ਚਰਨਜੀਤ ਸਿੰਘ ਤੇਜਾ
ਹਲਫਨਾਮਾ
ਅਸੀਂ ਅਜੇ ਹੰਭੇ ਨਹੀਂ,
ਘੋੜੇ ਦੀ ਕੰਡ 'ਤੇ ਬਹਿ ਬਹਿ ਕੇ
ਸਾਡੀ ਜੰਗ ਅਜੇ ਜਾਰੀ ਹੈ
ਛਿੜਦੀ ਹੈ ਰਹਿ ਰਹਿ ਕੇ
ਜੰਗਲਾਂ ਤੇ ਉਜਾੜਾਂ ਦਾ ਪੰਧ
ਅਜੇ ਲੰਮੇਰਾ ਲਗਦਾ ਏ
ਲੜੇ ਹਾਂ ਲੜਦੇ ਰਹਾਂਗੇ
ਜਦ ਤਕ ਖੂਨ ਰਗਾਂ 'ਚ ਵਗਦਾ ਏ
ਅਸੀਂ ਕਲਮ ਤੋਂ ਤਲਵਾਰ ਤਕ
ਹਰ ਮੁਕਾਮ 'ਤੇ ਲੜਨਾ ਏ
ਤਲਵਾਰ ਦੀ ਧਾਰ ਤਿੱਖੀ ਕਰਨ ਲਈ
ਪਿਆ ਫਿਰ ਕਲਮ ਨੂੰ ਘੜਨਾ ਏ
ਅਸੀਂ ਤਾਂ ਖੰਡੇ ਤੋਂ ਜਨਮੇ ਹਾਂ
ਤੇ ਘੋੜ ਕਾਠੀਆਂ ਤੇ ਪਲੇ ਹਾਂ
ਮੌਤ ਨਾਲ ਫੇਰੇ ਲੈ ਕੇ
ਅਜੀਤ ਜੁਝਾਰ ਸੰਗ ਰਲੇ ਹਾਂ
ਸਾਨੂੰ ਇਤਿਹਾਸ 'ਤੇ ਮਾਣ ਹੈ
ਤੇ ਅੱਜ ਦੀ ਫਿਕਰ ਡਾਹਡੀ ਏ
ਸਾਡਾ ਅੱਤ ਆਧੁਨਿਕ ਫਲਸਫਾ
ਕਿਉਂ ਰਹਿ ਗਿਆ ਫਾਡੀ ਏ ?
ਸ਼ਮਸ਼ੀਰ ਫਿਰ ਖੂਨ ਮੰਗੇਗੀ
ਤੇ ਭੀੜ 'ਚੋਂ ਪੰਜ ਉਠਣਗੇ
ਬੰਦਾ ਸਰਹਿੰਦ ਢਾਹੇਗਾ ਤੇ
ਬੋਤੇ-ਗਰਜੇ ਘਰ ਘਰ ਫੁੱਟਣਗੇ
ਫਿਰ ਮਿਲ ਗੁਰ ਭਾਈ ਬੈਠਣਗੇ
ਤੱਖਤੋਂ ਹੁਕਮ ਗੁਰੂ ਦਾ ਆਵੇਗਾ
ਜਾਗ ਕੌਮ ਨੂੰ ਕਲਮ ਨੇ ਲਾਈ ਜਦੋ
ਤਾਂ 'ਤੇਜਾ' ਖੰਡੇ ਨੂੰ ਹੱਥ ਪਾਵੇਗਾ