ਬੱਧਾ ਚਟੀ ਜੋ ਭਰੇ .....
ਚਰਨਜੀਤ ਸਿੰਘ ਤੇਜਾਧਰਮ ਦੀ ਦੁਨੀਆ ਦੇ ਜਾਤੀ ਤਜ਼ਰਬੇ ਅਤੇ ਪੜਨ ਸਮਝਣ ਤੋਂ ਪਿਛੋਂ ਜੋ ਸੋਜੀ ਹੁਣ ਤੱਕ ਮੈਨੂੰ ਪ੍ਰਪਤ ਹੋਈ ਉਹ ਕਿਸੇ ਨੂੰ ‘ਕਾਫਰ’ ਅਖਵਾਉਣ ਲਈ ਕਾਫੀ ਮੰਨੀ ਜਾ ਸਕਦੀ ਹੈ ।ਧਾਰਮਿਕ ਸਿੱਖਿਆਵਾਂ ਤੇ ਧਰਮੀ ਲੋਕਾਂ ਦੇ ਕਿਰਦਾਰ ਵਿਚਲੇ ਫਰਕ ਤੋਂ ਤੱਤ ਇਹੀ ਨਿਕਲਦਾ ਹੈ ਕਿ ਧਰਮ ਅਸਲ ‘ਚ ਬੰਦੇ ਦੇ ਸਭਾਅ ਦਾ ਹੀ ਇੱਕ ਜਾਮਾ ਹੈ । ਸੋਖੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਇਉ ਕਿਹਾ ਜਾ ਸਕਦਾ ਹੈ ਕਿ ਧਰਮ ਹੋਰ ਕੁਝ ਨਹੀਂ ਬੰਦੇ ਦਾ ਸੁਭਾਅ ਹੀ ਹੁੰਦਾ ਹੈ । ਠੰਡੇ ਸੁਭਾਅ ਦਾ ਬੰਦਾ ਜੰਗ ਯੁੱਧ ਤੋਂ ਕਿਨਾਰਾ ਹੀ ਕਰੇਗਾ ਭਾਵੇ ਉਹ ਹਿੰਦੂ ਹੋਵੇ ਜਾਂ ਸਿੱਖ ਤੇ ਭਾਵੇਂ ਮੁਸਲਮਮਾਨ ।ਖਾੜਕੂ ਤਬੀਅਤ ਦਾ ਬੰਦਾ ਜੈਨੀਆਂ ਘਰੇ ਵੀ ਜੰਮ ਪਵੇ ਕਿਤੇ ਨਾਂ ਕਿਤੇ ਧਰਮ ਦਾ ਭੇਖ ਪਾੜ ਕੇ ਆਪਾ ਪਰਗਟ ਕਰ ਹੀ ਦੇਵੇਗਾ।ਵਖਰੀ ਗਲ ਕਿ ਬੰਦੇ ਦੇ ਜੀਨਸ (ਮਤਲਬ ਪੁਰਖੀ ਗੁਣ) ਅਜਿਹਾ ਘੱਟ ਹੀ ਹੋਣ ਦੇਂਦੇ ਹਨ। ਖੈਰ ਗੱਲ ਕਰਨੀ ਸੀ ਧਰਮੀ ਲੋਕਾਂ ਦੇ ਧਾਰਮਿਕ ਅਡੰਬਰਾਂ ਦੀ। ਅਡੰਬਰ ਭਾਵ ਉਹ ਚੀਜਾਂ ਜੋ ਸੁਭਾਅ ਦਾ ਹਿੱਸਾ ਤਾਂ ਨਹੀਂ ਹੁੰਦੀਆਂ ਪਰ ਧਰਮ ਦੇ ਭੇਖ ‘ਚ ਧਾਰਨ ਕਰਨੀਆ ਪੈਦੀਆਂ ਹਨ। ਉਹ ਅੱਡ ਅੱਡ ਕਿਵੇਂ ਜ਼ਾਹਰ ਹੁੰਦੀਆਂ ਹਨ ਕੁਝ ਜਾਤੀ ਤਜ਼ਰਬੇ ਸਾਂਝੇ ਕਰ ਰਿਹਾ ਹਾ।
5 ਕੁ ਸਾਲ ਪਹਿਲਾ ਇੱਕ ਪੰਥਕ ਅਦਾਰੇ ‘ਚ ਗੁਰੁ ਘਰ ਦੀਆਂ ‘ਮੌਜਾਂ’ ਮਾਨਣ ਦਾ ਸੁਭਾਗ ਪ੍ਰਪਤ ਹੋਇਆ। ਧਰਮੀ ਅਖਵਾਉਣ ਤੇ ਧਰਮੀ ਲੋਕਾਂ ਨੂੰ ਨੇੜਿਓ ਦੇਖਣ ਦਾ ਇੱਕ ਵਧੀਆਂ ਮੌਕਾ ਸੀ। ਸਾਡੀਆਂ ਪੰਥਕ ਸੰਸਥਾਂਵਾਂ ‘ਚ ‘ਬੱਧਾ ਚਟੀ ਜੋ ਭਰੇ’ ਵਾਲਾ ਰੁਝਾਨ ਆਮ ਵੇਖਣ ਨੂੰ ਮਿਲਦਾ ਹੈ । ਸ਼ਾਇਦ ਤਾਹੀਓ ਹੀ ‘ਨਾ ਗੁਣ ਨਾ ਉਪਕਾਰ’ ਵਾਲੀ ਸਥਿਤੀ ਵਿਆਪੀ ਹੋਈ ਹੈ। 70 ਦੇ ਕਰੀਬ ਗੁਰਮਤਿ ਦੇ ਵਿਦਾਅਰਥੀਆਂ ਦਾ ਢਿੱਡ ਭਰਨ ਵਾਲਾ ਇੱਕੋ ਇਕ ਲਾਂਗਰੀ ਬਾਬਾ ਦੇਸਾ ਸਿਉ ਅੱਤ ਦੇ ਕੌੜੇ ਬਚਨ ਬੋਲਣ ਦਾ ਆਦੀ ਸੀ ।ਪਰ ਸ਼ਾਇਦ ਇਹ ਵੀ ਕੋਈ ‘ਪੂਰਬ ਜਨਮ ਕੇ ਮਿਲੇ ਵਿਯੋਗੀ’ ਵਾਲੀ ਗੁਝੀ ਰਮਝ ਸੀ ਬਾਬੇ ਦਾ ਸਾਡੇ ਨਾਲ ਚੰਗਾ ਪ੍ਰੇਮ-ਪਿਆਰ ਸੀ। ਸਵੇਰ ਦੇ ਮਿਸੇ ਪ੍ਰਸ਼ਾਦੇ ਪਕਾਉਣ ਤੋਂ ਪਿਛੋਂ ਬਾਬਾ ਆਦਤਨ ਇਸ਼ਨਾਨ ਦੀ ਸੋਧਿਆ ਕਰਦਾ ਸੀ। ਉਧਰ ਆਦਤਨ ਲਾਪਰਵਾਹ ਤੇ ਗਾਲੜ੍ਹੀ ਤਬੀਅਤ ਹੋਣ ਕਰਕੇ ਮੈਂ ਅਕਸਰ ਲੰਗਰ ਵਰਤਣ ਤੋਂ ਬਾਅਦ ਹੀ ਪੁੰਹੁਚਦਾ ਸੀ ਪਰ ਵਾਰੇ ਜਾਈਏ ਦੇਸਾ ਸਿਉ ਦੇ ਮੇਰੇ ਪਰਸ਼ਾਦੇ ਤੇ ਦੁੱਧ (ਜਿੰਨਾਂ ਨੂੰ ਬਾਬਾ ਖਾਲਸਾਈ ਬੋਲਿਆ ਅਨੁਸਾਰ ਰੋਟੀਆਂ ਨੂੰ ਗੱਫੇ ਤੇ ਦੁੱਧ ਨੂੰ ਸਮੁੰਦਰ ਆਖਦਾ) ਸੁਰੱਖਿਅਤ ਸਾਂਭੇ ਹੁੰਦੇ।
ਇੱਕ ਦਿਨ ਗੱਲੀਂ ਰੁਝਿਆਂ ਜਦੋਂ ਮੈ ਰੋਟੀ ਦੇ ਟਾਇਮ ਤੋਂ ਲੇਟ ਹੋ ਗਿਆ ਤਾਂ ਦੇਖਿਆਂ ਲੰਗਰ ‘ਮਸਤਾਨੇ’ ਹੋ ਚੁਕੇ ਸਨ। ਬਾਬੇ ਦੇ ਕਮਰੇ ਵੱਲ ਦੌੜ ਲਾਈ । ਜਿਥੇ ਬਾਬਾ ਕਮਰੇ ਦੇ ਨਾਲ ਅਟੈਚ ਬਾਥਰੂਮ ‘ਚ ਇਸ਼ਨਾਨ ਕਰਨ ਡਿਹਾ ਸੀ। ਬਾਬੇ ਨੂੰ ਮਾਰੀਆਂ ਵਾਜ਼ਾਂ ਦਾ ਜਦ ਕੋਈ ਜਵਾਬ ਨਾ ਆਇਆਂ ਤਾਂ ਸਿਆਲਾਂ ਦੀ ਲੰਮੀ ਰਾਤ ਤੋਂ ਬਾਅਦ ਤੜਕੇ ਤੋਂ ਨਿਰਵੇਂ ਕਾਲਜੇ ਲੱਗੀ ਵਾਢਵੀ ਭੁੱਖ ਨੇ ਬਾਥਰੂਮ ਦੇ ਅੰਦਰ ਝਾਕਣ ਲਈ ਮਜ਼ਬੂਰ ਕਰ ਦਿੱਤਾ। ਰੋਸ਼ਨਦਾਨ ਥਾਣੀ ਅੰਦਰ ਝਾਕਦਿਆਂ ਬਾਬਾ ਸ਼ਬਦ ਮੇਰੇ ਮੂੰਹ ‘ਚ ਹੀ ਰਹਿ ਗਿਆਂ ਤੇ ਬਾਬਾ ਕਹਿਣ ਲਈ ਮੂੰਹ ਭਰੀ ਹਵਾ ਹਾਸੇ ਦੇ ਰੂਪ ‘ਚ ਫਾਹ-ਫਾਹ ਕਰਕੇ ਬਾਹਰ ਨਿਕਲੀ। ‘ਓ ਬਾਬਾ ਆਹ ਕੀ ?’ਮੂੰਹ ਜਬਾਨੀ’ ? ਬਾਬਾ ਵੀ ਝਿੱਥਾਂ ਜਿਹਾ ਹੋ ਕੇ ਹੱਸਿਆਂ.. “ਨਹੀਂ ਯਾਰ ਅੱਜ ਘਰੋਂ ਕਛਿਹਰਾ ਲਿਆਉਣਾ ਭੁਲ ਗਿਆ ਸੀ, ਮੈਂ ਕਿਹਾ ਭੀ ਇਹ ਗਿੱਲਾ ਕਿਉ ਕਰਨਾਂ, ਧੂੰਦਾਂ ‘ਚ ਤਾਂ ਤਾਰ ਤੇ ਪਾਏ ਨਹੀਂ ਸੁਕਦੇ ਤੇੜ ਪਾਇਆ ਕਿਥੇ ਸੁਕਣਾਂ ।” “ਪਰ ਬਾਬਾ ਕਹਿੰਦੇ ਸਿੱਖ ਦਾ ਕਛਿਹਰਾ ਤੇ ਸਰੀਰ ਤੋਂ ਜੁਦਾ ਨਹੀਂ ਹੋਣਾਂ ਚਾਹੀਦਾ”, ਮੈ ਵੀ ਆਪਣੇ ਗੂੜ-ਗਿਆਨ ਦਾ ਤੋੜਾ ਝਾੜਿਆ। ਇਸ ਵਾਰ ਬਾਬਾ ਖਿੜ ਕੇ ਹੱਸਿਆ ਬਾਥਰੂਮ ਦੇ ਬੂਹੇ ਤੋਂ ਪਾਸੇ ਹੱਟ ਕੇ ਖੜੇ ਨੂੰ ਅਵਾਜ ਮਾਰ ਕੇ ਕਹਿੰਦਾ ਕੰਜਰਾਂ ਹੁਣ ਵੇਖਣ ਲੱਗਾ ਸਾਂ ਤਾਂ ਚੰਗੀ ਤਰਾਂ ਵੇਖ ਤਾਂ ਲੈਦਾ, ਆਹ! ਵੇਖਿਆਂ ਨਹੀ ? ਮੈਂ ਧੌਣ ਨੇੜੇ ਕਰ ਅੰਦਰ ਝਾਕਿਆਂ ਬਾਬੇ ਨੇ ਕਿਲੀ ਤੇ ਟੰਗੇ ਕਛਿਹਰੇ ਦਾ ਨਾਲਾ ਫੜਿਆ ਹੋਇਆ ਸੀ। ਇਹ ਕੀ ਆ? ਮੇਰੇ ਪੁਛਣ ਤੇ ਬਾਬਾ ਭਾਰੀ ਮਸੂਮੀਅਤ ਨਾਲ ਬੋਲਿਆਂ “ਮੈਂ ਕਛਿਹਰਾ ਕੋਈ ਤਨ ਤੋਂ ਜੁਦਾ ਥੋੜਾ ਕੀਤਾ, ਆਹ ‘ਕਰੰਟ’ ਤੇ ਆ ਹੀ ਰਿਹਾ ਨਾ ਨਾਲੇ ਨਾਲ”। ਬਾਬੇ ਦੀ ਗੱਲ ਸੁਣ ਕੇ ਹਾਸੇ ਦਾ ਜਿਹੜਾ ਕਰੰਟ ਮੈਨੂੰ ਲੱਗਿਆ ਉਸ ਕਰੰਟ ਨੂੰ ਇਹ ਸਤਰਾਂ ਲਿਖਦਿਆਂ ਮੈ ਅੱਜ ਵੀ ਮਹਿਸੂਸ ਕਰ ਰਿਹਾ।
ਗੱਲ ਹੁਣ ਸਹਿਜੇ ਸਮਝ ਆ ਸਕਦੀ ਹੈ ਕਿ ਕਛਿਹਰੇ ਦਾ ਬੰਧਨ ਬਾਬੇ ਵਰਗੇ ਖੁੱਲੇ ਸੁਭਾਅ ਦੇ ਬੰਦੇ ਦੇ ਅਨਕੂਲ ਨਹੀਂ ਸੀ ਸੋਂ ਉਸ ਨੇ ਬੰਧਨ ਮੁਕਤ ਹੋਣ ਦਾ ਜੁਗਾੜ ਵੀ ਲੱਭ ਲਿਆ ।ਧਰਮਾਂ ਵਾਲੇ ਲੱਖ ਆਖਣ ਇਹ ਕਰਨਾਂ ਹੀ ਪੈਦਾ ਹੈ । ਮੇਰਾ ਕਸ਼ਮੀਰੀ ਮਿੱਤਰ ਬੱਕਰ ਈਦ ਵਾਲੇ ਦਿਨ ਸ਼੍ਰੀ ਨਗਰ ਦੇ ਬਜ਼ਾਰਾਂ ਦੇ ਨਜ਼ਾਰੇ ਦੱਸ ਰਿਹਾ ਸੀ। ਮੈ ਮਨ ਦਾ ਸੰਕਾਂ ਦੂਰ ਕਰਨ ਲਈ ਸੁਆਲ ਪੁਛਿਆਂ ਕਿ “ਬੱਕਰੀਦ ਤੇ ਬੱਕਰੇ ਨੂੰ ਜਿਬਾਹ ਕਰਨ ਲਈ ਪੜ੍ਹੀ ਜਾਣ ਵਾਲੀ ਇਸਲਾਮੀ ਬਾਣੀ ਨੂੰ ਪ੍ਰਤੀ ਬੱਕਰਾ ਕਿੰਨਾਂ ਕੁ ਸਮਾਂ ਲਗਦਾ ਹੋਊ”? ਸੋਚ ਵਿਚਾਰ ਕੇ ਉਹਨੇ ਦੱਸਿਆ ਕਿ ਭਾਵੇਂ ‘ਇਟ ਡਿਪੈਂਡਸ ਆਨ ਇਨਡਿਊਜਅਲਸ਼ ਸਪੀਡ’ ਪਰ ਫਿਰ ਵੀ 4-5 ਮਿੰਟ ਲੱਗ ਹੀ ਜਾਦੇ ਹੋਣੇ ਆ। ਮੈਂ ਇਹ ਜਾਨਣ ਤੇ ਆਪਣੀ ਖੁਸੀ ਦਾ ਪ੍ਰਗਟਾਵਾ ਕੀਤਾ ਕਿ ਚਲੋਂ ਏਸੇ ਬਹਾਨੇ ਇਸ ਧਾਰਮਿਕ ਤਿਉਹਾਰ ’ਤੇ ਖੁਦਾ ਨੂੰ ਏਨੇ ਵੱਡੇ ਪੱਧਰ ਤੇ ਯਾਦ ਤਾਂ ਕੀਤਾ ਜਾਦਾ। ਆਖਰ ਲੱਖਾਂ ਦੀ ਤਦਾਦ ‘ਚ ਜਾਨਵਰ ਵੱਡਿਆ ਜਾਦਾ। ਪਰ ਉਸ ਦਾ ਜੁਆਬ ਵੀ ਕਰੰਟ ਲਾਉਣ ਵਾਲਾ ਹੀ ਸੀ ਅਖੇ “ਏਨਾਂ ਟਾਇਮ ਕਿਸ ਕੋਲ ਹੁੰਦਾ ਆਪਣਾਂ ਈ ਜੁਗਾੜ ਕਰਨਾਂ ਪੈਦਾ”। ਮੈਂ ਉਤਸੁਕਤਾ ਨਾਲ ਪੁਛਿਆ ਉਹ ਕਿਵੇਂ? ਕਹਿੰਦਾ “ਜਾਨਵਰ ਦੀ ਧੌਣ ਵੱਢਣ ਵਾਲੇ ਛੁਰੇ ਤੇ ਹੀ ਉਹ ਕਲਾਮ ਲਿਖਿਆਂ ਹੁੰਦਾ ਪਹਿਲਾਂ ਇੱਕ ਅੱਧੇ ਵਾਰੀ ਪੜ੍ਹ ਲੈਦੇ ਫਿਰ ਸਾਰਾ ਦਿਨ ਉਹੀਉ ਚੱਲੀ ਜਾਦਾ, ‘ਜੋ ਉਸ ਕੋ ਪੜ੍ਹਾ ਵੋ ਤੁਝੇ ਵੀ ਪੜ੍ਹਾ’, ‘ਜੋ ਉਸ ਕੋ ਪੜ੍ਹਾ ਵੋ ਤੁਝੇ ਵੀ ਪੜ੍ਹਾ । ”
*ਬੱਧਾ ਚਟੀ ਜੋ ਭਰੇ ਨਾ ਗੁਣ ਨਾ ਉਪਕਾਰ॥
ਸਲੋਕ ਮ:2