Tuesday, May 11, 2010

....ਤੇ ਬਾਬਾ ਬੰਦਾ ਫਿਰ ਹਾਰ ਗਿਆ

ਕਾਂਡ 1
ਮੈਂ ਉਨ੍ਹੀਂ ਦਿਨੀਂ ਉਥੇ ਹੀ ਸੀ ਜਿਨ੍ਹੀਂ ਦਿਨੀਂ ਬੰਦਾ ਸਿੰਘ ਬਹਾਦਰ ਫ਼ਰੁਖ਼ਸੀਅਰ ਦੀ ਕੈਦ 'ਚ ਸੀ,ਮੈਂ ਜੇਲ੍ਹਖਾਨੇ ਦੇ ਲਾਗੇ ਹੀ ਕੁਆਟਰਾਂ 'ਚ ਰਹਿੰਦਾ ਸੀ ।ਜੇਲ੍ਹਖਾਨੇ ਵੱਲ ਘੱਟ ਹੀ ਜਾਂਦਾ ਸੀ ...ਕਿਉਂ ਕਿ ਮੈਨੂੰ ਅਪਣੇ ਆਪ ਨੂੰ ਜ਼ਾਬਤੇ 'ਚ ਨਹੀਂ ਰੱਖਣਾ ਆਉਂਦਾ । ਮੇਰੇ ਮੂੰਹੋਂ ਮੱਲੋ ਮੱਲੀ ਗਾਲ੍ਹਾਂ ਨਿਕਲਦੀਆਂ ਨੇ ਮੋਏ ਵਜ਼ੀਰ ਖ਼ਾਨ ਨੂੰ ...ਵਕਤ ਦਿਆਂ ਹਾਕਮਾਂ ਨੂੰ । ਮੈਂ ਉਸ ਰਾਹ ਜਾਣਾ ਹੀ ਛੱਡ ਦਿਤਾ।ਸਵੱਬ ਨਾਲ ਹੀ ਅੱਜ ਸ਼ਹਿਰ ਦੇ ਬਹੁਤੇ ਰਾਹ ਬੰਦ ਸਨ ।ਮੈਂ ਬੱਸ ਅੱਡੇ ਜਾਣਾ ਸੀ । ਮੈਂ ਚੱਪੜਚਿੜੀ ਵਲੋਂ ਕਰਨਾਲ ਵਾਲੇ ਪਾਸੇ ਨੂੰ.૴ ਜਿਸ ਰਾਹੇ ਬੰਦਾ ਸਿੰਘ ਅਪਣੀ ਜਿੱਤ ਦੇ ਝੰਡੇ ਗੱਡਦਾ ਆਇਆ ਸੀ ।
ਮੈਨੂੰ ਭੁਲੇਖਾ ਜਿਹਾ ਪਿਆ, ਬੰਦੇ ਦੀ ਫ਼ੌਜ ਉਨ੍ਹਾਂ ਰਾਹਾਂ 'ਤੇ ਬੰਦੇ ਦੀਆਂ ਪੈੜਾਂ 'ਤੇ ਫਿਰ ਆਉਂਦੀ ਦਿਸੀ । ਮੈਂ ਮੁਰਛਤ ਹੋਇਆ ਉਠ ਕੇ ਬਹਿ ਗਿਆ । ਜੰਗ ਦੇ ਮੈਦਾਨ 'ਚ ਢਾਲ ਤੇ ਤੀਰ ਕਮਾਨ ਸੰਭਾਲੀ ਕਿਸੇ ਯੋਧੇ ਵਾਂਗ ਮੇਰੇ ਸਰੀਰ ਦਾ ਅੰਗ-ਅੰਗ ਫੜਕਣ ਲੱਗਾ । ਜ਼ਿਹਨੀ ਤੌਰ ਤੇ ਮੈਂ ਜੰਗ ਲਈ ਤਿਆਰ ਸੀ। ਅਪਣੇ ਭਾਈਆਂ ਨੂੰ ਇੰਨੀ ਵੱਡੀ ਗਿਣਤੀ 'ਚ ਇਕੱਠਿਆਂ ਵੇਖ ਕੇ ਮੇਰੇ ਅੰਦਰਲਾ ਜੋਸ਼ ਠਾਠਾ ਮਾਰ ਰਿਹਾ ਸੀ ਮੇਰੇ ਠੰਢੇ ਖੂਨ ਨੇ ਉਬਾਲਾ ਮਾਰਿਆ ਹੁਣ ਬੰਦਾ ਸਿੰਘ ਜੇਲਖਾਨੇ 'ਚ ਕੈਦ ਨਹੀਂ ਰਹੇਗਾ। ਜ਼ਾਲਮ ਹਾਕਮਾਂ ਦੀ ਹੁਣ ਅਸੀਂ ਬੱਸ ਕਰਾ ਕੇ ਛੱਡਾਂਗੇ।
ਕਾਂਡ 2
ਅਸਲ 'ਚ ਅਸੀਂ ਇਨ੍ਹਾਂ ਬਹੁਤ ਅੱਕੇ ਹੋਏ ਹਾਂ। ਬੰਦੇ ਨੇ ਜਿਨ੍ਹਾਂ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਿਤੀ ਸੀ ਉਹ ਹੁਣ ਘਸਿਆਰੇ ਬਣ ਗਏ ਨੇ । ਹਾਕਮ ਤਾਂ ਇੰਨੇ ਜ਼ਾਲਮ ਹੋ ਗਏ ਨੇ ਕਿ ਅਸੀਂ ਅਪਣੀਆਂ ਜ਼ਮੀਨਾਂ 'ਤੇ ਫਸਲਾਂ ਬੀਜਣ ਲਈ ਪਾਣੀ ਮੰਗਦੇ ਹਾਂ ਤੇ ਹਾਕਮ ਕੁਟ-ਕੁਟ ਕੇ ਖੂਨ ਨਿਚੋੜ ਦਿੰਦੇ ਨੇ, 20 ਕੁ ਸਾਲ ਪਹਿਲਾਂ ਇਨ੍ਹਾਂ ਸਾਨੂੰ ਬੜਾ ਮਾਰਿਆ ।ਗੁਰੂ ਤੇਗ ਬਾਹਦਰ ਦੀ ਸ਼ਹਾਦਤ ਤੋਂ ਪਿਛੋਂ ਇਕ ਵਾਰ ਫਿਰ ਦਿੱਲੀ 'ਚ ਕਾਲੀ ਬੋਲੀ ਹਨੇਰੀ ਆਈ। ਤਿੰਨ ਦਿਨ ਔਰੰਗਜ਼ੇਬ ਦੀ ਰੂਹ ਹੱਸਦੀ ਰਹੀ। ਉਨ੍ਹਾਂ ਤੇਗ ਬਹਾਦਰ ਵਲੋਂ ਕੀਤੇ ਅਹਿਸਾਨ ਦਾ ਮੁੱਲ ਸੂਦ ਸਣੇ ਮੋੜਿਆ । ਉਧਰ ਪੰਜਾਬ 'ਚ ਵਜ਼ੀਰ ਖਾਂ ਮੁੜ ਜੰਮ ਪਿਆ । ਉਨ੍ਹੇ ਸ਼ਾਹੀ ਥਾਣਿਆਂ ਨੂੰ ਬੁਚੜਖਾਨੇ 'ਚ ਬਦਲ ਦਿਤਾ। ਹੱਕ ਮੰਗਣ ਵਾਲਿਆਂ ਤੇ ਕਿਸਾਨਾਂ ਦੇ ਮੁੰਡੇ ਘਰੋਂ ਚੁੱਕ ਚੁੱਕ ਕੇ ਮਾਰੇ । ਬੜੀ ਜ਼ਾਲਮ ਹਨੇਰੀ ਝੁੱਲੀ । ਵਜ਼ੀਰ ਖਾਂ ਦੇ ਕਈ ਸੈਨਾਪਤੀ ਉਸ ਤੋਂ ਵੀ ਅੱਗੇ ਲੰਘ ਗਏ । ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ ਲਈ ਢਾਈ ਲੱਖ ਸਹਿਬਜ਼ਾਦੇ ਹਿੰਦ ਦੀਆਂ ਕੰਧਾਂ 'ਚ ਖਾਮੋਸ਼ ਇਤਿਹਾਸ ਬਣਾ ਦਿਤੇ ਗਏ
ਹਾਹਾਕਾਰ ਮਚ ਗਈ, ਸੂਰਮੇ ਭੇਡਾਂ ਵਰਗੇ ਹੋ ਗਏ। ਸ਼ੇਰਾਂ ਦੇ ਆਗੂ ਭੇਡਾਂ ਵਾਂਗੂ ਮਿਆਕਣ ਲੱਗ ਗਏ। ਸਭ ਨੂੰ ਉਮੀਦ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਬਹੁੜੇਗਾ ਤੇ ਅਪਣੇ ਸਿੰਘਾਂ ਨੂੰ ਪੰਜ ਤੀਰ ਦੇ ਕੇ ਹਿੰਦ ਵੱਲ ਤੋਰੇਗਾ ਸਭ ਨੂੰ ਉਸ 'ਬੰਦੇ' ਦੀ ਉਡੀਕ ਸੀ ਜੋ ਵਜ਼ੀਰ ਖਾਂ ਦੀ ਅੱਤ ਨੂੰ ਠੱਲੇ। ਜਿਸ ਦਿਨ ਬੰਦਾ ਪੰਜਾਬ ਗੱਜਿਆ ਉਸ ਦਿਨ ਸਾਰਾ ਦੇਸ਼ ਹਿਲਿਆ । ਚੱਪੜਚਿੜੀ ਪਿੰਡ ਦੀਆਂ ਕੰਧਾਂ ਤੋਂ ਧਮਾਕੇ ਦੀ ਆਵਾਜ਼ ਨਾਲ ਕੱਲਰ ਝੜਿਆ। ਚੱਪੜਚਿੜੀ ਸੈਕਟਰੀਏਟ ਤੋਂ ਬਹੁਤੀ ਦੂਰ ਨਹੀਂ। ਵਜੀਰ ਖਾਂ ਇਕ ਵਾਰ ਫਿਰ ਸੋਧਿਆ ਗਿਆ।ਕਹਿੰਦੇ ਨੇ ਇਤਿਹਾਸ ਅਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ।ਪੰਜ ਤੀਰ ਲੈ ਕੇ ਅਏ ਸਿੰਘਾਂ ਦਾ ਜੱਥੇ ਚੋਂ ਗੁਰੂ ਕਾ ਬੰਦਾ ਦਿਲਾਵਰ ਸਿੰਘ ਜੰਗ ਦੇ ਮੈਦਾਨ 'ਚ ਹੀ ਰਹਿ ਗਿਆ। ਕੁਝ ਦਿਨਾਂ ਪਿਛੋਂ ਗੁਰੂ ਕਾ ਬੰਦਾ ਹਵਾਰਾ ਅਤੇ ਬਲਵੰਤ ਸਿੰਘ ਦੀ ਗ੍ਰਿਫਤਾਰੀ ਹੋਈ।
ਕਾਂਡ 3
ਪਰ ਇਥੇ ਤਾਂ ਨਜ਼ਾਰਾ ਹੀ ਹੋਰ ਸੀ । ਢੋਲਕੀਆਂ ਤੇ ਛੈਣਿਆਂ ਦੀ ਤਾਲ 'ਤੇ ਭੰਡ ਗਾ ਰਹੇ ਸਨ 'ਤੇ ਬੇਜ਼ਮੀਰੇ ਕਿਰਪਾਨਾਂ ਹੱਥਾਂ 'ਚ ਫ਼ੜੀ ਨੱਚ ਰਹੇ ਸਨ। ਧਲਕਦੇ ਢਿੱਡਾਂ ਵਾਲੇ ਜਗੀਰਦਾਰ ਬੰਦੇ ਦੀ ਜਿੱਤ ਦੇ ਬੈਨਰ ਥੱਲੇ ਬੰਦੇ ਦੀ ਮੌਤ ਦੇ ਜਸ਼ਨ ਮਨਾ ਰਹੇ ਸਨ । 36 ਤਰ੍ਹਾਂ ਦੇ ਪਦਾਰਥਾਂ ਨੂੰ ਭੋਗ ਲਵਾਏ ਜਾ ਰਹੇ ਸਨ। ਦੁਖ ਦੀ ਗੱਲ ਇਹ ਕਿ ਇਹ ਸਭ ਉਸ ਜੇਲਖਾਨੇ ਦੇ ਬਾਹਰ ਹੋ ਰਿਹਾ ਸੀ ਜਿਥੇ 'ਬੰਦਾ' ਕੈਦ ਸੀ, ਤੇ ਉਸ ਦਾ ਅੰਗ ਅੰਗ ਜੰਬੂਰਾਂ ਨਾਲ ਨੋਚਿਆ ਜਾ ਰਿਹਾ ਸੀ।
ਮੈਂ ਜੇਲਖਾਨੇ ਦੇ ਰਾਹ 'ਤੇ ਸੁੰਨ ਖੜਾ ਸੀ । ਜਸ਼ਨਾਂ ਦੇ ਢੋਲ ਵੱਜ ਰਹੇ ਸਨ ਮੈਂ ਜਿਸ ਨੂੰ ਸ਼ੇਰਾਂ ਦਾ ਹੱਲਾ ਤੇ ਦਹਾੜਾਂ ਸਮਝ ਰਿਹਾ ਸੀ ਉਹ ਭੇਡਾਂ ਦਾ ਵੱਗ ਸੀ ਜੋ ਉੱਚੀ ਉੱਚੀ ਮਿਆਕ ਕੇ ਪ੍ਰਦੂਸਣ ਫੈਲਾ ਰਿਹਾ ਸੀ। ਅਫਸੋਸ ਜਿੱਤਾਂ ਦਾ ਆਦੀ ਬੰਦਾ ਅੱਜ ਦੂਜੀ ਵਾਰ ਵੀ ਜਗੀਰਦਾਰਾਂ ਤੋਂ ਹਾਰ ਗਿਆ । ਇਤਿਹਾਸ ਮੁੜ ਦੁਹਰਾਇਆ ਗਿਆ। ਪਹਿਲਾਂ ਵੀ ਇੰਝ ਹੀ ਹੋਇਆ ਸੀ ਵਜ਼ੀਰ ਖਾਨ ਨੂੰ ਸੋਧਣ ਤੋਂ ਪਿਛੋਂ ਉਸ ਨੇ ਲੋਕਾਂ ਦਾ ਖੂਨ ਪੀ ਰਹੇ ਜਗੀਰਦਾਰਾਂ ਨੂੰ ਬਿਲੇ ਲਾਇਆ ਉਸ ਦੀ ਗ੍ਰਿਫ਼ਤਾਰੀ ਪਿਛੋਂ ਜਗੀਰਦਾਰਾਂ ਕਿਹਾ, ਉਹ ਤਾਂ ਗੁਰੂ ਬਣ ਬੈਠਾ, ਵਿਆਹ ਕਰਵਾ ਲਿਆ, ਬੰਦਈ ਹੋ ਗਿਆ। ਹੁਣ ਵੀ ਬਦਖੋਈ ਦਾ ਉਹੀ ਸਿਲਸਲਾ ਜਾਰੀ ਏ।

ਹੁਣ ਕਿਵੇਂ ਕਰੀਏ ਜਗੀਰਦਾਰਾਂ ਦੀ ਜਿੱਤ 'ਚ ਸ਼ਾਮਲ ਹੋਈਏ ਜਾਂ ਹਾਰਿਆਂ ਹੋਇਆ ਦਾ 'ਦਲ ਖਾਲਸਾ' ਬਣਾਈਏ। ਤੇ ਇਤਿਹਾਸ ਦੁਹਰਾਈਏ।

ਤੇਜਾ
9478440512

1 ਆਪਣੀ ਰਾਇ ਇਥੇ ਦਿਓ-:

Anonymous,  May 11, 2010 at 10:11 AM  

Charanjeet Singh ji, eni chhoti age vich ena ucha sochde ho tusi daad deni ban di hai ...bahut vadia likh ditta gallan gallan vich hi...keep it up... kadi te saade sutte lok jagan ge...

shabash.........bahut vadia...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP