Sunday, February 28, 2010

ਖਿਆਲਾਂ ਦੇ ਦੁੜੰਗੇ….

ਨਵੀਨ ਕਾਲੀਆ
ਸਮਾਂ ਬਦਲਿਆ, ਲੋਕ ਬਦਲੇ, ਨਵੀਆਂ ਗੱਲਾਂ ’ਤੇ ਨਵੇਂ ਸ਼ੌਕ । ਸਮਾਜ ‘ਚ ਪੈਰ ਪਸਾਰ ਰਿਹਾ ਬੁਧੀਜੀਵੀ ਵਰਗ ਇਸ ਨੂੰ ਆਧੁਨਿਕ ਯੁਗ ਵੀ ਕਹਿੰਦਾ ਪਰ ਇਸ ਆਧੁਨਿਕ ਯੁੱਗ ਦੇ ਲੋਕ ਬੰਦੇ ਘੱਟ ਤੇ ਪੁਤਲੇ ਜਿਆਦਾ ਲਗਦੇ ਨੇ ਹਮੇਸ਼ਾ ਹੀ ਫਿਕਰਾਂ ਦੇ ਆਲਮ ‘ਚ ਘਿਰੇ ਇੰਝ ਲਗਦਾ ਏ ਕਿ ਭਈ ਇਹ ਲੋਕ ਜਿੰਦਗੀ ਜਿਊਣ ਦਾ ਅਸਲੀ ਸੁਆਦ ਹੀ ਭੁਲ ਗਏ ਹੋਣ ਹਰ ਕੋਈ ਇਕ ਦੂਜੇ ਤੋਂ ਅਗਾਂਹ ਲੰਘਣ ਦੀ ਦੌੜ ਵਿੱਚ ਲੱਗਿਆ ਹੋਇਆ ਏ ਉਹ ਦੌੜ ਜਿਹੜੀ ਕਦੇ ਨਹੀਂ ਖਤਮ ਹੋਣੀ। ਕਿਉਂਕਿ ਮੰਜ਼ਿਲ ਤੇ ਮੰਜਿਲ ਨੂੰ ਹਾਸਿਲ ਕਰਨ ਦਾ ਤਰੀਕਾ ਈ ਗਲਤ ਏ।ਅੱਜ ਕੱਲ ਅੰਗ੍ਰੇਜ਼ੀ ਦਾ ਇਕ ਸ਼ਬਦ ਕਾਫ਼ੀ ਪ੍ਰਚਾਲਿਤ ਹੋਇਆ ਏ ‘ਪ੍ਰੋਫੈਸ਼ਨਲਿਜ਼ਮ’।ਮਤਲਬ ਕਿ ਅਦਾਰੇ ਦੀਆਂ ਹੱਦਾਂ ਰਹਿੰਦਿਆਂ ਕਿੱਤੇ ਦੇ ਪ੍ਰਤੀ ਫ਼ਰਜ਼ਾਂ ਨੂੰ ਨਿਭਾਉਣਾ। ਭਾਰਤ ਵਿੱਚ ਇਸ ਅੰਗਰੇਜ਼ੀ ਸ਼ਬਦ ਦਾ ਅਰਥ ਕਾਮਿਆ ਨੇ ਬਹੁਤ ਗਲਤ ਢੰਗ ਨਾਲ ਸਮਝਿਆ ਏ।ਇਥੋਂ ਦੇ ਲੋਕਾਂ ਲਈ ਪ੍ਰੋਫੈਸ਼ਨਲੀਜ਼ਮ ਦਾ ਮਤਲਬ ਇਕ ਦੂਜੇ ਨੂੰ ਨੀਵਾਂ ਵਿਖਾ ਨਿੱਕੀਆ ਨਿੱਕੀਆ ਥਾਪੀਆਂ ਹਾਸਿਲ ਕਰਨਾ ਏ।ਪਰ ਉਹ ਸ਼ਾਇਦ ਇਨਸਾਨਿਅਤ ਦੀਆਂ ਕਦਰਾਂ ਕੀਮਤਾਂ ਜੜ੍ਹੋ ਹੀ ਭੁੱਲ ਚੁੱਕੇ ਹੁੰਦੇ ਨੇ ਹਰ ਕੋਈ ਲੱਖਾਂ ਕਮਾਉਣਾਂ ਚਾਹੁੰਦਾ ਹੈ ਤੇ ਲੋਕ ਤਾਂ ਸੁੱਤੇ ਪਏ ਵੀ ਆਪਣੇ ਦਿਮਾਗ ਨੂੰ ਬੇਲਗਾਮ ਘੋੜੇ ਵਾਂਗ ਘੁਮਾਈ ਜਾਂਦੇ ਨੇ , ਸੁਪਨਿਆ ‘ਚ ਵੀ ਲੱਖਾਂ ਕਮਾਈ ਜਾਂਦੇ ਨੇ । ਸਮਾਜ ਚਿੰਤਕ ਕੋਈ ਕੀ ਕਰੂ ਬੰਦੇ ਨੇ ਹੀ ਰਾਹ ਪੁੱਠਾ ਫੜ ਲਿਆ ਤੇ ਸਮਾਜ ਵੀ ਉਹੀ ਰੰਗ ਫੜੂਗਾ ਜੋ ਬੰਦੇ ਉਸ ’ਚ ਭਰਨਗੇ । ਅਸੀ ਸਾਰੀ ਉਮਰ ਇਵੇ ਹੀ ਸਬਜ਼ਬਾਗਾਂ ਵਿੱਚ ਗੁਜ਼ਾਰ ਦਿੰਦੇ ਆ।                        ਪੜ੍ਹਨ ਵਾਲ ਕਹੂ ਭਾਈ ਤੈਨੂੰ ਕੀ ? ਦੱਸ ਤੇਰਾ ਕੀ ਦੁਖਦਾ ?
ਮੈਂ ਤਾਂ ਇਸ ਲਈ ਔਖਾਂ ਕਿਉਂਕਿ ਇਸ ਕੁੱਤੇ ਵੇਲੇ ਨੇ ਸਾਡੇ ਕੋਲੋਂ ਬਹੁਤ ਕੁਝ ਕੋਹ ਲਿਆ ਏ।ਗਲ੍ਹ ਸ਼ੁਰੂ ਕਰਦੇ ਆ ਸ਼ੈਕਲ ਤੋਂ। ਅੱਜਕੱਲ ਦੇ ਮੁੰਡਿਆਂ ਦੀ ਬਹਿਣੀ ਬਹਿ ਕੇ ਵੇਖੋ ਉਨ੍ਹਾਂ ਦਾ ਬਹੁਤਾ ਸਮਾਂ ਮੋਟਰਸਾਇਕਲਾਂ, ਕਾਰਾਂ, ਮੋਬਾਇਲਾਂ ਦੇ ਮਾਡਲਾਂ ਦੀਆਂ ਗੱਲਾਂ ਈ ਲੰਘਦਾ ਏ। ਪਰ ਉਹ ਵੀ ਵੇਲਾ ਸੀ ਜਦੋਂ ਸਾਇਕਲ ਦੇ ਦਿਨ ਸਨ। ਜਦੋਂ ਨਿਆਣੇ ਨੇ ਸਾਇਕਲ ਦੀ ਜਾਚ ਸਿੱਖ ਲੈਣੀ ਆਤਮ ਵਿਸ਼ਵਾਸ ਹੱਦੋਂ ਵੱਧ ਹੀ ਵੱਧ ਜਾਂਦਾ ਸੀ।ਪਹਿਲਾਂ ਕੈਂਚੀ ਸਿੱਖਣੀ ਤੇ ਫੇਰ ਕਾਠੀ ਚੜਨਾ। ਮੋਟਰਸਾਇਕਲ ਚਲਾਉਣ ਦਾ ਉਹ ਨਜ਼ਾਰਾ ਅੱਜ ਤੱਕ ਨਹੀਂ ਆਇਆ ਜੋ ਸਾਇਕਲ ਦਾ ਆਉਂਦਾ ਸੀ। ਉਦੋਂ ਮਨ ਇਕੋ ਗੱਲ ਸੋਚਦੇ ਰਹਿੰਦਾ ਕਿ ਕਦ 14 ਇੰਚੀ ਤੋਂ 18 ਤਕ ਪਹੁੰਚਾਂਗੇ ਤੇ ਕਦ 18 ਤੋਂ 21 ਤੇ ਫਿਰ 24 ਇੰਚੀ ਦੀ ਸਵਾਰੀ ਕਰਾਂਗੇ। ਜਿਉਂ ਜਿਉਂ ਸਾਇਕਲ ਦਾ ਸਾਇਜ ਵੱਧਦਾ ਤਿਉਂ ਤਿਉਂ ਹੌਸਲਾਂ ਬੁਲੰਦ ਹੋਈ ਜਾਣਾ।ਸਾਇਕਲ ਤਾਂ ਸਾਇਕਲ ਉਸ ਦਾ ਕੱਲਾ ਚੱਕਾ ਹੀ ਨਹੀਂ ਸੀ ਟਿਕਣ ਦਈਦਾ, ਨੰਗੇ ਪੈਰੀ ਪਹੀਏ ਨੂੰ ਡੰਡੇ ਨਾਲ ਪੂਰੇ ਪਿੰਡ ਚ ਘੁਮਾ-ਘੁਮਾ ਕੇ ਧੂੜਾਂ ਪੱਟੀ ਜਾਣੀਆਂ। ਅੱਜ ਕੱਲ ਨਿਆਣੇ ਸਾਇਕਲ ਦੀਆਂ ਖੂਬੀਆਂ ਨੂੰ ਕਿਥੋਂ ਸਮਝਣਗੇ।ਸਕੂਲਾਂ ਵਿੱਚ ਵੀ ਬੱਚੇ ਸਾਇਕਲਾਂ ਦੀ ਥਾਂ ਮੋਟਰਸਾਇਕਲਾਂ ਤੇ ਚੜ੍ਹੇ ਫਿਰਦੇ ਨੇ। ਜਿਸ ਤੋਂ ਇੰਝ ਲਗਦਾ ਏ ਕਿ ਉਹ ਆਪਣੇ ਬਚਪਨ ਨੂੰ ‘ਫੁਕਰੀਆ’ ਦੇ ਢਾਏ ਚਾੜ ਕੇ ਅਝਾਂਈ ਗਵਾ ਰਹੇ ਨੇ। ਮੰਨਦਾ ਹਾਂ ਕਿ ਅੱਜ ਦੇ ਨਿਆਣੇ ਤਕਨੀਕੀ ਤੌਰ ਤੇ ਮਜਬੂਤ ਨੇ ਪਰ ਉਹ ਬੇਫਿਕਰੇ ਨਹੀਂ । ਨਿਆਣਪੁਣਾ ਹੀ ਚਿੰਤਾ ਤੋਂ ਮੁਕਤ ਹੁੰਦਾ ਸੀ ਪਰ ਦੱਖ ਦੀ ਗੱਲ ਕਿ ਹੁਣ ਉਹ ਵੀ ਨਹੀਂ ਰਿਹਾ।
ਅੱਗੇ ਵੱਧਦੇ ਆ ਸਟੀਲ ਦੇ ਭਾਂਡਿਆ ਵੱਲ…….. ਮੈਂ ਇਨ੍ਹਾਂ ਤੋਂ ਵੀ ਨਰਾਜ਼ ਆਂ ਇਨ੍ਹਾਂ ਨੇ ਪਿੱਤਲ ਦੇ ਭਾਂਡਿਆ ਦੀ ਜਗ੍ਹਾਂ ਲੈ ਲਈ ਏ। ਜਿਸ ਦਾ ਸਭ ਤੋਂ ਵੱਧ ਨੁਕਸਾਨ ਪਿੱਤਲ ਦੇ ਭਾਂਡੇ ਕਲੀ ਕਰਨ ਵਾਲਿਆ ਨੂੰ ਹੋਇਆ ਏ ।ਗ਼ਰੀਬਾਂ ਦਾ ਕਿੱਤਾ ਸਟੀਲ ਦੇ ਭਾਂਡਿਆ ਦੀ ਬਲੀ ਚੜ੍ਹ ਗਿਆ ਏ।ਨਿੱਕੇ ਹੁੰਦਿਆਂ ਜਦ ਪਿੰਡ ‘ਚ ਭਾਂਡੇ ਕਲੀ ਕਰਨ ਵਾਲੇ ਭਾਈ ਨੇ ਆਉਣਾਂ ਤਾਂ ਆਮ ਹੀ ਪਿੰਡ ਦੇ ਨਿਆਣਿਆਂ ਨੇ ਬੜੇ ਧਿਆਨ ਨਾਲ ਕਲੀ ਕਰਨ ਦੀ ਤਰੀਕੇ ਨੁੰ ਵੇਖਣਾ, ਕਲੀ ਕਰਨਾ ਵੀ ਕਿਸੇ ਕਲਾ ਨਾਲੋਂ ਘੱਟ ਨਹੀਂ ਸੀ ਹੁੰਦਾ ਪਰ ਅੱਜ ਇਹ ਵੀ ਕਿੱਤਾ ਅਲੋਪ ਹੀ ਹੋ ਗਿਆ ਏ। ਹੁਣ ਗਲੀਆਂ ਉਹ ਸੁਰੀਲੀ ਅਵਾਜ਼ ਨਹੀਂ ਗੂੰਜਦੀ……                                  ਭਾਂਡੇ ਕਲੀ ਕਰਾ ਲਓ…ਭਾਂਡੇ…..
ਹੁਣ ਗੱਲ ਕਰਦੇ ਆਂ ਵਿਆਹਾਂ ਦੀ । ਪੰਜਾਬ ਦੇ ਵਿਆਹਾਂ ‘ਚ ਤਾਂ ਘੋੜੀਆਂ,ਸੁਹਾਗ ਦੇ ਗੀਤ ,ਸਿੱਠਣੀਆ, ਸੁਨਣ ਦਾ ਵੱਖਰਾ ਸੁਆਦ ਹੁੰਦਾ ਏ।ਜਦ ਵੀ ਪਿੰਡ ਕਿਸੇ ਦਾ ਵਿਆਹ ਹੋਣਾ ਤੇ ਸ਼ਗਨਾਂ ਦੇ ਗੀਤ ਗਾਉਣ ਲਈ ਪਿੰਡ ਦੀਆਂ ਬੀਬੀਆਂ ਨੇ ਵਿਆਹ ਵਾਲੇ ਘਰ ਜਾ ਕੇ ਰੋਣਕ ਲਾਇਆ ਕਰਨੀ ।ਉਸ ਵੇਲੇ ਮੈ ਵੇਖਿਆ ਕਰਨਾ ਕਿ ਨਵੀਆਂ ਕੁੜੀਆਂ ਨੇ ਸ਼ਗਨਾਂ ਦੇ ਗੀਤਾਂ ਵੱਲ ਬਹੁਤ ਘੱਟ ਧਿਆਨ ਦੇਣਾਂ, ਧਿਆਨ ਕਿਥੋਂ ਦੇਣਾਂ ਸੀ ਕਿਉਂਕਿ ਉਨਾਂ ਨੂੰ ਤਾਂ ਇਹ ਗੀਤ ਆਉਂਦੇ ਹੀ ਨਹੀਂ । ਬੀਬੀਆਂ ਤੇ ਗਾਂ ਕੇ ਤੁਰ ਜਾਂਦੀਆ ਪਰ ਮੈਂ ਇਕ ਗਲ੍ਹ ਸੋਚਦਾ ਕਿ ਆਉਣ ਵਾਲੇ ਸਮੇਂ ‘ਚ ਇਸ ਵਿਰਾਸਤ ਕੋਣ ਸੰਭਾਲੇਗਾ। ਕੋਣ ਗਾਵੇਗਾ ਸੁਹਾਗ ਕੋਣ ਗਾਵੇਗਾ ਘੋੜੀਆ ? ਜਾਗੋ ਦਾ ਰਿਵਾਜ ਪ੍ਰਚਲਤ ਹੋਇਆ ਪਰ ਅੱਜਕੱਲ ਜਾਗੋ ‘ਚ ਗਾਏ ਜਾਣ ਵਾਲੇ ਗੀਤ ਘੱਟ ਤੇ ਮੰਡੀਰ ਦੀਆ ਚੀਕਾਂ ਜਿਆਦਾ ਸੁਣਾਈ ਦਿੰਦਿਆ ਨੇ । ਓਹ ਵੀ ਕੀ ਕਰਨ ਜਾਗੋ ਵਾਲਿਆ ਕੋਲ ਵੀ ਇਕ ਲਾਈਨ ‘ਗੁਆਢੀਓ ਜਾਗਦੇ ਕੇ ਸੁੱਤੇ’ ਇਸ ਤੋਂ ਵੱਧ ਕੋਈ ਲਾਈਨ ਹੀ ਆਂਉਦੀ ਵੀ ਕਿਸੇ ਨੂੰ ਨਹੀਂ ਹੁੰਦੀ।
ਤੁਸੀ ਵੀ ਹੈਰਾਨ ਹੋਵੋਗੇ ਕਿ ਕਿਥੋਂ ਪ੍ਰੋਫੈਸ਼ਨਲਿਜ਼ਮ ਤੋ ਤੁਰੀ ਗੱਲ੍ਹ ਸਾਈਕਲ ਤੇ ਚੜ ਕੇ ਭਾਂਡਿਆ ‘ਚ ਜਾ ਵੜੀ ਤੇ ਅਖੀਰ ਵਿਆਹ ਦੀਆਂ ਸਿੱਠਣੀਆਂ ਸੁਣਾਉਣ ਲੱਗੀ। ਮੁਕਦੀ ਗੱਲ ਇਥੇ ਇਹ ਏ ਕਿ ਅਸੀ ਵੱਡੇ ਵੱਡੇ ਮਸਲਿਆਂ ਤੇ ਬੜਾ ਗੰਭੀਰ ਰਵੱਇਆ ਅਪਣਾਉਂਦਿਆ ਹਾਂ ਤੇ ਹਰ ਵੇਲੇ ਉਨਾਂ ਵੱਲ ਸੁਚੇਤ ਰਹਿੰਦੇ ਆ ਤੇ ਦੂਜੇ ਪਾਸੇ ਕਈ ਛੋਟਿਆ ਛੋਟਿਆ ਗੱਲਾਂ ਨੂੰ ਸੰਭਾਲਣ ਨੂੰ ਸਮਾਜ ਤਰਜੀਹ ਨਹੀਂ ਦਿੰਦਾ। ਅਸੀ ਅਣਜਾਣੇ ‘ਚ ਆਪਣੀਆਂ ਜੜ੍ਹਾਂ ਵੱਢ ਰਹੇ ਹਾਂ। ਜੋ ਹੋਰ ਕੁਛ ਨਹੀਂ ਬੰਦੇ ਦੀ ਖੁਦਗਰਜ਼ੀ ਨੂੰ ਬਿਆਨ ਕਰਦੀ ਏ। ਆਓ ਲੱਭੀਏ ਉਨ੍ਹਾਂ ਸਾਰੀਆ ਨਿੱਕੀਆ ਨਿੱਕੀ ਖੁਸ਼ੀਆ ਨੂੰ ਜਿਨਾਂ ਦਾ ਆਨੰਦ ਸਾਡੀ ਜਿੰਦੜੀ ‘ਚ ਅੱਤ ਅਹਿਮ ਸੀ। ਅਸੀ ਅੱਗੇ ਵਧਣ ਦੇ ਚੱਕਰਾਂ ‘ਚ ਜੀਊਣਾ ਹੀ ਭੁੱਲ ਗਏ ਹਾਂ। ਜਰਾ ਸੋਚੀਏ…!

+91 9015602208

2 ਆਪਣੀ ਰਾਇ ਇਥੇ ਦਿਓ-:

ਲਫ਼ਜ਼ਾਂ ਦਾ ਸੇਵਾਦਾਰ March 3, 2010 at 4:04 AM  

ਕਿੱਥੇ ਬਾਈ? ਉਹ ਪਿੰਡ, ਕਿੱਥੇ ਟੈਰ ਤੇ ਕਿੱਥੇ ਭੋਲਾਪਣ...
ਆ! ਰੇਸ ਲਾਈਏ...ਅੱਗੇ ਵਧੀਏ...ਛੱਡ ਪਰਾਂ...
ਕੀ ਕਰਾਂ ਮੈਥੋਂ ਵੀ ਛੱਡ ਨਹੀਂ ਹੁੰਦਾ
ਆ ਰਲ਼ ਕੇ ਸਿੱਖੀਏ...ਦੁਨੀਆਦਾਰੀ...

جسوندر سنگھ JASWINDER SINGH March 30, 2010 at 8:43 AM  

ਚਰਨਜੀਤ ਜੀ , ਇਸ ਲੇਖ ਰਾਹੀਂ ਵੱਖਰੀ ਸੋਚ ਦੀ ਸ਼ੁਰੂਆਤ ਹੋਈ ਹੈ ਅਜਾਦੀ ਦੀ ਗੱਲ ਕਿੱਥੋਂ ਸ਼ੁਰੂ ਹੋਈ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਈ ਖੇਚਲ ਨਹੀਂ ਕਰਦਾ । ਜਾਤ ਪਾਤ ਤੋਂ ਉੱਪਰ ਉੱਠਣ ਦੀ ਇਨਕਲਾਬੀ ਤੇ ਤਰਕਸ਼ੀਲ ਸੋਚ "ਨ ਹਮ ਹਿੰਦੂ ਨ ਮੁਸਲਮਾਨ" ਗੁਰੂ ਨਾਨਕ ਦੇਵ ਜੀ ਜਾਂ "ਜੌ ਤੂ ਬ੍ਰਾਹਮਣ ਬ੍ਰਹਮਣੀ ਜਾਇਆ ।। ਤਉ ਆਨ ਬਾਟ ਕਾਹੇ ਨਹੀ ਆਇਆ ।। ਭਗਤ ਕਬੀਰ ਜੀ ਤੋਂ ਹੋਈ (ਭਾਵੇਂ ਕੇ ਅੱਜ ਆਮ ਸਿੱਖ ਵੀ ਇੱਕ ਖਤਸ ਹੱਦ ਕੇ ਆਕੇ ਰੁਕ ਗਏ ਹਨ )। ਰਾਜੇ ਸੀਂਹ ਮੁਕੱਦਮ ਕੁਤੇ ਕਹਿ ਕੇ ਲੋਕਾਂ ਨੂੰ ਇੱਕ ਵੱਖਰੇ ਰਾਹ ਤੇ ਲਾਮ੍ਹਬੰਦ ਕੀਤਾ ...ਗੱਲ ਬਹੁਤ ਲੰਬੀ ਚਲੀ ਜਾਵੇਗੀ ਪਰ ਮੁਕਦੀ ਗੱਲ ਇਹ ਕਿ ਅਸੀਂ ਆਪੋ ਆਪਣੇ "ਵਾਦ" ਦੀ ਐਨਕ ਨਾਲ਼ ਦੇਖ ਰਹੇ ਹਾਂ ਸਭ ਕੁਛ .

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP