ਮੁਕ ਕਣਕਾਂ ਦੀ ਰਾਖੀ

ਓ ਜੱਟਾ ਆਈ ਵਿਸਾਖੀ ....


ਖਾਦਾਂ ਡੀਜ਼ਲ ਬੀਅ ਸਪਰੇਆਂ

ਕੀ ਤੋਂ ਹੋ ਗਏ ਕੀ

ਸਭ ਕੁਝ ਵਧਿਆ

ਬੱਸ ਇਕ ਖੜਿਆ

ਜੱਟਾ ਐਮ.ਐਸ.ਪੀ

ਧਰਨੇ ਰੋਸ ਸਿਆਪੇ ਕੀਤੇ

ਦਿੱਲੀ ਤੱਕ ਕੀਤੀਆ ਮਾਰਾਂ

ਸੱਠੀ ਸਾਲੀ ਵੀ ਨਾ ਹੋਈ ਸੁਣਵਾਈ

ਕਈ ਬਦਲੀਆਂ ਸਰਕਾਰਾਂ

ਕਦੇ ਆੜਤੀਏ ਦੱਲੇ ਭੜੂਏ

ਕਦੇ ਚੜ੍ਹ ਆਈ ਖਾਕੀ

ਓ ਜੱਟਾ ਆਈ ਵਿਸਾਖੀ ….



ਔਖੇ ਸੌਖੇ ਹੋ ਮੁੰਡਾ ਪੜਾਇਆ

ਮੁੰਡਾ ਕਰ ਗਿਆ ਬੀ.ਏ.

ਕਈ ਸਾਲ ਨੌਕਰੀ ਪਿੱਛੇ ਭੱਜਿਆ

ਹੁਣ ਘਰ ਦੀ ਕੱਢ ਕੇ ਪੀਵੇ

ਕੁੜੀ ਵਿਆਹੀ, ਜ਼ਮੀਂ ਗਹਿਣੇ ਹੋ ਗਈ

ਬਾਕੀ ਪੁੱਤ ਨੇ ਬੈਅ ਕਰਤੀ

ਇਕ ਵਾਰ ਬੱਸ ਚਾੜ੍ਹ ਦੇ ਜਹਾਜੇ

ਏਜੰਟ ਦੇ ਹੱਥ 'ਤੇ ਧਰ ਤੀ

ਬਾਪੂ ਬੇਬੇ ਨਾਲ ਕਰੇ ਸਲਾਹਾਂ

ਕੀ ਉੁਮਰਾਂ ਵਿਚ ਖੱਟਿਆ

ਏਹੀਓ ਝੋਰਾ ਦਿਲ 'ਤੇ ਲਾਇਆ

ਬੱਸ ਜਾਨ ਹੀ ਲੈ ਕੇ ਹੱਟਿਆ

ਮੈਦਾਨ 'ਚ ਜ਼ਿੰਦਗੀ ਗੁੱਟ ਛੁਡਾ ਗਈ

ਦਾਅ ਹਾਰ ਗਿਆ ਜਾਫ਼ੀ

ਓ ਜੱਟਾ ਆਈ ਵਿਸਾਖੀ....


ਕਈ ਸਾਲ ਸਾਨੂੰ ਬਾਬੇ ਲੁੱਟਿਆ

ਹੁਣ ਆ ਗਿਆ ਕਾਕਾ

ਲੋਕ ਗੰ੍ਰਥੀਆਂ ਨੂੰ ਮੱਥੇ ਟੇਕਣ

ਓਹ ਗੰ੍ਰਥੀਆਂ ਦਾ ਵੀ ਆਕਾ

ਅੰਮ੍ਰਿਤਸਰ 'ਚ ਬੀਬੀ ਲਾਤੇ ਲੰਗਰ

ਬਠਿੰਡੇ ਨੰਨ੍ਹੀਆਂ ਛਾਂਵਾਂ

ਬਾਦਲ ਬੈਠਾ ਮੈਚ ਪਿਆ ਵੇਖੇ

ਕਿਨੂੰ ਹਾਲ-ਏ-ਪੰਜਾਬ ਸੁਣਾਵਾਂ

ਬਾਦਲ-ਗਾਂਧੀ ਛੋਹ ਕੇ ਬੈਠੇ

ਟੱਬਰਵਾਦ ਦੀ ਸਾਖੀ

ਓ ਜੱਟਾ ਆਈ ਵਿਸਾਖੀ....


ਦਰਿਆ 'ਚ ਖੁੱਲੀ ਪੰਡ ਤੂੜੀ ਦੀ

ਕੰਨੀਆਂ ਨਾ ਫੜ੍ਹੀਆਂ ਵੀਰਾਂ

ਲੋੜ ਪਈ 'ਤੇ ਵਾ ਨਾ ਵਿੰਨੀ

ਟੁੱਟੇ ਮਿਰਜੇ ਦਿਆਂ ਤੀਰਾਂ

ਸਰਮਾਏਦਾਰਾਂ ਤੇ ਵੱਡਿਆਂ ਰਾਠਾਂ

ਕਦੇ ਕੱਠੇ ਬੈਹਿਣ ਨਾ ਦਿੱਤਾ

ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ

ਹਾਊਮੈ ਨੂੰ ਵੱਡਾ ਕੀਤਾ

ਬਾਬੇ ਜੈਤੇ ਤੇ ਜੀਵਨ ਸਿਓਂ ਬਿਨ

ਕਿਹੜੀ ਜੰਗ ਅਸਾਂ ਜਿੱਤੀ ?

ਫੇਰ ਭਰਾਵੋ ਜੰਗ ਹਾਰਨ ਲਈ

ਵਿਚਾਲੇ ਲੀਕ ਕਿਉਂ ਖਿੱਚੀ

ਕਿਉਂ ਸੁੱਟ ਗਿਆ ਹੱਥਿਆਰ ‘ਤੇਜਿਆ’


ਚੱਲ ਫਿਰ ਫੜੀਏ ਦਾਤੀ


ਓ ਜੱਟਾ ਆਈ ਵਿਸਾਖੀ....






............................ਤੇਜਾ


6 ਆਪਣੀ ਰਾਇ ਇਥੇ ਦਿਓ-:

Editor April 11, 2010 at 8:47 PM  

ਓ ਜਨਾਬ ਸਹੀ ਤਸਵੀਰ ਖਿਚੀ ਆ ਵਿਸਾਖੀ ਆਲੀ ਅਤੇ ਆਪਣੀ ਵੀ। ਖੇਤੀ ਕਰ ਵੀ ਰਿਹਾਂ ਕਿ ਸਿਰਫ ਕਿਰਸਾਨ ਦੇ ਕਪੜਿਆਂ ਵਿਚ ਮਾਡਲਿੰਗ ਹੀ ਕਰ ਰਿਹਾਂ?

ਚਲ ਚੰਗਾ ਜੇ ਕਰ ਰਿਹਾ ਤਾਂ ਬਾਹਲੀ ਚੰਗੀ ਗਲ ਆ। ਸਰਕਾਰੀ ਬੁਲਾਰਾ ਬਣਨ ਨਾਲੋਂ ਇਹ ਕਿਤੇ ਜਿਆਦਾ ਅਣਖ ਆਲਾ ਕੰਮ ਆ...

ਸਾਡੇ ਆਂਲੇ ਕੰਮ ਤੋਂ ਸੌ-ਗੁਣਾ ਚੰਗਾ..

Anonymous,  April 12, 2010 at 2:25 AM  

ਕਮਾਲ ਦੀ ਰਚਨਾ ਰਚੀ ਏ ਬਾਈ ਤੇਜੇ। ਸਚਮੁੱਚ ਅੱਜ ਦੀ ਵਿਸਾਖੀ ਂਤੇ ਇਹ ਕਵਿਤਾ ਬਿਲਕੁੱਲ ਢੁੱਕਦੀ ਏ। ਬਾਈ ਕਾਕੇ ਦਾ ਨਾਮ ਤਾਂ ਠੀਕ ਏ ਫੋਟੋ ਕਾਹਨੂੰ ਲਾਈ ਏ। ਦੇਖੀ ਕਿਤੇ ਕੋਈ ਪੰਗਾ ਨਾ ਪਵਾ ਲਈ। ਸੱਚ ਸ਼ੈਟੀਂ ਬਾਰੇ ਤਾਂ ਕੁਝ ਲਿਖ ਦਿੰਦਾ। ਵਿਚਾਰਾ ਖੁ਼ਸ਼ ਹੋ ਜਾਂਦਾ।

ਗੁਲਾਮ ਕਲਮ April 14, 2010 at 6:46 PM  

ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ

ਹਾਊਮੈ ਨੂੰ ਵੱਡਾ ਕੀਤਾ

ਬਾਬੇ ਜੈਤੇ ਤੇ ਜੀਵਨ ਸਿਓਂ ਬਿਨ

ਕਿਹੜੀ ਜੰਗ ਅਸਾਂ ਜਿੱਤੀ ?
......................
ਸਾਦੇ ਸ਼ਬਦਾਂ 'ਚ ਸਿਆਸੀ ਵਿਅੰਗ਼..... ਨੈੱਟਜੀਵੀਆਂ ਦੀਆਂ ਅੱਖਾਂ ਖੋਲ੍ਹਣ ਵਾਲੀ ਰਚਨਾ....ਜਿਨ੍ਹਾਂ ਨੇ ਨਾ ਕਦੇ ਜ਼ਮੀਨੀ ਹਕੀਕਤ ਵੇਖੀ ਤੇ ਨਾ ਕਦੇ ਜਾਣਨ ਦੀ ਕੋਸ਼ਿਸ਼ ਕੀਤੀ......ਜਿਹੜੇ "ਗੂਗਲ" ਤੋਂ ਇਕੱਠੀ ਕੀਤੀ ਸੂਚਨਾ ਨੂੰ ਗਿਆਨ ਸਮਝਦੇ ਨੇ

Gurmel Sra April 16, 2010 at 8:30 AM  

ਬੱਲੇ ਓਏ ਸ਼ੇਰਾ!

ਪੁਰਾਣੇ ਬੋਹ੍ੜ ਨਾਲ April 27, 2010 at 11:27 PM  

balley bai kya baat a..
Jeonda reh...
Rub teri kalam nu trakki bakhshey..
naale aah kehra jehra foto laun ton e dari janda(ujjal), kehnda panga na paa leen..sadke jayiye he bai de v..hallasheri taan ki deni aan drave deyi janda...
Regards,
Premjeet Nainewalia

Jagtar Singh,  April 13, 2011 at 6:16 AM  

...ਆਹ ਸਭ ਕੁਛ ਹੋਣ ਦੇ ਬਾਵਜੂਦ ਵੀ ਆਪਾਂ ਚੜਦੀ ਕਲਾ ਵਿਚ ਰਹਿਣਾ ਹੈ ਵੀਰੋ .........ਵਿਸਾਖੀ ਦੀ ਸਾਰਿਆਂ ਨੂ ਲਖ ਲਖ ਵਧਾਈ ਹੋਵੇ ਜੀ ...
.

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP