'ਇਹ ਨਹੀਂ ਭਾਊ ਮੁੜਦੇ'
ਚਰਨਜੀਤ ਸਿੰਘ ਤੇਜਾ
ਨਿਵਾਰੀ ਪਲੰਘ
ਵਾਣ ਵਾਲੇ ਵੱਡੇ ਮੰਜੇ
ਮੰਮੀ ਦੀ ਦਾਜ ਵਾਲੀ ਪੇਟੀ
ਭੜੋਲਾ, ਢੱਕਣਾਂ ਵਾਲੇ ਪੀਪੇ
ਬਿਸਤਰੇ ਤੇ ਹੋਰ ਨਿੱਕ ਸੁੱਕ
ਬੰਨ ਕੇ ਜਦੋਂ
ਪਿੰਡੋਂ ਤੁਰੇ ਸੀ ਅਸੀਂ,
ਤਾਂ ਥੜੀ 'ਤੇ ਬੈਠੇ ਬੰਦਿਆਂ 'ਚੋਂ
ਮੁੱਖੇ ਦੇ ਬੋਲ
ਕਿੰਨੇ ਚੁਬੇ ਸੀ ਮੈਨੂੰ
'ਇਹ ਨਹੀਂ ਭਾਊ ਹੁਣ ਮੁੜਦੇ'
ਸਰਕਾਰੀ ਕੈਂਟਰ 'ਤੇ ਸਮਾਨ ਲੱਦਦਿਆਂ
ਡੈਡੀ ਕਿੰਨਾਂ ਕੁਝ ਛੱਡੀ ਜਾਂਦਾ ਸੀ
ਇਹ ਕਹਿ ਕੇ
'ਚੱਲ, ਇਥੇ ਵੀ ਕੰਮ ਆਉਣਾਂ
ਕਿਹੜਾ ਪੱਕੇ ਚੱਲੇ ਆਂ'
ਨਾਲ ਹੱਥ ਪਵਾਉਦੇ 'ਸ਼ੁਭ-ਚਿੰਤਕਾਂ' ਨੂੰ
ਦੱਸਿਆ ਜਾ ਰਿਹਾ ਸੀ-
'ਪਿੰਡੀਂ ਥਾਂਈ ਬੜਾਂ ਔਖਾਂ ਜੀ
ਅਗਾਂਹ ਨਿਆਣੇ ਪੜਾਉਣੇ,
ਅੱਗੇ ਤਾਂ ਪੜਾਈ ਦਾ ਈ ਮੁੱਲ ਆ
ਦੋ ਚਾਰ ਸਾਲ ਈ ਆ ਵਖਤ ਦੇ
ਮੁੜ ਏਥੇ ਹੀ ਵਹੁਣੀ ਬੀਜਣੀ ਏ'
ਵਖਤ ਦੇ ਸਾਲ, ਦਹਾਕੇ ਬਣ ਗਏ
ਡੇਢ ਦਹਾਕੇ ਪਿਛੋਂ
ਪਿੰਡ ਛੱਡ ਵਸਾਇਆ ਸ਼ਹਿਰ
ਪੇਂਡੂ ਜਿਹਾ ਲੱਗਣ ਲੱਗਾ
ਪਤਾਂ ਨਹੀਂ ਕਿਹੜੇ ਵਖਤਾਂ ਦੇ ਮਾਰੇ
ਹੋ ਨਿਕਲੇ ਵੱਡਿਆਂ ਸ਼ਹਿਰਾਂ ਨੂੰ,
ਵੱਡੇ ਸ਼ਹਿਰ
ਵੱਡੇ ਤਾਂ ਨਹੀਂ
ਬੇ-ਲਗਾਮ ਖਾਹਿਸ਼ਾਂ ਤੋਂ
ਉਹ ਵੀ ਸੁੰਗੜ ਗਏ
ਰੁਪਈਆਂ ਤੇ ਡਾਲਰਾਂ ਦੇ ਜਮਾਂ ਘਟਾਓ 'ਚ,
ਹੁਣ ਡਾਲਰਾਂ ਦੇ ਸੁਨਹਿਰੀ ਸੁਪਨਿਆਂ 'ਚ
ਕਦੀਂ-ਕਦੀਂ ਮੁੱਖਾ ਵੀ ਮਿਲਦਾ ਹੁੰਦਾ
ਕਦੀਂ ਪਿੰਡ ਥੜੀਆਂ 'ਤੇ
ਕਦੀ ਅੰਬਰਸਰ ਰੇਲਵੇ ਟੇਸਨ
ਤੇ ਕਦੀਂ ਦਿੱਲੀ ਹਵਾਈ ਅੱਡੇ
ਹਾਲ ਪਾਰਿਆ ਕਰਦਾ
ਦੁਹਾਈਆਂ ਦੇਂਦਾ
ਜਾਣ ਵਾਲਿਆਂ ਨੂੰ ਸੁਣਾਂ-ਸੁਣਾਂ ਕਹਿੰਦਾ
"ਇਹ ਨੀ ਭਾਊ ਹੁਣ ਮੁੜਦੇ"