Sunday, April 11, 2010

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਹਾਰ ਕੇ ਜੱਟ ਨੇ ਲੈ ਲਿਆ ਫਾਹਾ

ਗਈ ਮੁਕ ਕਣਕਾਂ ਦੀ ਰਾਖੀ

ਓ ਜੱਟਾ ਆਈ ਵਿਸਾਖੀ ....


ਖਾਦਾਂ ਡੀਜ਼ਲ ਬੀਅ ਸਪਰੇਆਂ

ਕੀ ਤੋਂ ਹੋ ਗਏ ਕੀ

ਸਭ ਕੁਝ ਵਧਿਆ

ਬੱਸ ਇਕ ਖੜਿਆ

ਜੱਟਾ ਐਮ.ਐਸ.ਪੀ

ਧਰਨੇ ਰੋਸ ਸਿਆਪੇ ਕੀਤੇ

ਦਿੱਲੀ ਤੱਕ ਕੀਤੀਆ ਮਾਰਾਂ

ਸੱਠੀ ਸਾਲੀ ਵੀ ਨਾ ਹੋਈ ਸੁਣਵਾਈ

ਕਈ ਬਦਲੀਆਂ ਸਰਕਾਰਾਂ

ਕਦੇ ਆੜਤੀਏ ਦੱਲੇ ਭੜੂਏ

ਕਦੇ ਚੜ੍ਹ ਆਈ ਖਾਕੀ

ਓ ਜੱਟਾ ਆਈ ਵਿਸਾਖੀ ….



ਔਖੇ ਸੌਖੇ ਹੋ ਮੁੰਡਾ ਪੜਾਇਆ

ਮੁੰਡਾ ਕਰ ਗਿਆ ਬੀ.ਏ.

ਕਈ ਸਾਲ ਨੌਕਰੀ ਪਿੱਛੇ ਭੱਜਿਆ

ਹੁਣ ਘਰ ਦੀ ਕੱਢ ਕੇ ਪੀਵੇ

ਕੁੜੀ ਵਿਆਹੀ, ਜ਼ਮੀਂ ਗਹਿਣੇ ਹੋ ਗਈ

ਬਾਕੀ ਪੁੱਤ ਨੇ ਬੈਅ ਕਰਤੀ

ਇਕ ਵਾਰ ਬੱਸ ਚਾੜ੍ਹ ਦੇ ਜਹਾਜੇ

ਏਜੰਟ ਦੇ ਹੱਥ 'ਤੇ ਧਰ ਤੀ

ਬਾਪੂ ਬੇਬੇ ਨਾਲ ਕਰੇ ਸਲਾਹਾਂ

ਕੀ ਉੁਮਰਾਂ ਵਿਚ ਖੱਟਿਆ

ਏਹੀਓ ਝੋਰਾ ਦਿਲ 'ਤੇ ਲਾਇਆ

ਬੱਸ ਜਾਨ ਹੀ ਲੈ ਕੇ ਹੱਟਿਆ

ਮੈਦਾਨ 'ਚ ਜ਼ਿੰਦਗੀ ਗੁੱਟ ਛੁਡਾ ਗਈ

ਦਾਅ ਹਾਰ ਗਿਆ ਜਾਫ਼ੀ

ਓ ਜੱਟਾ ਆਈ ਵਿਸਾਖੀ....


ਕਈ ਸਾਲ ਸਾਨੂੰ ਬਾਬੇ ਲੁੱਟਿਆ

ਹੁਣ ਆ ਗਿਆ ਕਾਕਾ

ਲੋਕ ਗੰ੍ਰਥੀਆਂ ਨੂੰ ਮੱਥੇ ਟੇਕਣ

ਓਹ ਗੰ੍ਰਥੀਆਂ ਦਾ ਵੀ ਆਕਾ

ਅੰਮ੍ਰਿਤਸਰ 'ਚ ਬੀਬੀ ਲਾਤੇ ਲੰਗਰ

ਬਠਿੰਡੇ ਨੰਨ੍ਹੀਆਂ ਛਾਂਵਾਂ

ਬਾਦਲ ਬੈਠਾ ਮੈਚ ਪਿਆ ਵੇਖੇ

ਕਿਨੂੰ ਹਾਲ-ਏ-ਪੰਜਾਬ ਸੁਣਾਵਾਂ

ਬਾਦਲ-ਗਾਂਧੀ ਛੋਹ ਕੇ ਬੈਠੇ

ਟੱਬਰਵਾਦ ਦੀ ਸਾਖੀ

ਓ ਜੱਟਾ ਆਈ ਵਿਸਾਖੀ....


ਦਰਿਆ 'ਚ ਖੁੱਲੀ ਪੰਡ ਤੂੜੀ ਦੀ

ਕੰਨੀਆਂ ਨਾ ਫੜ੍ਹੀਆਂ ਵੀਰਾਂ

ਲੋੜ ਪਈ 'ਤੇ ਵਾ ਨਾ ਵਿੰਨੀ

ਟੁੱਟੇ ਮਿਰਜੇ ਦਿਆਂ ਤੀਰਾਂ

ਸਰਮਾਏਦਾਰਾਂ ਤੇ ਵੱਡਿਆਂ ਰਾਠਾਂ

ਕਦੇ ਕੱਠੇ ਬੈਹਿਣ ਨਾ ਦਿੱਤਾ

ਜਗੀਰਾਂ ਵਾਲਿਆਂ ਨੇ ਮੱਤ ਭਿੱਟ ਤੀ

ਹਾਊਮੈ ਨੂੰ ਵੱਡਾ ਕੀਤਾ

ਬਾਬੇ ਜੈਤੇ ਤੇ ਜੀਵਨ ਸਿਓਂ ਬਿਨ

ਕਿਹੜੀ ਜੰਗ ਅਸਾਂ ਜਿੱਤੀ ?

ਫੇਰ ਭਰਾਵੋ ਜੰਗ ਹਾਰਨ ਲਈ

ਵਿਚਾਲੇ ਲੀਕ ਕਿਉਂ ਖਿੱਚੀ

ਕਿਉਂ ਸੁੱਟ ਗਿਆ ਹੱਥਿਆਰ ‘ਤੇਜਿਆ’


ਚੱਲ ਫਿਰ ਫੜੀਏ ਦਾਤੀ


ਓ ਜੱਟਾ ਆਈ ਵਿਸਾਖੀ....






............................ਤੇਜਾ


Read more...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP