Sunday, February 21, 2010

ਪੰਜਾਬੀ ਦਾ ਹਿੰਦੀਕਰਨ

ਚਰਨਜੀਤ ਸਿੰਘ ਤੇਜਾ
ਜਦੋਂ ਪੰਜਾਬੀ ਦੀਆਂ ਸਾਰੀਆਂ ਅਖ਼ਬਾਰਾਂ ਤੇ ਚੈਨਲ ਮਾਂ-ਬੋਲੀ ਦਿਹਾੜੇ ਨੂੰ ‘ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ’ ਕਹਿ ਰਹੀਆਂ ਤਾਂ ਮੈਨੂੰ ਇਹ ਰਾਗ ਛੇੜਨ ਲਈ ਮਜ਼ਬੂਰ ਹੋਣਾ ਪਿਐ। ਅਖਬਾਰਾਂ ਵਾਲੇ ਕੀ ਹੋਰ ਕੀ ਕੀ ਲਿਖਦੇ ਨੇ , ਤੁਸੀ ਜਾਣਦੇ ਉ ਪਰ ਧਿਆਨ ਦਿਵਾ ਰਿਹਾ ਹਾ । ਜਨਾਨੀ ਜਾਂ ਤੀਵੀਂ ਨੂੰ ਔਰਤ ਮਹਿਲਾ ਤੇ ਇਸਤਰੀ, ਬੰਦੇ ਨੂੰ ਵਿਅਕਤੀ, ਮੁੰਡੇ ਨੂੰ ਲੜਕਾ, ਪੁੱਤ ਨੂੰ ਬੇਟਾ ਤੇ ਪੁੱਤਰ, ਕੁੜੀ ਨੂੰ ਲੜਕੀ, ਧੀ ਨੂੰ ਬੇਟੀ ਤੇ ਪੁੱਤਰੀ, ਬੋਲੀ ਜਾਂ ਜ਼ੁਬਾਨ ਨੂੰ ਭਾਸ਼ਾ, ਸੂਬੇ ਨੂੰ ਪ੍ਰਦੇਸ਼ ਤੇ ਰਾਜ, ਵਾਕੇ ਨੂੰ ਘਟਨਾ ਤੇ ਇਸ ਤੋਂ ਵੀ ਅੱਗੇ ਜਾ ਕੇ ਘਟਨਾਕ੍ਰਮ, ਸਮੁੱਚੀ ਸਹਿਮਤੀ ਨੂੰ ਸਰਬ ਸੰਮਤੀ, ਹਾਲਤ ਨੂੰ ਸਥਿਤੀ, ਜਥੇਬੰਦੀ ਨੁੰ ਸੰਘ ਜਾਂ ਸੰਗਠਨ, ਸੰਸਾਰ ਤੇ ਆਲਮ ਨੂੰ ਵਿਸ਼ਵ, ਕਤਲ ਨੂੰ ਹੱਤਿਆ ਤੇ ਹੋਰ ਅੰਤਾਂ ਦੇ ਐਸੇ ਸ਼ਬਦ ਨੇ ਜੋ ਹਿੰਦੀਕਰਨ  ਦੀ ਨੀਤ ਨਾਲ ਪੰਜਾਬੀ ’ਚ ਵਾੜ ਦਿਤੇ ਗਏ । ਬੰਦਾ ਪੁਛੇ ਭਾਈ ਜਦੋਂ ਅਸੀ ਘਰਾਂ ’ਚ ਗੱਲ ਕਰਦੇ ਹਾਂ ਉਦੋਂ ਅਸੀ ਕੀ ਕਹਿੰਦੇ ਹਾਂ “ਫਲਾਣੇ ਥਾਂ ਝਗੜਾ ਹੋਇਆ 4 ਬੰਦੇ 2 ਜ਼ਨਾਨੀਆਂ ਮਰ ਗਈਆਂ” ਕਿ ਇਸ ਤਰਾਂ “ 4 ਵਿਅਕਤੀ ਤੇ 2 ਔਰਤਾਂ ਮਰ ਗਈਆਂ।” ਜਦੋਂ ਇਹ ਸਾਡੀ ਜ਼ੁਬਾਨ ਹੀ ਨਹੀਂ ਤਾਂ ਫਿਰ ਅਖਬਰਾਂ ਤੇ ਟੀਵੀ ਰਾਹੀ ਸਾਡੇ ਸਿਰ ਤੇ ਕਿਉਂ ਲੱਦੀ ਜਾ ਰਹੀ ਹੈ। ਇਸ ਦੇ ਪਿਛੇ ਇਨ੍ਹਾਂ ਦੀ ਦਲੀਲ ਸੁਣੋਂ ਅਖੇ ਜੀ ! ਇਹ ਕੇਂਦਰੀ ਪੰਜਾਬੀ ਹੈ।ਲਿਖਤ ’ਚ ਉਪ ਬੋਲੀ ਨਹੀਂ ਵਰਤਣੀ ਚਾਹੀਦੀ। ਢੱਠੇ ਖੂਹ ਪਏ ਕੇਂਦਰੀ ਪੰਜਾਬੀ ਜਿਸ ਰਵਾਨੀ ਹੀ ਨਹੀਂ । ਬੋਲੀ ਤਾਂ ਉਹੀ ਹੈ ਜੋ ਬੋਲ ਕੇ ਸ਼ਹਿਦ ਵਰਗਾ ਸੁਆਦ ਆਵੇ। ਸੰਸਕ੍ਰਿਤ ਤੇ ਉਰਦੂ ਦੇ ਭਾਰੇ ਭਾਰੇ ਲਫ਼ਜਾ ਨਾਲ ਸਾਡੀ ਜ਼ੁਬਾਨ ਦੀ ਜੱਖਣਾ ਪੁੱਟ ਕੇ ਕਹਿੰਦੇ ਇਹ ਕੇਂਦਰੀ ਪੰਜਾਬੀ ਹੈ। ਮਾਝੇ ਦੀ ਬੋਲੀ ਨੂੰ ਕਦੇ ਟਕਸਾਲੀ ਜਾਂ ‘ਕੇਂਦਰੀਭਾਸ਼ਾ’ ਮੰਨਿਆਂ ਜਾਂਦਾ ਸੀ । ਅਸੀਂ ਮਾਝੇ ਦੇ ਜੰਮੇ ਪਲੇ ਹਾਂ ਪਰ ਇਹ ਤਾਂ ਡੀ ਬੋਲੀ ਨਹੀਂ ਜੋ ਕਿਤਾਬਾਂ, ਅਖਬਾਰਾਂ ਤੇ ਚੈਨਲਾਂ ਵਾਲੇ ਕੇਂਦਰੀ ਪੰਜਾਬੀ ਦੇ ਨਾਂ ’ਤੇ ਬੋਲ ਰਹੇ ਹਨ। ਅਸਲ ’ਚ ਬੋਲੀ ਪੰਜਾਬ ਦੇ ਕਿਸੇ ਵੀ ਖ਼ਿੱਤੇ ਦੀ ਬੋਲੀ ਜਾਏ ਮਾਝੇ ਦੀ ਮਾਲਵੇ ਦੀ ਜਾਂ ਦੁਆਬੀ ਪੁਆਂਧੀ ਪਰ ਹੋਵੇ ਪੰਜਾਬੀ । ਮਿਸਾਲ ਲੈ ਲਉ ਅਸੀਂ ਕਿਤੇ ਹੋਈ ਵਾਰਦਾਤ ਨੂੰ ਮਾਲਵੇ ’ਚ ਵਾਕਾ ਕਹਿੰਦੇ ਹਾਂ ’ਤੇ ਲਹੌਰ ’ਚ ਵਕੂਆਂ ਕੁਝ ਵੀ ਲਿਖ ਬੋਲ ਲਿਆ ਜਾਵੇ ਪਰ ‘ਘਟਨਾ’ ਇਹ ਕਿਥੋਂ ਆਇਆ ? ਪੰਜਾਬੀ ਅਖਬਰਾਂ ’ਚ ਲਿਖੇ ਜਾਣ ਵਾਲੇ ਮਹਿਲਾ ਅਯੋਗ ਤੇ ਮਹਿਲਾ ਪੁਲਸ ਕਿਹੜੀ ਜ਼ੁਬਾਨ ਦੇ ਹਨ ਬੁਝੋਂ ਖਾਂ ! ਅਸੀਂ ਪੰਜਾਬੀ ਤਾਂ ਜਨਾਨਾ ਪੁਲਸ ਕਹਿੰਦੇ ਹਾਂ।
ਮੀਡੀਏ ਤੋਂ ਪਿਛੋਂ ਹੁਣ ਪੰਜਾਬੀ ਸਹਿਤ ਸੰਸਾਰ ਦੀ ਗੱਲ ਕਰ ਲਈਏ। ਸੰਸ੍ਰਿਕਤ ਦੇ ਬਹੁਤੇ ਹੇਜਲੇਿਨੇ ਕਿਤਾਬਾਂ ਦੀ ਥਾਂ ‘ਪੁਸਤਕਾਂ’ ਲਿਖ ਕੇ ਘੁੰਢ ਚੁਕਾਈ ਦੀ ਥਾਂ ਵਿਮੋਚਨ ਸ਼ੁਰੂ ਕਰ ਦਿਤਾ, ਲੋਕ ਪੜਨੋ ਹੀ ਹਟ ਗਏ। ਇਸ ਲੀਹ ਤੇ ਚੱਲੇ ਪੇਂਡੂ ਲਿਖਾਰੀ ਨੇ ਵੀ ਜ਼ੜ੍ਹਾਂ ਤੋਂ ਟੁੱਟ ਕੇ ਜੋ ਲਿਖਿਆ ਲੋਕਾਂ ਮੂੰਹ ਨਹੀਂ ਲਾਇਆ। ਅਸਲ ’ਚ ਅਸੀ ਮਾਂ ਨੂੰ ਮਾਸੀਆਂ ਦੇ ਮੰਗਵੇ ਕੱਪੜਿਆਂ ਪੁਆ ਕੇ ਸੁਹੱਪਣ ਦਾ ਭੁਲੇਖਾ ਪਾਲ਼ੀ ਬੈਠੇ ਹਾਂ। ਪਰ ਮੰਨੋਂ ਸਾਡੀ ਮਾਂ ਅਪਣੇ ਕੱਪੜਿਆਂ ’ਚ ਹੀ ਫੱਬਦੀ ਹੈ ਕਿਸੇ ਹੋਰ ਦੇ ਮੰਗਵਿਆਂ ’ਚ ਨਹੀਂ। ਕੇਂਦਰੀ ਪੰਜਾਬੀ ਦੀ ਗੱਲ ਇਸ ਲਿਹਾਜ ਤੋਂ ਤਾਂ ਠੀਕ ਸੀ ਕਿ ਉਪ ਖਿਤਿਆਂ ਦੀ ਬੋਲੀ ਦੇ ਅਣਜਾਣ ਲਫ਼ਜਾਂ ਨਾਲੋਂ ਪੰਜਾਬੀ ਦੇ ਬਹੁਤੇ ਹਿੱਸੇ ਸਮਝੇ ਜਾਣ ਵਾਲੇ ਬੋਲ ਲਿਖੇ ਜਾਣ ਪਰ ਇਨ੍ਹਾਂ ਤਾਂ ਕੇਂਦਰੀਕਰਨ ਦੇ ਨਾਂ ’ਤੇ ਹਿੰਦੀਕਰਨ ਸ਼ੁਰੂ ਕਰ ਦਿਤਾ।
ਇਸ ਲੇਖ ’ਚ ਮੈਂ ਪੰਜਾਬੀ ਨੂੰ ਖਤਮ ਕਰਨ ਵਾਲੀਆਂ ਸ਼ਾਜਸ਼ਾਂ ਬਾਰੇ ਕੁਝ ਨਹੀਂ ਲਿਖ ਰਿਹਾ ਏਥੇ ਗੱਲ ਸਿਰਫ਼ ਆਪਣਿਆਂ ਦੇ ਬੇਰੁਖ਼ੀ ਦੀ ਹੀ ਕਰਨੀ ਹੈ। ਪੰਜਾਬੀ ਨੂੰ ਸਿੱਖਾਂ ਦੀ ਬੋਲੀ ਕਹਿ ਕੇ ਪੰਜਾਬੀ ਦਾ ਬਹੁਤ ਨੁਕਸਾਨ ਕੀਤਾ ਗਿਆ ਪਰ ਜੋ ਨੁਕਸਾਨ ਪੰਜਾਬੀ ਦਾ ਸਿੱਖਾਂ ਨੇ ਕੀਤਾ ਇਸ ਦੀ ਕਦੀ ਕਿਸੇ ਨੇ ਬਾਤ ਹੀ ਨਹੀਂ ਪਾਈ।ਸਿੱਖਾਂ ਦੀ ਸਟੇਜਾਂ ’ਤੇ ਕਥਾਂ ਕਰਨ ਵਾਲੇ ਅਖੌਤੀ ‘ਗਿਆਨੀ’ ਅੱਜ ਵੀ ਗੰਦ ਪਾਉਂਦੇ ਦੇਖੇ ਜਾ ਸਕਦੇ ਹਨ। ਪੰਡਤ ਤਾਰਾ ਸਿੰਘ ਨਿਰੋਤਮ ਦੀ ਪਨੀਰੀ ਨੇ ਜਦੋਂ ਬ੍ਰਹਾਮਣੀ ਕਹਾਣੀਆਂ ਸਿੱਖਾਂ ਦੀਆਂ ਸਟੇਜਾਂ ’ਤੇ ਸੁਣਾ ਕੇ ਪੰਜਾਬੀ ਦੀ ਪੂਰੀ ਜੱਖਣਾਂ ਪੁੱਟੀ। ਉਹ ਭਾਂਵੇ ਸੰਤ ਸਿੰਘ ਮਸਕੀਨ ਹੋਵੇ ਕੋਈ ਗਰੀਬ ਜਾਂ ਰੰਗੀਲਾ, ਇਹ ਪੰਜਾਬੀ ਨੂੰ ਸੰਸਕ੍ਰਿਤ ਹਿੰਦੀ ਦੇ ਰੰਗ ’ਚ ਹੀ ਰੰਗਦੇ ਰਹੇ ਤੇ ਪੰਜਾਬੀ ਦੇ ਲਾਡਲੇ ਪੁੱਤ ਅਖਵਾਉਂਦੇ ਸਿੱਖ ਚੁਪ ਚਾਪ ਸੁਣਦੇ ਰਹੇ । ਮਹੰਤਾਂ ਦੀ ਪਾਈ ਲੀਹ ਸਿੱਖ ਅੱਜ ਵੀ ਨਹੀਂ ਤੋੜ ਸਕੇ ਅੱਜ ਵੀ ਬੂਝੜ ਗ੍ਰੰਥੀ, ਕਥਾਕਾਰ ਤੇ ਸਾਧ ਨੇਤ੍ਰ , ਸੰਸਕਾਰ, ਸਰਵਣ, ਵਿਖਿਆਨ, ਮਾਰਤੰਡ, ਰੂਪਮਾਨ ਤੇ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਸਸਕ੍ਰਿਤ ਹਿੰਦੀ ਉਰਦੂ ਤੇ ਫ਼ਾਰਸੀ ਤੋਂ ਲਿਆ ਕੇ ਪੰਜਾਬੀਆਂ ਦਾ ਸਿੱਖੀ ਦੇ ਨਾਂ ’ਤੇ ਰਾਸ਼ਟਰੀਕਰਨ ਕਰ ਰਹੇ ਹਨ। ਹੋਣ ਸੁਣੋਂ ਸਿਖੀ ’ਚ ਸਭ ਤੋਂ ਰੌਲੇ ਵਾਲੀ ਚੀਜ ਬਣੀ ਮਰਿਆਦਾ ਸ਼ਬਦ ਤੋਂ ਸਾਡੇ ਗੁਰੁ ਅਣਜਾਣ ਸਨ ਉਹ ਰਹਿਤ ਸ਼ਬਦ ਵਰਤਦੇ ਸਨ।
ਪੰਜਾਬੀ ਮੀਡੀਆ ਬਾਰੇ ਇਕ ਹੋਰ ਵੀ ਗੱਲ ਉਚੇਚੀ ਕਰਨ ਵਾਲੀ ਹੈ । ਪੰਜਾਬੀ ਕਾਲਮ ਨਵੀਸੀ , ਸਹਿਤ ਤੇ ਮੀਡੀਆ ’ਚ ਛਾਏ ਹੋਣ ਦਾ ਭੁਲੇਖਾ ਰੱਖਣ ਵਾਲੇ ਕਾਮਰੇਡ ਭਰਾ ਵੀ ਜ਼ੁਬਾਨ ਦੇ ਅਸਰ ਨੂੰ ਨਹੀਂ ਸਮਝ ਸਕੇ । ਕਈ ਕਿਤਾਬਾਂ ਪੜ ਕੇ ਵੀ ਮੇਰੇ ਲਈ ਅੱਜ ਤੱਕ ਬੁਰਜੂਆਂ ਪ੍ਰਲੋਤਰੀ, ਸੰਕੀਰਣ, ਸੰਦਰਭ ਤੇ ਹੋਰ ਸਂਕੜੇ ਸ਼ਬਦ ਬੁਝਾਰਤ ਬਣੇ ਹੋਏ ਹਨ। ਕਾਮਰੇਡਾਂ ਵਲੋਂ ਉਲੱਥਾਂ ਕੀਤੀ ਹੋਈ ਕਿਤਾਬ ਬਾਬੂ ਆਸਾ ਰਾਮ ਦੇ ‘ਪ੍ਰਵਚਨਾਂ’ ਵਰਗੀ ਹੁੰਦੀ ਹੈ । ਬੰਦਾ ਪੜ੍ਹ ਵੀ ਲੈਂਦਾ ਹੈ ਲੱਭਦਾ ਵੀ ਕੁਝ ਨਹੀਂ ।
ਹਾਲਤ ਇਹ ਹੋ ਗਈ ਕਿ ਸਰਕਾਰਾਂ ਦੇ ਤਰਲੇ ਕੱਡਣੇ ਪੈ ਰਹੇ ਹਨ ਤੇ ਸਰਕਾਰਾਂ ਵੀ ਦੁੱਧ ਮੀਗਣਾਂ ਪਾ ਕੇ ਹੀ ਦਿੰਦੀਆਂ ਹਨ । ਦਿੱਲੀ ਦੀ ਪੰਜਾਬੀ ਦਾ ਹਸ਼ਰ ਸ਼ਹਿਰ ’ਚ ਲੱਗੀਆਂ ਤਖਤੀਆਂ ਤੇ ਮੀਲ ਪੱਥਰ ਹੀ ਦੱਸ ਦਿੰਦੇ ਹਨ । ਇਹੋ ਹਾਲ ਪੰਜਾਬ ’ਚ ਹੈ ਅੰਮ੍ਰਿਤਸਰ ਦੀ ਲੂਣ ਮੰਡੀ ਨੂੰ ਸਰਕਾਰ ਤੇ ਸ਼ੰਟੀ ‘ਨਮਕ ਮੰਡੀ’ ਅਤੇ ਚਿੱਟੇ ਕਟੜੇ  ਨੂੰ  ‘ਸਫੈਦ ਕਟੜਾ’ ਲਿਖਦੇ ਹਨ । ਜਦੋਂ ਆਪਾਂ ਹੀ ਕਿਸੇ ਜੋਗੇ ਨਹੀਂ ਤਾਂ ਸਰਕਾਰਾਂ ਕੀ ਕਰਗੀਆਂ।
ਦਲੀਲਾਂ ਦਿੰਦਿਆਂ ਗੱਲ ਲੰਮੀ ਹੋ ਜਾਵੇਗੀ। ਮੁਕਦੀ ਗੱਲ ਪੰਜਾਬ ਰਹਿਣ ਵਾਲੇ ਲੋਕਾਂ ਨੂੰ ਅੰਗ੍ਰੇਜ਼ੀ ਤੋਂ ਕੋਈ ਖਤਰਾ ਨਹੀਂ ਇਸ ਬਾਰੇ ਬਾਹਰਲੇ ਦੇਸ਼ੀ ਵੱਸਦੇ ਪੰਜਾਬੀ ਸੋਚਣ । ਪੰਜਾਬ ਵਾਸੀ ਜੇ ਹੋ ਸਕੇ ਤਾਂ ਆਪਣੀਆਂ ਜੜੋਂ ਟੁਟੀਆਂ ਫੁਕਰੀਆਂ ਕੁੜੀਆਂ ਨੂੰ ਭੋਜਪੁਰੀ, ਹਿੰਦੀ ਦੇ ਹੜ੍ਹ ਤੋਂ ਬਚਾਉਣ। ਨਿਆਣਿਆਂ ਨੂੰ ਇਨ੍ਹਾਂ ਕੁ ਦਸ ਦੇਣ ਬਈ ਪੁੱਤ ਪੰਜਾਬੀ ਗਾਣੇ ਸੁਣ ਕੇ ਹੀ ਪੰਜਾਬੀ ਨਹੀਂ ਬਣ ਜਾਈਦਾ।ਉਨ੍ਹਾਂ ਨੂੰ ਬੋਲ ਚਾਲ ’ਤੇ ਕਿਰਦਾਰ ’ਚ ਪੰਜਾਬੀਅਤ ਦੇ ਸੁਆਦ ਦੀ ਚਾਟ ਲਾਈ ਜਾਵੇ। ਪੰਜਾਬ ਦੇ ਸ਼ਹਿਰਾਂ ’ਚ ਵੱਸਦੇ ਹਿੰਦੀ ਪ੍ਰੇਮੀਆਂ ਨੂੰ ਮੈਂ ਤਰਸ ਕਰਕੇ ਉਨ੍ਹਾਂ ਦੇ ਹਾਲ ’ਤੇ ਛੱਡ ਦੇਣਾਂ ਚਹੁੰਨਾਂ ਕਿਉਂ ਕਿ ਮੈਨੂੰ ਪਤੈ ਉਨ੍ਹਾਂ ਹੁਣ ਨਹੀਂ ਮੁੜਨਾਂ । ਵੈਸੇ ਮਜਬੂਰੀ ’ਚ ਹਿੰਦੀ ਬੋਲਣ ਵਾਲਿਆਂ ਲਈ ਜਾਣਕਾਰੀ ਹੈ ਕਿ ਪਿਛੇ ਜਿਹੇ ਭਾਰਤ ਦੀ ਇਕ ਹਾਈ ਕੋਰਟ ਨੇ ਇਹ ਵੀ ਸਾਫ਼ ਕਰ ਦਿਤਾ ਕਿ ਹਿੰਦੀ ਦੇਸ਼ ਦੀ ‘ਰਾਸ਼ਟਰੀ ਭਾਸ਼ਾ’ ਨਹੀਂ ਸਿਰਫ਼ ਦਫ਼ਤਰੀ ਜ਼ੁਬਾਨ ਹੈ। ਸੋ ਆਪਣੀ ਗੁਲਾਮ ਸੋਚ ਨੂੰ ਕੇਂਦਰੀਕਰਨ ਦੇ ਨਾਂ ਤੇ ਹਿੰਦੀਕਰਨ , ਸ਼ਹਿਰੀਕਰਨ ਤੇ ‘ਸ਼ੰਟੀਕਰਨ’ ਤੋਂ ਬਚਾਈਏ।

9478440512

9 ਆਪਣੀ ਰਾਇ ਇਥੇ ਦਿਓ-:

Kamal Kang ਕਮਲ ਕੰਗ February 21, 2010 at 2:43 PM  

bahut khari gall likhi hai bai,,, punjabi boli da naash maaran te tule hoye ne eh lok,,, alpha etc channel ethe sade canada 'ch chalda hai,,, us te punjabi'ch khabran parhan valeyan da ehi haal hai jo tusi likhea hai.... very good keep it up,,,, JEO JANAAB!!

Gurinderjit Singh (Guri@Khalsa.com) February 22, 2010 at 12:33 PM  

ਚਰਨਜੀਤ ਜੀ!
ਬਲਾਗ ਤੇ ਨਵੀਂ ਬਹਾਰ ਆਈ ਹੈ। ਬਹਤ ਬਹੁਤ ਮੁਬਾਰਕਾਂ।
ਪੰਜਾਬੀ ਬਾਰੇ ਲੇਖ ਬਹੁਤ ਸਲਾਹੁਣਯੋਗ ਹੈ। ਮੋਮਬੱਤੀਆਂ ਜਗਾਈ ਚਲੋ...।

charanjeet March 1, 2010 at 7:38 AM  
This comment has been removed by the author.
ਲਫ਼ਜ਼ਾਂ ਦਾ ਸੇਵਾਦਾਰ March 3, 2010 at 4:34 AM  

ਤੇਜੇ ਭਾਊ,
ਗੱਲਾਂ ਠੀਕ ਨੇ ਤੇਰੀਆਂ, ਪਰ ਉਪ-ਬੋਲੀਆਂ ਦੇ ਚੱਕਰ ਵਿਚ ਬੋਲੀ ਦੇ ਵਿਕਾਰਾਂ ਨੂੰ ਮਾਨਤਾ ਨਾ ਮਿਲੇ, ਇਸ ਗੱਲ ਦਾ ਜਰੂਰ ਖ਼ਿਆਲ ਰੱਖਣਾ ਪਵੇਗਾ। ਨਹੀਂ ਤਾਂ, ਜਿਹੜੇ ਸ਼ਬਦ ਵਿਗੜੇ ਰੂਪ ਵਿਚ ਵਰਤੇ ਜਾਂਦੇ ਹਨ, ਜੇ ਉਹ ਲਿਖਤ ਵਿਚ ਮਾਨਤਾ ਪ੍ਰਾਪਤ ਕਰ ਗਏ, ਤਾਂ ਪੰਜਾਬੀ ਦਾ ਸਰੂਪ ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਬੋਲੀ ਦੀ ਸੁੰਦਰਤਾ, ਲਫ਼ਜ਼ਾਂ ਦੇ ਸ਼ੁੱਧ ਉਚਾਰਣ ਅਤੇ ਲਿਖ਼ਤ ਨਾਲ ਹੀ ਬਣੇਗੀ। ਮੈਂ ਭਾਸ਼ਾ ਦੇ ਕੇਂਦਰੀਕਰਨ (ਤੇਰੇ ਮੁਤਾਬਿਕ ਸ਼ੰਟੀਕਰਨ) ਦਾ ਹਾਮੀ ਨਹੀਂ, ਪਰ 'ਸਹੀ ਪੰਜਾਬੀ' ਦੀ ਰਾਖੀ ਸਾਡਾ ਫਰਜ਼ ਹੈ, ਨਾ ਕਿ ਸਿਰਫ ਪੰਜਾਬੀ ਦੀ।

ਪੁਰਾਣੇ ਬੋਹ੍ੜ ਨਾਲ May 3, 2010 at 12:37 AM  

ਬੱਲੇ ਬਾਈ ਜੀ ਨਜਾਰਾ ਆ ਗਿਆ ਥੋਡੀ ਗੱਲ ਸੋਲਾਂ ਆਨੇ ਸੱਚ ਹੈ, ਭਰਿੰਡ ਨੂੰ ਚੰਡੀਗੜ ਵਾਲੀਆਂ ਯੈਂਕਣਾ ਕਹਿਣਗੀਆਂ ਯੈਲੋ ਵਾਲੀ ਮੱਖੀ ਹਾਹਾਹਾ
ਹੋਰ ਦੇਖੋ ਜਦੋਂ ਹੀਲਾ ਵਸੀਲਾ ਕਰਕੇ ਲੋਕ ਦੇਸ਼ ਛੱਡਣ ਚ ਸਫਲ ਹੋ ਜਾਂਦੇ ਆ ਉਹ ਪੰਜਾਬ ਤੇ ਪੰਜਾਬੀ ਨੂੰ ਬਹੁਤ ਪਿਆਰ ਕਰਨ ਲੱਗ ਜਾਂਦੇ ਆ
ਹਾਹਾਹਾ ਤਰਸ ਆਉਂਦਾ ਮੈਨੂੰ ਇਹੋ ਜੇ ਲੋਕਾਂ ਤੇ..ਕੋਈ ਚੱਕਰ ਨੀ ਆਪਾਂ ਕੰਮ ਚਾਲੂ ਰੱਖਣਾ..
ਰੱਬ ਰਾਖਾ
ਥੋਡਾ ਛੋਟਾ ਵੀਰ
ਨੈਣੇਵਾਲੀਆ

Manjinder Sekhon December 16, 2010 at 8:57 PM  

veer ji bara kujh pariya hun tak par iho jiha kade vee nahi,bahut vadiha

devinder pal January 12, 2011 at 11:46 PM  

ਬਹੁਤ ਵਧੀਆ........ਖਿੱਚੀ ਆ ਬਈ ਕੰਮ ਤੇਜਾ ਸਿੰਹਾਂ.......

sukhjindergenius November 7, 2012 at 3:28 PM  

Of course we need to safeguard our language and culture however, I don’t see anything wrong in evolution of language; after all we have example of English in front of us. How can you deny that English has become popular worldwide because it has adopted words from every language in the world over time?

In France the academie pontificates about the purity of French and in Italy a misspelt shop sign can result in arrest for public abuse of the language. I am sure no one like such hard rules telling you how to speak or write and look at those languages is that spoken anywhere else, no.

The vital principle is that there are no rules of correct usage. The basis for choice is aesthetic, not technical; and since language rests on conversation, there is no authority on spoken language.

Does this mean we cannot do anything? No there is still a chance. We can control the written form of language. That is what we have been doing so long, need of the time is to reinforce the standards of written language. Rest will fall to its place itself.

Reference: Cambridge journals

Anonymous,  October 27, 2014 at 5:49 AM  

"ਨਿਆਣਿਆਂ ਨੂੰ ਇਨ੍ਹਾਂ ਕੁ ਦਸ ਦੇਣ ਬਈ ਪੁੱਤ ਪੰਜਾਬੀ ਗਾਣੇ ਸੁਣ ਕੇ ਹੀ ਪੰਜਾਬੀ ਨਹੀਂ ਬਣ ਜਾਈਦਾ। ਉਨ੍ਹਾਂ ਨੂੰ ਬੋਲ ਚਾਲ ’ਤੇ ਕਿਰਦਾਰ ’ਚ ਪੰਜਾਬੀਅਤ ਦੇ ਸੁਆਦ ਦੀ ਚਾਟ ਲਾਈ ਜਾਵੇ।"
ਬਹੁਤ ਹੀ ਕੀਮਤੀ ਸੁਝਾ ਹੈ ਜੀ

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP