Tuesday, August 24, 2010

ਔਰਤ ਦੀ ਗੁਲਾਮ ਮਾਨਸਿਕਤਾ ਦਾ ਤਿਉਹਾਰ-- ਰੱਖੜੀ

ਚਰਨਜੀਤ ਸਿੰਘ ਤੇਜਾ
ਗੁਲਾਮੀ,ਦੁਨੀਆਂ ਦੀ ਸਭ ਤੋਂ ਵੱਡੀ ਲਾਹਨਤ ਹੈ।ਚਾਰ ਦਿਨ ਦੀ ਚਾਕਰੀ ਹੀ ਬੰਦੇ ਦੇ ਅੰਦਰ ਨੂੰ ਖੋਰਾ ਲਾ ਜਾਂਦੀ ਹੈ।ਗੁਲਾਮੀ, ਸਭ ਤੋਂ ਵੱਡੀ ਢਾਹ ਸਾਡੇ ਆਤਮ ਸਨਮਾਨ ਨੂੰ ਲਾਉਂਦੀ ਹੈ।ਲੰਮੇ ਸਮਾਂ ਗੁਲਾਮੀ ‘ਚ ਜੀਣ ਤੋਂ ਬਾਅਦ ਮਨੁੱਖ ਅੰਦਰੋਂ ਗੈਰਤ ਤੇ ਅਣਖ ਦੀ ਲੋਅ ਮੱਧਮ ਪੈ ਜਾਂਦੀ ਹੈ। ਆਪਣੀ ਗੱਲ ਨੂੰ ਵਿਸ਼ੇ ਵੱਲ ਤੋਰਦਿਆਂ ਕਹਾਂਗਾ ਕਿ ਬਦਕਿਸਮਤੀ ਨਾਲ ਗੁਲਾਮੀ ਭਾਰਤੀ ਔਰਤ ਦੇ ਮਾਣ ਸਨਮਾਨ ਨੂੰ ਕਈ ਸਦੀਆਂ ਨੇ ਬਹੁਤ ਵੱਡੀ ਢਾਹ ਲਾਈ ਹੈ।ਇਸ ਸਭ ‘ਚ ਉਸਦਾ ਕੋਈ ਦੋਸ਼ ਨਹੀਂ ,ਪਰ ਸਮੇਂ ਦੀਆਂ ਲੱਖ ਕਰਵਟਾਂ ਦੇ ਬਾਵਜੂਦ ਭਾਰਤੀ ਔਰਤਾਂ ਦਾ ਮਾਨਸਿਕ ਪਛੜੇਵਾਂ ਉਵਂੇ ਹੀ ਰਿਹਾ। ਭਾਵੇਂ ਉਹ ਕਿੰਨਾਂ ਪੜ੍ਹ ਲਿਖ ਗਈਆਂ ਹੋਣ।ਅੱਜ ਕਿਸੇ ਧਾਰਮਿਕ ਸਥਾਨ,ਕਬਰ ਮੜੀ ‘ਤੇ ਮੇਲਾ ਜਾ ਕਿਸੇ ਸਾਧ ਦੇ ਧਾਰਮਿਕ ਦੀਵਾਨ ‘ਚ ਵੱਗ ਇਕੱਠਾ ਕਰਨਾਂ ਹੋਵੇ ਤਾਂ ਜ਼ਨਾਨੀਆਂ ਦੀ ਭੀੜ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦੀ ਹੈ।ਜਦੋਂ ਕਿ ਔਰਤ ਦੀ ਅੱਜ ਦੀ ਸਥਿਤੀ ਤੇ ਹਜ਼ਾਰਾਂ ਸਾਲ ਦੀ ਗੁਲਾਮੀ ਤੇ ਸੋਸ਼ਣ ਲਈ ਸੱਭ ਤੋਂ ਵੱਧ ਜ਼ਿਮੇਵਾਰ ਵੀ ਅਖੋਤੀ ਧਰਮੀਂ ਹੀ ਹਨ ।ਦਰਅਸਲ ਗੁਲਾਮੀ ਦਾ ਪ੍ਰਕੋਪ ਹੀ ਐਸਾ ਹੈ ਕਿ ਇਹ ਸੋਚ ਨੂੰ ਖੁੱਢਿਆਂ ਕਰ ਦਿੰਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਅੱਜ ਇੱਕਵੀਂ ਸਦੀ ‘ਚ ਵੀ ਭਾਰਤੀ ਔਰਤ ਰੱਖੜੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਂ ਕੇ ਸਿੱਧ ਕਰਨਾ ਚਾਹੁੰਦੀ ਹੈ ਕਿ ਉਹ ਅੱਜ ਵੀ ਮਰਦ ਦੀ ਰਾਖੀ ਦੀ ਮੁਹਤਾਜ ਹੈ।ਇਤਿਹਾਸਕ ਪਰਿਪੇਖ ‘ਚ ਵੇਖੀਏ ਤਾਂ ਵਿਦੇਸੀ ਧਾੜਵੀਆਂ ਅੱਗੇ ਰੇਂਗਦੀ ਭਾਰਤੀ ਮਰਦਾਨਗੀ’ਚ ਕੋਈ ਵਿਰਲਾ ਹੀ ਮਰਦ ਲੱਭਦਾ ਅਤੇ ਜੀਅ ਭਿਆਣੀਆਂ ਨਹੁੰਆਂ-ਧੀਆਂ ਆਪਣੀ ਇੱਜਤ ਦੀ ਰਾਖੀ ਲਈ ਉਹਦੇ ਗੁੱਟ ‘ਤੇ ਧਾਗਾ ਬੰਨ ਕੇ ਰਾਖੀ ਕਰਨ ਦਾ ਵਚਨ ਲੈਦੀਆਂ ਸਨ। ਇਹ ਉਨਾਂ ਚਿਰ ਚਲਦਾ ਰਿਹਾ ਜਦ ਤੱਕ ਇਨ੍ਹਾਂ ਹਿੰਦਸਤਾਨੀ ਮਰਦਾਂ ਦੀ ਖਾਹ ਖਾਣ ਗਈ ਗੈਰਤ ਨੂੰ ਕਿਸੇ ਮਰਦ-ਅੰਗਮੜੇ ਨੇ ਆ ਕੇ ਨਾਂ ਹਲੂਣਿਆਂ । ਹੁਣ ਤੱਕ ਸਮਾਜਿਕ ਤੇ ਧਾਰਮਿਕ ਤੌਰ ਤੇ ਬੰਦੇ ਨਾਲੋਂ ਹੀਣੀ ਤੇ ਅਬਲਾ ਕਹੀ ਜਾਣ ਵਲੀ ਔਰਤ ਨੂੰ ਧਾਰਮਿਕ ਤੇ ਸਮਾਜਿਕ ਬਰਾਬਰੀ ਦਿੰਦਿਆਂ ਸਿੱਖ ਗੁਰੂਆਂ ਨੇ ਸਵੈ ਰਖਿਆ ਲਈ ਕ੍ਰਿਪਾਨ ਰੱਖਣਾਂ ਲਾਜ਼ਮੀ ਕਰਾਰ ਦਿੱਤਾ।ਤਵਾਰੀਖ ਗਵਾਹ ਹੈ ਕਿ ਜੁਲਮ ਤੇ ਅਨਿਆਂ ਵਿਰੁੱਧ ਸਿੱਖ ਔਰਤਾਂ ਮਰਦਾਂ ਦੇ ਬਰਾਬਰ ਲੜਦੀਆਂ ਰਹੀਆਂ। ਸਪੱਸ਼ਟ ਹੈ ਕਿ ਕਿਸੇ ਦੇ ਗੁੱਟ ‘ਤੇ ਧਾਗਾ ਬੰਨਣ ਦੀ ਮੁਥਾਜੀ ਨੂੰ ਗਲੋਂ ਲਾਹ ਕੇ ਆਪਣੇ ਹੱਥਾਂ ਦੀ ਤਾਕਤ ਤੇ ਭਰੋਸੇ ਦੀ ਬਖਸ਼ਿਸ ਹੋਈ। ਕੋਈ ਫਿਰਕਾ ਇਸ ਇਤਿਹਾਸਕ ਨਮੋਸ਼ੀ ਨੂੰ ਬੜੇ ਮਾਣ ਨਾਲ ਤਿਉਹਾਰ ਦੇ ਰੂਪ ‘ਚ ਮਨਾਂ ਸਕਦਾ ਹੈ।ਪਰ ਸਾਨੂੰ ਗਿਲਾ ਇਨਕਲਾਬੀ ਬਾਬੇ ਨਾਨਕ ਦੇ ਤਰਕਸੀਲ ਪੰਥ ਦੇ ਪਾਧੀਆਂ ਤੇ ਹੈ ।ਜਿਸ ਧਾਗੇ ਦੀ ਕਚਿਆਈ ਨੂੰ ਸਾਡਾ ਸਤਿਕਾਰਤ ਬਾਬਾ 11 ਸਾਲ ਦੀ ਉਮਰ ‘ਚ ਸਮਝ ਗਿਆ ਸੀ ਅਸੀ 540 ਸਾਲਾ ਦੇ ਹੋ ਕੇ ਸਭ ਕੁਝ ਵਿਸਾਰ ਗਏ। ਉਸ ਨੇ ‘ਨਾ ਇਹ ਟੁਟੇ ਨਾ ਮਲ ਲਗੈ ਨਾ ਇਹ ਜਲੈ ਨਾ ਜਾਏ’ ਕਹਿ ਅਜਿਹੇ ਧਾਗੇ ਦੀ ਮੰਗ ਕੀਤੀ ਜੋ ਸਦਾ ਚਿਰ ਸਦੀਵੀ ਹੋਵੇ।ਨਿਰਸੰਦੇਹ ਕੋਈ ਧਾਗਾ ਇਹ ਸ਼ਰਤ ਪੂਰੀ ਨਹੀਂ ਕਰ ਸਕਦਾ। ਸਦਾਚਾਰਕ ਗੁਣ ਹੀ ਮਨੁੱਖ ਦੇ ਨਾਲ ਜਾ ਸਕਦੇ ਹਨ ਜਦੋਂ ਕਿ ਅਸੀ ਉਸਦੇ ਸਿੱਖ ਕਹਾਉਣ ਵਾਲੇ ਕੱਚੇ ਧਾਗਿਆਂ ਤੇ ਆਸ ਟਿਕਾਈ ਬੈਠੇ ਹਾਂ।

ਅੱਜ ਪਦਾਰਥ ਦੀ ਦੌੜ ‘ਚ ਨਿੱਜੀ ਸੁਆਰਥਾਂ ਤੇ ਗਰਜਾਂ ‘ਚ ਰੁੜੇ ਜਾਂਦੇ ਸਮਾਜ ‘ਚ ਰਿਸਤਿਆਂ ਦਾ ਆਪਸੀ ਤਪਾਕ ਕਾਫੀ ਘੱਟ ਗਿਆ ਹੈ।ਨਿਜਵਾਦ ਏਨਾਂ ਭਾਰੂ ਹੋ ਗਿਆ ਕਿ ਖੁੂਨ ਦੇ ਰਿਸ਼ਤੇ ਪਾਣੀਉ ਪਤਲੇ ਹੋਏ ਪਏ ਹਨ। ਅੰਗਾਂ ਸਾਕਾਂ ਤੋਂ ਮੂਹ ਮੁਲਾਜਾ ਨਿਬੇੜ ਕੇ ਲੋਕ ਆਪੇ ਨੂੰ ਵਡਿਆਉਦੇ ਦੇਖੇ ਜਾ ਸਕਦੇ ਹਨ।ਇਹੋ ਜਿਹੇ ਮੂੰਹ ਜ਼ੋਰ ਸਮੇ ‘ਚ ਧਾਗਿਆਂ ਤੇ ਆਸ ਟਿਕਾਉਣੀ ਤਾਂ ਕੋਈ ਅਕਲਮੰਦੀ ਨਹੀਂ ਜਾਪਦੀ।ਧਾਗੇ ਕਰਨਗੇ ਵੀ ਕੀ? ਰਿਸ਼ਤਿਆਂ ਦੀ ਮਾਣ ਮਰਿਆਦਾ ਤਾਂ ਬੀਤੇ ਦੀ ਗੱਲ ਹੋ ਗਈ। ਬਹੁਤੀ ਵਾਰੀ ਆਪ ਮੁਹਾਰੀ ਹੋਈ ਧੀ ਨੂੰ ਮਾਪੇ ਹੱਥ ਜੋੜਦੇ ਵੇਖੇ ਜਾਂਦੇ ਨੇ ਕਿ ‘ਧੀਏ ਸਾਡੀ ਇਜ਼ਤ ਪੱਤ ਦੀ ਰਾਖੀ ਰੱਖੀ । ਹੁਣ ਉਥੇ ਕੋਈ ‘ਵਿਚਾਰਾ’ ਵੀਰ ਕੀ ਕਰੂ।

ਵੈਸੇ ਵੀ ਹਲਾਤ ਹਮੇਸ਼ਾ ਇੱਕਸਾਰ ਨਹੀਂ ਰਹਿੰਦੇ ਔਰਤ ਹੀ ਹਮੇਸ਼ਾਂ ਅਬਲਾ ਨਹੀਂ ਹੁੰਦੀ । ਸਮਾਜ ‘ਚ ਬਹੁਤ ਸਾਰੇ ਮਰਦ ‘ਅਬਲਾ’ ਤੇ ਔਰਤਾਂ ‘ਮਰਦਾਊ’ ਦੇਖੀਆਂ ਜਾਂ ਸਕਦੀਆਂ ਹਨ। ਕਈ ਵਿਚਾਰੇ ਆਪਣੀ ਰਾਖੀ ਆਪ ਕਰਨ ਜੋਗੇ ਨਹੀਂ ਹੁੰਦੇ ਉਹ ਵੀ ਗੁੱਟ ਤੇ ਫੁੱਲ ਵਾਲੀ ਰੱਖੜੀ ਬੰਨ ਕੇ ਮਰਦਾਨਗੀ ਦੀ ਲਾਟ ਜਗਾ ਰਹੇ ਹੁੰਦੇ ਹਨ । ਜੇ ਸੁਆਲ ਸਿਰਫ ਰਾਖੀ ਦਾ ਹੁੰਦਾ ਤਾਂ ਬੰਦੇ ‘ਤੇ ਤਾਂ ਵੈਸੇ ਵੀ ਆਪਣੇ ਆਰ-ਪਰਿਵਾਰ ਆਲੇ ਦੁਆਲੇ ਦੀ ਰਾਖੀ ਦੀ ਜ਼ਿੰਮੇਵਾਰੀ ਹੁੰਦੀ ਹੈ। ਗੈਰਤ ਨੂੰ ਜਗਾਉਣ ਲਈ ਕਿਸੇ ਧਾਗੇ ਦੀ ਲੋੜ ਨਹੀਂ ਤੇ ਮਰੀ ਹੋਈ ਗੈਰਤ ਨੂੰ ਕੋਈ ਧਾਗਾ ਜਿੰਦਾਂ ਵੀ ਨਹੀ ਕਰ ਸਕਦਾ।

ਚਲੋ ਜੇ ਇੱਕ ਪਲ ਲਈ ਮੰਨ ਵੀ ਲਿਆ ਜਾਵੇ ਕਿ ਰੱਖੜੀ ਬੰਨਣ ਨਾਲ ਵੀਰ ਭੈਣ ਦੀ ਰਾਖੀ ਲਈ ਵਚਨਬੱਧ ਹੋ ਜਾਦਾ ਹੈ ਤਾਂ ਵਿਆਹ ਪਿਛੋਂ ਮੀਲਾਂ ਦੂਰ ਬੈਠੀ ਭੈਣ ਦੀ ਰਾਖੀ ਵੀਰ ਕਿਵੇਂ ਕਰ ਸਕਦਾ ਹੈ। ਇਸ ਹਿਸਾਬ ਨਾਲ ਤਾਂ ਵਿਆਹ ਪਿਛੋਂ ਔਰਤ ਨੂੰ ਆਪਣੇ ਘਰ ਵਾਲੇ ਦੇ ਗੁੱਟ ਤੇ ਰੱਖੜੀ ਬੰਨਣੀ ਚਾਹੀਦੀ ਹੈ। ਜਿਹੜਾ ਅਬੀ-ਨਬੀ ਮੌਕੇ ਕੰਮ ਆਵੇ। ਉਲਟ ਸੁਆਲ ਇਹ ਵੀ ਕੀਤਾ ਜਾਂਦਾ ਹੈ ਕਿ ‘ਫਿਰ ਕੀ ਹੋਇਆ ਰੀਤ ਬਣੀ ਹੋਈ ਏ ਪੱਜ ਨਾਲ ਭੈਣ-ਭਾਈ ਦਾ ਮਿਲਾਪ ਹੋ ਜਾਂਦਾ ਹੈ ਤੇ ਪਿਆਰ ਵੱਧਦਾ ਹੈ।ਮੁਬਾਰਕ ! ਜਿੰਨੀ ਦੇਰ ਭੈਣ ਭਾਈ ਬਚਪਨ ‘ਚ ਖੇਡ ਖੇਡ ‘ਚ ਰੱਖੜੀ ਬੰਨਣ ਉਨੀ ਦੇਰ ਤਾਂ ਕੋਈ ਖਾਸ ਬਖੇੜਾ ਨਹੀਂ ਪੈਦਾ ।ਪੈਸੇ ਵੱਲੋਂ ਸਰਦੇ ਪੁਜਦੇ ਘਰਾਂ ‘ਚ ਇਹ ਖੇਡ ਉਮਰ ਭਰ ਲਈ ਵੀ ਖੇਡਣ ਜੋਗ ਹੋ ਸਕਦੀ ਹੈ। ਪਰ ਨਿਮਨ ਮੱਧਵਰਗੀ ਸ਼ਹਿਰੀ ਪਰਿਵਾਰ, ਮਾੜਾ ਵਪਾਰੀ ਤੇ ਘੱਟ ਤੇ ਬੇਜ਼ਮੀਨੇ ਕਿਸਾਨ ਪਰਿਵਾਰਾਂ ‘ਚ ਮਾਤੜ ਭਰਾਵਾਂ ਲਈ ਰੱਖੜੀ ਵਿਹੁ ਦਾ ਘੁਟ ਬਣੀ ਹੁੰਦੀ ਹੈ। ਆਏ ਸਾਲ ਰੱਖੜੀ ਕਈਆਂ ਪਰਿਵਾਰਾਂ ‘ਚ ਪੁਆੜੇ ਪਾ ਜਾਂਦੀ ਹੈ।ਜਿਥੇ ਭੈਣ ਜਾ ਭਰਾ ਇੱਕ ਤੋਂ ਵੱਧ ਹੋਣ ਉਥੇ ਲੈਣ ਦੇਣ ਤੋਂ ਧੜੇਬਾਜ਼ੀਆਂ ਤੇ ਪਾਟੋਧਾੜ ਤੱਕ ਦੀ ਨੌਬਤ ਆ ਜਾਦੀ ਹੈ। ਭਰਜਾਈਆ ਦੀ ਕਿਸੇ ਇੱਕ ਨਣਾਨ ਨਾਲ ਜਾਂ ਭੈਣ ਦੀ ਕਿਸੇ ਇੱਕ ਵੀਰ ਨਾਲ ਨੇੜਤਾ ਜਾਂ ਵੈਰ ਰੱਖੜੀ ਵਾਲੇ ਦਿਨ ਨਸ਼ਰ ਹੋ ਜਾਦਾ ਹੈ ਤੇ ਭਾਈ ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਵਾਲੇ ਦਿਨ ਕਈ ਭੈਣਾਂ ਸੂਟਾਂ ਤੇ ਪੈਸਿਆ ਤੋਂ ਰਿਹਾੜ ਪਾਉਦੀਆਂ ਤੇ ਕਈ ਗੁੰਮ –ਸੁੰਮ ਹੋ ਕੇ ਪੇਕਿਆਂ ਦੇ ਘਰੋਂ ਨਿਕਲਦੀਆ ਦੇਖੀਆਂ ਜਾ ਸਕਦੀਆ ਹਨ।

ਅਜਿਹੀ ਕਰਮਕਾਂਡੀ ਵਿਵਸਥਾ ਨੂੰ ਅਸੀਂ ਅਖੌਤੀ ਪੜ੍ਹੇ ਲਿਖੇ ਲੋਕ ਅਨਪੜਾਂ ਦੀ ਉਪਜ ਦੱਸਦੇ ਹਾਂ। ਪਰ ਸਾਡੀਆਂ ਪੜ੍ਹੀਆਂ ਲਿਖੀਆਂ ਕਹੀਆਂ ਜਾਣ ਵਾਲੀਆਂ ਬੀਬੀਆਂ ਵੀ ਦੋਹਰੇ ਮਾਪਦੰਡ ਅਪਣਾਉਦੀਆਂ ਦੇਖੀਆਂ ਜਾ ਸਕਦੀਆਂ ਹਨ। ਰਾਣੀ ਝਾਂਸੀ, ਕਲਪਨਾ ਚਾਵਲਾ , ਪ੍ਰਤਿਭਾ ਪਾਟਿਲ ਦੇ ਨਾਂ ਲੈ ਲੈ ਕੇ ਨਾਰੀ ਦਾ ਜੁਗ ਬਦਲਣ ਦੇ ਦਾਅਵੇ ਕਰਨ ਵਾਲੀਆਂ ਵੀ ਨਾਰੀ ਤ੍ਰਿਸਕਾਰ ਦੇ ਅਜਿਹੇ ਕੋਹਜ ਕੰਮਾਂ ਤੋਂ ਬਾਜ ਨਹੀਂ ਆੳਂੁਦੀਆਂ। ਪੜੀਆਂ ਲਿਖੀਆਂ ਤੇ ਸਿੱਖੀ ਭੇਖ ‘ਚ ਦਿਖਣ ਵਾਲੀਆਂ ਬੀਬੀਆਂ ਮੰਗਲ ਸੂਤਰ, ਕਰਵਾ ਚੌਥ ,ਵਰਤ ਰੱਖਣੇ ਤੇ ਗੁੱਟਾਂ ਤੇ ਮੌਲੀਆਂ ਧਾਗੇ ਬੰਨ ਕੇ ਵਿਰਸੇ ‘ਚ ਮਿਲੀ ਮਾਨਸਿਕ ਆਜ਼ਾਦੀ ਨੂੰ ਧਾਗਿਆਂ ਦੀ ਗੁਲਾਮੀ ‘ਚ ਜਕੜਨ ਦੇ ਆਹਰ ‘ਚ ਲੱਗੀਆ ਹੋਈਆਂ ਹਨ ।ਪਰ ਇਸ ਸਭ ਲਈ ਸਾਡੀ ਪਿਛਲੱਗ ਬਿਰਤੀ ਜ਼ਿੰਮੇਵਾਰ ਹੈ।ਉਧਰ ਅਰਬਾਂ ਰੁਪਈਆਂ ਦੀ ਮੰਡੀ ਤੇ ਇਨਵੈਸਟਮੈਟ ਰੱਖੜੀ ਨਾਲ ਜੁੜੀ ਹੋਈ ਹੈ ।ਸਾਡਾ ਮੀਡੀਆ ਤੇ ਫਿਲਮਾਂ ਇਨ੍ਹਾਂ ਬੀਤੇ ਸਮੇ ਦੀ ਗੁਲਾਮ ਵਿਵਸਥਾ ਨੂੰ ‘ਸਟੇਟਸ ਸਿੰਬਲ’ ਵਜੋਂ ਪੇਸ਼ ਕਰ ਰਿਹਾ ਹੈ ਤੇ ਅਸੀਂ ਸਿੱਖ ਕਹਾਉਣ ਵਾਲੇ ਘੁਗੂ ਬਣੇ ਹੋਏ ‘ਜੀ ਚਲਦਾ ਈ ਐ ਅੱਜਕੱਲ’ ਕਹਿ ਕੇ ਗੁਰੁ ਬਾਬੇ ਦੀ ਵਰਿਆਂ ਦੀ ਕਠਿਨ ‘ਤਪੱਸਿਆ’ ਨੂੰ ਮਿੱਟੀ ਰੋਲ ਰਹੇ ਹਾ। ਜਿਸ ਜੂਲੇ ਹੇਠੋਂ ਕੱਢਣ ਲਈ ਗੁਰੁ ਬਾਬੇ ਨੇ ਨਾਨਕ ਨੇ ਔਕੜਾਂ ਭਰਿਆਂ ਸੰਘਰਸ਼ ਕੀਤਾ , ਬਾਹਮਣਾਂ, ਮੋਲਾਣਿਆਂ ਤੇ ਪੁਜਾਰੀਆ ਨਾਲ ਵੈਰ ਲਿਆ, ਜਾਬਰ ਹਾਕਮਾਂ ਦੇ ਤਸੀਹੇ ਝੱਲੇ , ਲੱਖਾਂ ਜਿੰਦੜੀਆਂ ਲੇਖੇ ਲੱਗ ਗਈਆਂ ਤੇ ਅੱਜ ਅਸੀਂ ਆਪ ਆਪਣੀ ਧੋਣ ਉਸ ਜੂਲੇ ਹੇਠ ਦਈ ਜਾ ਰਹੇ ਹਾ।ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕਰ ਵੀ ੳੇਸੇ ਦੇ ਨਾਂ ਤੇ ਰਹੇ ਹਾ ।ਕਿਸੇ ਅਗਿਆਨੀ ਅਥਵਾ ਸਾਜਸ਼ਕਾਰੀ ਚਿੱਤਰਕਾਰ ਦੀ ‘ਗੁਰੂ ਨਾਨਕ ਦੇ ਗੁੱਟ ਤੇ ਬੇਬੇ ਨਾਨਕੀ ਦੀ ਰੱਖੜੀ ਬੰਨਣ ‘ਵਾਲੀ ਕ੍ਰਿਤ ਦੀ ਸਾਖੀ ਬਣਾ ਕੇ ਬੂਬਨੇ ਸਾਧਾ ਨੇ ਢੋਲਕੀਆਂ ਤੇ ਚੁਮਟਿਆਂ ਦੀ ਲੈਅ ਤੇ ਐਸਾ ਪ੍ਰਚਾਰ ਕੀਤਾ ਕਿ ਅੱਜ ਕਿਸੇ ਸਿੱਖ ਕਹਾਉਣ ਵਾਲੇ ਨਾਲ ਰੱਖੜੀ ਬਾਬਤ ਵਿਚਾਰ ਕਰ ਲਈਏ ਤਾਂ ਉਹ ਨਿਲੱਜਤਾ ਦੇ ਨਾਲ ਬੇਬੇ ਨਾਨਕੀ ਦੀ ਰੱਖੜੀ ਦਾ ਹਵਾਲਾ ਦੇਣ ਲੱਗ ਪੈਂਦਾ ਹੈ।

‘ਅਕਲੀ ਪੜ੍ਹ ਕੇ ਬੂਝੀਐ’ ਤੇ ‘ਛੋੜੀਲੇ ਪਾਖੰਡਾ ‘ ਦਾ ਨਾਅਰਾ ਦੇਣ ਵਾਲੇ ਗੁਰੁ ਬਾਬੇ ਦੇ ਫਲਸਫੇ ਦੇ ਐਸੇ ਅੰਨੇ ਧਾਰਨੀਆ ਨੂੰ ਲਾਹਨਤ ਹੈ ਜੋ ਗੁਰਬਾਣੀ ਦੀਆਂ ਸੈਂਕੜੇ ਸਪੱਸ਼ਟ ਸਤਰਾਂ ਨੂੰ ਅੱਖੋ ਉਹਲੇ ਕਰ ਟੁਕੜਬੋਚ ਸਾਧਾਂ, ਡੇਰੇਦਾਰਾਂ ਤੇ ਟਕਸਾਲੀਆ ਦੇ ਆਖੇ ਲੱਗ ਗੁਰੁ ਨਾਨਕ ਦੇ ਇਨਕਾਲਾਬੀ ਸਿਧਾਤ ਨੂੰ ਕੱਖੋਂ ਹੋਲਾ ਕਰ ਰਹੇ ਹਨ।
ਦਰਅਸਲ ਦੋਸ਼ ਸਾਡਾ ਵੀ ਨਹੀਂ ਸਾਡੀਆ ਨਾੜਾਂ ‘ਚ ਜੰਮਿਆ ਬ੍ਰਹਮਣਵਾਦ ਦਾ ਜੰਗਾਲ ਸਾਡੇ ਖੁਨ ਨਾਲ ਸਦਾ ਵਹਿੰਦਾ ਹੀ ਰਹੇਗਾ। ਜਦੋਂ ਕੋਈ ਅੱਤ ਦਰਜੇ ਦਾ ਨਿੱਗਰ ਜਾਵੇ ਤਾਂ ਉਸਨੂੰ ਕਿਹਾ ਜਾਦਾ ਹੈ ‘ਇਹਦਾ ਤਾਂ ਹੁਣ ਰੱਬ ਹੀ ਰਾਖਾ’ ਪਰ ਸਾਡਾ ਹੁਣ ਉਹ ਵੀ ਨਹੀਂ ਤੇ ਗੁਰੂ ਵੀ ਨਹੀਂ ਕਿੳਂਕਿ ਗੁਰੁ ਦਾ ਹੁਕਮ ਤਾਂ ਅਸੀ ਵਿਸਾਰ ਦਿਤਾ :-

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ਼ ਦਿਯੋ ਮੈਂ ਸਾਰਾ
ਜਬ ਇਹ ਗਹੈ ਬਿਪਰਨ ਕੀ ਰੀਤ
ਤਬ ਮੈ ਨਾਂ ਕਰੋਂ ਇਨ ਕੀ ਪ੍ਰਤੀਤ

9478440512

2 ਆਪਣੀ ਰਾਇ ਇਥੇ ਦਿਓ-:

Jagmel Singh,  August 24, 2010 at 10:32 AM  

bahut khoob charanjeet singh, keep continue, shyed kuchh log jaag jaan..... God Bless you

جسوندر سنگھ JASWINDER SINGH August 28, 2010 at 5:10 AM  

ਮੈਨੂੰ ਯਾਦ ਤਾਂ ਨਹੀਂ ਪਰ ਹੋ ਸਕਦਾ ਕਿਸੇ ਪੋਪਟ ਬਾਬੇ ਨੇ ਇਹ ਧਾਰਨਾ ਗਾ ਹੀ ਦਿੱਤੀ ਹੋਵੇ
ਪੜੋ ਬੀਬੀਓ..
"ਲੈ ਕੇ ਨਾਨਕੀ ਸੁਲਤਾਨਪੁਰੋਂ ਆਈ ਬਾਬੇ ਨੂੰ ਬੰਨ੍ਹਣ ਰੱਖੜੀ"

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP